ਮੁੱਖ ਮੰਤਰੀ ਭਗਵੰਤ ਮਾਨ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਨੂੰ ਮਿਲਣ ਪਹੁੰਚੇ, ਕੀਤੀ ਵਿਸ਼ਾਲ ਰੈਲੀ

0
893

ਬਟਾਲਾ, 3 ਨਵੰਬਰ | ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਕਲਾਨੌਰ ‘ਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜੇ ਤਾਂ 75 ਸਾਲ ਪੁਰਾਣੀ ਗੰਢਾਂ ਖੋਲ੍ਹ ਰਹੇ ਹਾਂ ਜਿਸ ‘ਚ ਸਭ ਤੋਂ ਪਹਿਲਾਂ ਵਿਧਾਇਕਾਂ ਦੀ ਪੈਨਸ਼ਨ ਵਾਲੀ ਗੰਢ ਖੋਲ੍ਹੀ ਹੈ। ਉਨ੍ਹਾਂ ਕਿਹਾ ਕਈ ਵਿਧਾਇਕ 4,5 ਵਾਰ ਜਿੱਤੇ ਦੀਆਂ ਪੈਨਸ਼ਨਾਂ ਲੈ ਰਹੇ ਸਨ, ਜਿਸ ਨੂੰ ਬੰਦ ਕਰ ਕੇ ਇਕ ਪੈਨਸ਼ਨ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਿਧਾਇਕਾਂ ਨੂੰ ਤਾਂ ਹਾਰਨ ‘ਚ ਹੀ ਫਾਇਦਾ ਸੀ ਕਿਉਂਕਿ ਉਨ੍ਹਾਂ ਨੂੰ ਹਾਰ ਕੇ ਵੀ ਪੈਨਸ਼ਨ ਮਿਲਦੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਰ ਦੌਰਾਨ ਦਿੱਤੀਆਂ ਗਰੰਟੀਆਂ ਬਾਰੇ ਦੱਸਦਿਆਂ ਕਿਹਾ ਕਿ ਕਈ ਗਰੰਟੀਆਂ ਤਾਂ ਦਿੱਤੀਆਂ ਵੀ ਨਹੀਂ ਉਹ ਵੀ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਵਾਲੀ ਗਰੰਟੀ ਵੀ ਪੂਰੀ ਕੀਤੀ ਹੈ ਅਤੇ ਅੱਜ ਪੂਰੇ ਪੰਜਾਬ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 45 ਹਜ਼ਾਰ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਦੇ 16 ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਤੁਸੀਂ ਆਪਣੀਆਂ ਮੁਸ਼ਕਿਲਾਂ ਆਉਣ ਵਾਲੇ ਵਿਧਾਇਕ ਗੁਰਦੀਪ ਰੰਧਾਵਾ ਨੂੰ ਦੱਸੋ, ਉਸ ਅਰਜ਼ੀ ਦੇ ਸਾਈਨ ਮੇਰੇ ਹੋਣਗੇ ਤਾਂ ਤੁਹਾਡੀਆਂ ਮੁਸ਼ਕਿਲਾਂ ਵੀ ਹੱਲ ਜ਼ਰੂਰ ਹੋਣਗੀਆਂ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਕਈ ਲੋਕ ਤਾਂ ਕਹਿੰਦੇ ਸੀ ਸਾਡੇ ਬਿਨਾਂ ਪੱਤਾ ਤੱਕ ਨਹੀਂ ਹਿਲਦਾ ਅਤੇ ਅੱਜ ਉਹ ਆਪ ਹੀ ਚੋਣਾਂ ‘ਚ ਖੜ੍ਹੇ ਨਹੀਂ ਹੋਏ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਕਿਹਾ ਕਿ ਰੰਧਾਵੇ ਦੀਆਂ ਵੀ ਬਹੁਤ ਫਾਈਲਾਂ ਪਾਈਆਂ ਹਨ। ਉਨ੍ਹਾਂ ਕਿਹਾ ਇਸ ਲਈ ਈਮਾਨਦਾਰੀ ਨਾਲ ਕੰਮ ਕਰੋ। ਜੇ ਤੁਹਾਡੇ ਨਾਲ ਜਾਣਗੇ ਤਾਂ ਕਰਮ ਹੀ ਜਾਣ ਕੇ ਅੱਜ-ਕੱਲ੍ਹ ਤਾਂ ਸਿਵਿਆਂ ‘ਚ ਜਾਣ ਲਈ ਵੀ ਬੰਦੇ ਵੀ ਨਹੀਂ।