CM ਮਾਨ ਦਾ ਸ਼ਹਿਰੀ ਵਿਕਾਸ ਨੂੰ ਲੈ ਕੇ ਮਾਡਲ ਤਿਆਰ, ਫਰਵਰੀ ਮਹੀਨੇ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਦਾ ਕਰਨਗੇ ਦੌਰਾ

0
390

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਵਿਕਾਸ ਨੂੰ ਲੈ ਕੇ ਹੁਣ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਸ਼ਹਿਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੁੱਖ ਮੰਤਰੀ ਸ਼ਹਿਰਾਂ ਦੇ ਵਿਕਾਸ ਮਾਡਲ ਦੀ ਚਰਚਾ ਵੱਡੇ ਮਹਾਨਗਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ’ਚ ਜਾ ਕੇ ਖ਼ੁਦ ਕਰਨਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਤੋਂ ਹਰ ਹਫ਼ਤੇ ਸ਼ਹਿਰਾਂ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਉਹ ਹਫ਼ਤੇ ’ਚ ਘੱਟੋ-ਘੱਟ 2 ਦਿਨ ਸ਼ਹਿਰਾਂ ਦਾ ਦੌਰਾ ਕਰਨਗੇ। ਇਸ ਨਾਲ ਜਿੱਥੇ ਉਹ ਸ਼ਹਿਰੀ ਲੋਕਾਂ ਦੇ ਅੰਦਰ ਆਪਣੀ ਸਰਕਾਰ ਦਾ ਸ਼ਹਿਰਾਂ ਦੇ ਪ੍ਰਤੀ ਨਜ਼ਰ ਦਾ ਪ੍ਰਗਟਾਵਾ ਕਰਨਗੇ, ਉੱਥੇ ਹੀ ਉਨ੍ਹਾਂ ਨੂੰ ਸ਼ਹਿਰੀ ਲੋਕਾਂ ਦੇ ਨੇੜੇ ਜਾਣ ਦਾ ਮੌਕਾ ਮਿਲੇਗਾ।

ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਆਗੂਆਂ ਨੇ ਦੱਸਿਆ ਕਿ ਫਿਲਹਾਲ ਮੁੱਖ ਮੰਤਰੀ ਅਗਲੇ ਇਕ ਹਫ਼ਤਾ ਕਾਫ਼ੀ ਰੁੱਝੇ ਰਹਿਣ ਵਾਲੇ ਹਨ। ਉਹ ਮਹਾਰਾਸ਼ਟਰ ਅਤੇ ਓਡਿਸ਼ਾ ਦੇ ਦੌਰੇ ’ਤੇ ਜਾਣਗੇ ਅਤੇ ਨਾਲ ਹੀ ਗਣਤੰਤਰ ਦਿਵਸ ਸਮਾਰੋਹ ’ਚ ਵੀ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਉਣਾ ਹੈ।

ਫਰਵਰੀ ਦੇ ਸ਼ੁਰੂ ਤੋਂ ਹੀ ਮੁੱਖ ਮੰਤਰੀ ਦੀ ਸ਼ਹਿਰਾਂ ਪ੍ਰਤੀ ਨਜ਼ਰਸਾਨੀ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਨੂੰ ਇਨ੍ਹਾਂ ਦੌਰਿਆਂ ਤੋਂ ਅਧਿਕਾਰੀਆਂ ਦੇ ਕੰਮਕਾਜ ਬਾਰੇ ਪਤਾ ਲੱਗੇਗਾ। ਪੰਜਾਬ ਸਰਕਾਰ ਨੇ ਆਉਣ ਵਾਲੇ ਕੁਝ ਮਹੀਨਿਆਂ ’ਚ ਨਿਗਮ ਚੋਣਾਂ ਵੀ ਕਰਵਾਉਣੀਆਂ ਹਨ। ਇਸ ਲਈ ਇਸ ਤੋਂ ਪਹਿਲਾਂ ਮੁੱਖ ਮੰਤਰੀ ਸ਼ਹਿਰਾਂ ’ਚ ਆਪਣੀ ਪਾਰਟੀ ਨੂੰ ਪੂਰੀ ਤਰ੍ਹਾਂ ਮਜ਼ਬੂਤ ​​ਕਰਨਾ ਚਾਹੁੰਦੇ ਹਨ। ਸ਼ਾਇਦ ਫਰਵਰੀ ਅਤੇ ਮਾਰਚ ਦੇ ਮਹੀਨਿਆਂ ’ਚ ਮੁੱਖ ਮੰਤਰੀ ਤਿੰਨੋਂ ਵੱਡੇ ਮਹਾਨਗਰਾਂ ’ਚ ਸਰਗਰਮ ਰਹਿਣਗੇ।