CM ਮਾਨ ਦੀ ਚਿਤਾਵਨੀ – ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਵਿਦਿਅਕ ਸੰਸਥਾਵਾਂ ‘ਤੇ ਹੋਵੇਗੀ ਸਖਤ ਕਾਰਵਾਈ

0
1488

ਪਟਿਆਲਾ | CM ਮਾਨ ਨੇ ਅੱਜ ਕਿਹਾ ਕਿ ਜਿਹੜੀਆਂ ਵਿਦਿਅਕ ਸੰਸਥਾਵਾਂ ਆਪਣੇ ਕੈਂਪਸ ਵਿਚ ਪੰਜਾਬੀ ਭਾਸ਼ਾ ਬੋਲਣ ਉਤੇ ਪਾਬੰਦੀ ਲਾਉਣਗੀਆਂ, ਉਨ੍ਹਾਂ ਵਿਰੁੱਧ ਸੂਬਾ ਸਰਕਾਰ ਸਖਤ ਕਾਰਵਾਈ ਕਰੇਗੀ।

ਪੰਜਾਬੀ ਯੂਨੀਵਰਸਿਟੀ ਵਿਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸਿੱਖਿਆ ਸੰਸਥਾਵਾਂ ਆਪਣੇ ਕੈਂਪਸਾਂ ਵਿਚ ਪੰਜਾਬੀ ਬੋਲਣ ਉਤੇ ਜੁਰਮਾਨੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਰਹਿੰਦੇ ਸਾਰੇ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ। ਭਗਵੰਤ ਮਾਨ ਨੇ ਅਜਿਹੀਆਂ ਸਿੱਖਿਆ ਸੰਸਥਾਵਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਅਜਿਹੇ ਜੁਰਮਾਨੇ ਲਾਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਜਾਵੇਗਾ।

ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਸੂਬਾ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹਰੇਕ ਵਿਅਕਤੀ ਦੀ ਸਫ਼ਲਤਾ ਲਈ ਕੁੰਜੀ ਦਾ ਕੰਮ ਕਰਦੀ ਹੈ ਅਤੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।