ਸਖ਼ਤੀ ਦੇ ਬਾਵਜੂਦ ਮੁੱਖ ਮੰਤਰੀ ਦੇ ਸ਼ਹਿਰ ਧੜਾਧੜ ਵਿਕਦੀ ਹੈ ਸ਼ਰਾਬ

0
2830

ਪਟਿਆਲਾ . ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਭਾਵੇਂ ਦੋ ਦਿਨ ਦਾ ਲੌਕਡਾਊਨ ਕਰ ਦਿੱਤਾ ਗਿਆ ਹੈ ਪਰ ਸ਼ਰਾਬ ਦੇ ਠੇਕੇਦਾਰ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੇ।  ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਸਮਾਂ ਸਾਢੇ 6 ਵਜੇ ਤੈਅ ਕੀਤਾ ਹੋਇਆ ਹੈ ਪਰ ਜਿਆਦਾਤਰ ਠੇਕੇ ਰਾਤ 9 ਵਜੇ ਤੱਕ ਵੀ ਖੁੱਲੇ ਰਹਿੰਦੇ ਹਨ।

ਬਹੁਤੇ ਠੇਕਿਆਂ ਦੇ ਸ਼ਟਰ ਬੰਦ ਕਰਕੇ ਇਸ ਵਿਚ ਰੱਖੀ ਚੋਰ ਮੋਰੀ ਰਾਹੀਂ ਬੋਤਲਾਂ ਵੇਚੀਆਂ ਜਾਂਦੀਆਂ ਹਨ ਜਦੋਂਕਿ ਕਈਆਂ ਵਲੋਂ ਅੱਧਾਂ ਸ਼ਟਰ ਖੋਲ ਕੇ ਸ਼ਰਾਬ ਵੇਚੀ ਜਾ ਰਹੀ ਹੈ। ਅਰਬਨ ਅਸਟੇਟ ਫੇਜ਼ ਦੋ ਵਿਖੇ ਪੈਟਰੋਲ ਪੰਪ ਦੇ ਨੇੜੇ ਰਾਤ ਸ਼ਰਾਬ ਦਾ ਠੇਕਾ 9 ਵਜੇ ਤੱਕ ਖੁੱਲਿਆ ਰਿਹਾ। ਸ਼ਟਰ ਖੋਲ੍ਹ ਕੇ ਲੋਕਾਂ ਨੂੰ ਸ਼ਰਾਬ ਵੇਚੀ ਗਈ ਤੇ ਕਈ ਲੋਕ ਖੁੱਲੇ ਵਿਚ ਹੀ ਸ਼ਰਾਬ ਵੀ ਪੀਂਦੇ ਦੇਖੇ ਗਏ।

ਇਸੇ ਤਰ੍ਹਾਂ ਹੀ ਇਕਬਾਲ ਇਨ ਦੇ ਸਾਹਮਣੇ ਸ਼ਰਾਬ ਦੇ ਠੇਕਾ ਰਾਤ 8 ਵਜੇ ਵੀ ਖੁੱਲਿਆ ਰਿਹਾ। ਠੇਕੇ ਦਾ ਸ਼ਟਰ ਅੱਧਾ ਬੰਦ ਕਰਕੇ ਠੇਕੇ ਦੇ ਸਟੋਰ ਨੂੰ ਜਾਂਦੀ ਰਸਤੇ ਤੋਂ ਲੋਕਾਂ ਨੂੰ ਸ਼ਰਾਬ ਵੇਚੀ ਗਈ। ਇਹ ਠੇਕਾ ਮੁਕੰਮਲ ਕਰਫਿਊ ਦੌਰਾਨ ਵੀ ਖੁੱਲਦਾ ਰਿਹਾ ਹੈ ਪਰ ਨਾ ਪੁਲਿਸ ਤੇ ਨਾ ਹੀ ਜਿਲ੍ਹਾ ਪ੍ਰਸਾਸ਼ਨ ਦੀ ਨਜ਼ਰ ਇਸ ‘ਤੇ ਪਈ ਹੈ। ਸ਼ਹਿਰ ਦੇ 22 ਨੰਬਰ ਫਾਟਕ ਸਿਟੀ ਸੈਂਟਰ ਕੋਲ ਸ਼ਰਾਬ ਦੇ ਠੇਕੇ ਸ਼ਟਰ ਭਾਵੇਂ ਬੰਦ ਸੀ ਪਰ ਸ਼ਟਰ ਦੀ ਮੋਰੀ ‘ਚੋਂ ਸ਼ਰਾਬ ਦੀ ਵਿਕਰੀ ਜਾਰੀ ਰਹੀ ਹੈ।