ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵੇਲੇ ਸਿਜਦਾ ਕਰਦਿਆਂ!

0
832

ਗੁਰੂ ਨਾਨਕ ਦੇਵ ਜੀ ਨੂੰ ਜੇਕਰ ਸਿਰਫ ਇੱਕ ਨੁਕਤੇ ਰਾਹੀਂ ਸਮਝਣਾ ਹੋਵੇ ਤਾਂ ਉਹ ਹੈ ਉਹਨਾਂ ਦਾ ‘ਹੁਕਮਿ’ ਨੂੰ ਵਿਸਤਾਰਨਾ/ਨਿਸਤਾਰਨਾ। ‘ਹੁਕਮਿ’ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਵਸੀਹ ਅਰਥ ਗ੍ਰਹਿਣ ਕਰਦਾ ਹੈ। ਉਹ ਇੱਕ ਹੁਕਮਿ ਨੂੰ ਰੱਦ ਕਰ ਰਹੇ ਨੇ, ਦੂਸਰੇ ਹੁਕਮਿ ਨੂੰ ਸਥਾਪਿਤ ਕਰ ਰਹੇ ਨੇ। ਪਹਿਲਾ ਜੋ ਹੁਕਮਿ ਹੈ, ਉਹ ਧਾਰਮਿਕ ਸੱਤਾ ਦੀ ਧੌਂਸ ਹੈ/ ਆਰਥਿਕ ਸੱਤਾ ਦੀ ਧੌਂਸ ਹੈ/ ਸੱਭਿਆਚਾਰਕ ਸੱਤਾ ਦੀ ਧੌਂਸ ਹੈ/ਵਿਚਾਰਕ ਸੱਤਾ ਦੀ ਧੌਂਸ ਹੈ/ਰਾਜਨੀਤਿਕ ਸੱਤਾ ਦੀ ਧੌਂਸ ਹੈ। ਇਸੇ ਸੱਤਾ ‘ਚੋਂ ਫਿਰ ਜਦੋਂ ਹੈਜੇਮੌਨਿਕ ਆਈਡੀਆਲੋਜੀ ਦਾ ਮੋਨੋਲਾਗ ਉੱਸਰਨਾ ਹੈ, ਤਾਂ ਸਮਾਜ ‘ਚ ਹਰਾਰਕੀ ਪੈਦਾ ਹੋਣੀ ਹੈ। ਸ਼੍ਰੇਣੀਆਂ ਉਪਜਣੀਆਂ ਹਨ। ਜਾਤਾਂ ਪਨਪਣੀਆਂ ਹਨ। ਬੰਦੇ ਦੀ ਬੰਦਿਆਈ ਸੱਤਾ ਦੇ ਦਾਬੇ ਹੇਠ ਮਾਰੀ ਜਾਣੀ ਹੈ। ਅਸਮਾਨਤਾ ਪੈਦਾ ਹੋਣੀ ਹੈ। ਦਮਨ ਪੈਦਾ ਹੋਣਾ ਹੈ। ਸਮਾਜਿਕ ਅਸੰਤੁਲਨ ਵਧਣਾ ਹੈ। ਊਚ-ਨੀਚ। ਫਿਰ ਗੁਰੂ ਨਾਨਕ ਦੇਵ ਜੀ ਨੇ ਰੱਦਣ ਦੇ ਨਾਲ ਹੀ ਬਦਲ ਦੇ ਦੇਣਾ ਹੈ। ਬਦਲ ਵੀ ‘ਹੁਕਮਿ’ ਹੀ ਹੈ। ਪਰ ਹੁਣ ਹੁਕਮਿ ਜੋ ਹੈ, ਉਹ ਕੁਦਰਤ ਦਾ/ਕਾਦਰ ਦਾ ਹੈ। ਇਸ ਹੁਕਮਿ ‘ਚ ਉਹ ਸਾਰੀ ਹਰਾਰਕੀ ਖਤਮ ਹੋਣੀ ਹੈ। ਪੂਰਾ ਬ੍ਰਹਿਮੰਡ ਉਸ ਹੁਕਮਿ ‘ਚ ਬੱਝਾ ਹੋਇਆ ਹੈ। ਇਸ ਹੁਕਮਿ ਦੀ ਪਛਾਣ ਹੀ ਮੁਕਤੀ ਹੈ। ਇਸ ਹੁਕਮਿ ਅੰਦਰ ਬੱਝ ਗਏ, ਤਾਂ ਹੀ ਛੁਟਕਾਰਾ ਹੈ। ਫਿਰ ਹਊਮੈ ਕਹੈ ਨ ਕੋਇ। ਸ਼੍ਰੇਣੀਆਂ ਫਿਰ ਨਹੀਂ ਰਹਿਣੀਆਂ/ਜਾਤਾਂ ਫਿਰ ਨਹੀਂ ਰਹਿਣੀਆਂ। ਜੇਕਰ ਸੂਰਜ,ਚੰਦ,ਇੰਦ, ਸਮੁੰਦ ਹੁਕਮਿ ‘ਚ ਨੇ, ਬ੍ਰਹਿਮੰਡ ਹੁਕਮਿ ‘ਚ ਹੈ, ਫਿਰ ਬੰਦਾ ਕੀ ਹੈ? ਇਹਨੇ ਉਸੇ ਹੁਕਮਿ ਨੂੰ ਪਛਾਨਣਾ ਹੈ। ਇਸੇ ‘ਚ ਮੁਕਤਿ ਹੈ। ਇਸੇ ਕਰਕੇ ਬਾਬੇ ਦੀ ਬਾਣੀ ਕ੍ਰਾਂਤੀ ਹੈ।ਪਰ ਇਹ ਸਾਰੀ ਕ੍ਰਾਂਤੀ ਆਈਸੋਲੇਸ਼ਨ ‘ਚ ਨਹੀਂ ਵਾਪਰ ਰਹੀ। ਇਸਦੀ ਇੱਕ ਪਰੰਪਰਾ ਹੈ। ਉਸ ਪਰੰਪਰਾ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਉਸ ਪਰੰਪਰਾ ‘ਚੋਂ ਸਿਰਫ ਸਤਿਗੁਰ ਨਾਮਦੇਵ ਜੀ ਦੀ ਬਾਣੀ ‘ਚੋਂ ਇੱਕ ਨੁਕਤਾ ਦੇਖਦੇ ਹਾਂ : ‘ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਅ ਬਹੇਰੀ, ਲੰਕ ਭਭੀਖਣ ਆਪਿਓ ਹੋ’ ਜਿਸ ਹੁਕਮਿ ਦੀ, ਜਿਸ ਡਸਿਪਲਿਨ ਦੀ ਗੱਲ ਗੁਰੂ ਨਾਨਕ ਕਰ ਰਹੇ ਨੇ, ਉਸੇ ਹੁਕਮਿ ਨੂੰ ਸਤਿਗੁਰ ਨਾਮਦੇਵ ਵਿਚਾਰ ਰਹੇ ਨੇ। ਉਸੇ ਹੁਕਮਿ ਨੇ ਹੀ ਨਿਸਤਾਰਾ ਕਰਨਾ ਹੈ। ਮਰੇ ਤੇ ਮੁਕਤ ਨਹੀਂ ਚਾਹੀਦੀ ਨਾਮਦੇਵ ਨੂੰ। ਗੁਰੂ ਨਾਨਕ ਨੂੰ ਵੀ ਨਹੀਂ ਚਾਹੀਦੀ। ਜੇਕਰ ਅਸੀਂ ਸਿਰਫ ਇੱਕੋ ਨੁਕਤਾ ਹੀ ਵਿਚਾਰ ਲਈਏ, ਤਾਂ ਸ਼ਾਇਦ ਛੁਟਕਾਰਾ ਹੋ ਸਕੇ।