ਚੰਡੀਗੜ੍ਹ | ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਬੈਂਸ ਦਾ ਵਿਆਹ ਪੰਜਾਬ ਕੇਡਰ ਦੀ ਆਈਪੀਐਸ ਅਧਿਕਾਰੀ ਡਾਕਟਰ ਜੋਤੀ ਯਾਦਵ ਨਾਲ ਹੋਵੇਗਾ। ਦੋਵੇਂ ਇਸ ਮਹੀਨੇ ਦੀ 25 ਮਾਰਚ ਨੂੰ ਨੰਗਲ ਦੇ ਗੁਰਦੁਆਰਾ ਸਾਹਿਬ ‘ਚ ਵਿਆਹ ਕਰਨਗੇ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ‘ਆਪ’ ਦੇ ਕਈ ਵੱਡੇ ਆਗੂ ਬੈਂਸ ਦੇ ਵਿਆਹ ‘ਚ ਸ਼ਾਮਲ ਹੋਣਗੇ।
ਹਰਜੋਤ ਬੈਂਸ ਦੀ ਦੁਲਹਨ ਬਣਨ ਜਾ ਰਹੀ ਡਾ. ਜੋਤੀ ਯਾਦਵ ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ 2019 ਬੈਚ ਦੀ ਅਧਿਕਾਰੀ ਹੈ। ਉਸ ਦਾ ਪਰਿਵਾਰ ਗੁਰੂਗ੍ਰਾਮ ‘ਚ ਰਹਿੰਦਾ ਹੈ। ਜੋਤੀ ਯਾਦਵ, ਜੋ ਕਿ ਲੁਧਿਆਣਾ ‘ਚ ਏਸੀਪੀ ਸਨ, ਇਸ ਸਮੇਂ ਮਾਨਸਾ ‘ਚ ਐਸਪੀ ਹੈੱਡਕੁਆਰਟਰ ਵਜੋਂ ਤਾਇਨਾਤ ਹਨ। ਹਰਜੋਤ ਸਿੰਘ ਬੈਂਸ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ। ਉਹ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ‘ਚ ਸਿੱਖਿਆ ਵਿਭਾਗ ਨੂੰ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਉਹ ਜੇਲ੍ਹ ਮੰਤਰੀ ਵੀ ਰਹਿ ਚੁੱਕੇ ਹਨ।
31 ਸਾਲਾ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ। ਉਹ ‘ਆਪ’ ਦੀ ਪੰਜਾਬ ਇਕਾਈ ਦੇ ਸਾਬਕਾ ਮੁੱਖ ਬੁਲਾਰੇ ਵੀ ਰਹਿ ਚੁੱਕੇ ਹਨ। ਬੈਂਸ ਨੇ ਪਿਛਲੇ ਸਾਲ ਹੋਈਆਂ ਚੋਣਾਂ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ 45,780 ਵੋਟਾਂ ਨਾਲ ਹਰਾਇਆ ਸੀ।
ਪੇਸ਼ੇ ਤੋਂ ਵਕੀਲ ਬੈਂਸ ਨੇ ਬੀ.ਏ. ਐਲਐਲਬੀ (ਆਨਰਜ਼) ਕੀਤੀ। 2017 ‘ਚ ਬੈਂਸ ਨੇ ਲੁਧਿਆਣਾ ਜ਼ਿਲ੍ਹੇ ਦੀ ਸਾਹਨੇਵਾਲ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਉਦੋਂ ਹਾਰ ਗਏ ਸਨ। 2022 ਦੀਆਂ ਚੋਣਾਂ ‘ਚ ‘ਆਪ’ ਨੇ ਉਨ੍ਹਾਂ ਨੂੰ ਰੋਪੜ ਜ਼ਿਲੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਸੀ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਆਹ ‘ਚ ਕਈ ਸਿਆਸੀ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੂਰੇ ਪਰਿਵਾਰ ਨਾਲ ਪਹੁੰਚਣ ਦੀ ਉਮੀਦ ਹੈ। ਬੈਂਸ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਰੀਬੀ ਰਹੇ ਹਨ। ਸਿਸੋਦੀਆ ਖੁਦ ਇਸ ਸਮੇਂ ਜੇਲ੍ਹ ‘ਚ ਹਨ ਪਰ ਉਨ੍ਹਾਂ ਦਾ ਪਰਿਵਾਰ ਬੈਂਸ ਦੇ ਵਿਆਹ ‘ਚ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਦਿੱਲੀ ਅਤੇ ਪੰਜਾਬ ਦੇ ਕਈ ਹੋਰ ਮੰਤਰੀ ਵੀ ਉਨ੍ਹਾਂ ਦੇ ਵਿਆਹ ‘ਚ ਪਹੁੰਚਣਗੇ। ਇਸ ਸਬੰਧੀ ਜ਼ਿਲਾ ਰੋਪੜ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਕਈ ਵਿਧਾਇਕਾਂ ਨੇ ਇੱਕ ਸਾਲ ‘ਚ ਹੀ ਵਿਆਹ ਕਰਵਾ ਲਿਆ। ਵਿਆਹ ਕਰਵਾਉਣ ਵਾਲੇ ‘ਆਪ’ ਵਿਧਾਇਕਾਂ ਦੀ ਸੂਚੀ ‘ਚ ਭਗਵੰਤ ਮਾਨ ਤੋਂ ਇਲਾਵਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਾਰਜ ਅਤੇ ਫਿਰੋਜ਼ਪੁਰ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ ਦੇ ਨਾਂ ਸ਼ਾਮਲ ਹਨ। ਹੁਣ ਇਸ ਸੂਚੀ ‘ਚ ਹਰਜੋਤ ਬੈਂਸ ਦਾ ਨਾਂ ਵੀ ਜੁੜਣ ਜਾ ਰਿਹਾ ਹੈ।