ਚੰਡੀਗੜ੍ਹ ਦੇ ਸੈਕਟਰ 18 ਸਥਿਤ ਗਰਲਜ਼ ਸਕੂਲ ਦੀ ਪ੍ਰਿੰਸੀਪਲ ਰਾਜ ਬਾਲਾ ‘ਤੇ ਅਨੁਸੂਚਿਤ ਜਾਤੀ (ਐਸਸੀ) ਭਾਈਚਾਰੇ ਦੀ ਇੱਕ ਮਹਿਲਾ ਅਧਿਆਪਕ ਨੂੰ ਜਾਤੀ ਸੂਚਕ ਸ਼ਬਦ ਵਰਤ ਕੇ ਅਪਮਾਨਿਤ ਕਰਨ ਦਾ ਦੋਸ਼ ਹੈ। ਇਸ ਸਬੰਧੀ ਸਲਾਹਕਾਰ, ਸਿੱਖਿਆ ਵਿਭਾਗ, ਚੰਡੀਗਡ਼੍ਹ ਨੂੰ SC/ST ਦੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਸਮੇਤ ਸ਼ਿਕਾਇਤ ਦਿੱਤੀ ਗਈ ਹੈ।
ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਵਿੱਚ ਟੀਜੀਟੀ ਆਰਟਸ ਦੀ ਅਧਿਆਪਕਾ ਆਰਤੀ (ਕਾਲਪਨਿਕ ਨਾਮ) ਨੇ ਸਕੂਲ ਪ੍ਰਿੰਸੀਪਲ ’ਤੇ ਸਕੂਲ ਵਿੱਚ ਜਾਤੀ ਦੇ ਆਧਾਰ ’ਤੇ ਉਸ ਨਾਲ ਵਿਤਕਰਾ ਕਰਨ ਅਤੇ ਉਸ ਦਾ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ।
ਆਰਤੀ ਨੇ ਕਿਹਾ ਹੈ ਕਿ ਅਧਿਕਾਰੀ ਸਕੂਲ ਵਿੱਚ 26 ਅਤੇ 27 ਜਨਵਰੀ ਦੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ, ਜਿਸ ਨੂੰ ਹਟਾਏ ਜਾਣ ਦਾ ਸ਼ੱਕ ਹੈ। ਪੀੜਤ ਅਧਿਆਪਕਾ ਨੇ ਕਿਹਾ ਕਿ ਪ੍ਰਿੰਸੀਪਲ ਉਸਤੋਂ ਘਰ ਦਾ ਕੰਮ ਵੀ ਕਰਵਾਉਂਦੀ ਹੈ। ਆਰਤੀ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਪਿਛਲੇ 6 ਸਾਲਾਂ ਤੋਂ ਉਸ ਨੂੰ ਬਲੈਕਮੇਲ ਕਰ ਰਹੀ ਹੈ। ਉਹ ਉਸਨੂੰ ਸਕੂਲ ਦੇ ਸਮੇਂ ਦੌਰਾਨ ਘਰ ਬੁਲਾਉਂਦੀ ਹੈ ਅਤੇ ਉਸ ਤੋਂ ਕੰਮ ਕਰਾਉਂਦੀ ਹੈ। ਸਕੂਲ ਦੀ ਸਵੀਪਰ ਹੋਣ ਦੇ ਬਾਵਜੂਦ ਪ੍ਰਿੰਸੀਪਲ ਨੇ ਉਸ ਨੂੰ ਝਾੜੂ ਲਾਉਣ ਲਈ ਕਿਹਾ। ਹੁਣ ਆਰਤੀ ਨੂੰ ਡਰ ਹੈ ਕਿ ਪ੍ਰਿੰਸੀਪਲ ਉਸ ਦਾ ਕਰੀਅਰ ਨਾ ਖਰਾਬ ਕਰ ਦੇਵੇ।
ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਰਾਜ ਬਾਲਾ ਨੇ ਦੱਸਿਆ ਕਿ ਉਸ ’ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। 26 ਜਨਵਰੀ ਨੂੰ ਕੌਮੀ ਝੰਡੇ ਦਾ ਅਪਮਾਨ ਕੀਤਾ ਜਾ ਰਿਹਾ ਸੀ, ਜਿਸ ਬਾਰੇ ਉਨ੍ਹਾਂ ਸਟਾਫ਼ ਨੂੰ ਬੁਲਾ ਕੇ ਸਮਝਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਨਾ ਤਾਂ ਮਹਿਲਾ ਅਧਿਆਪਕਾਂ ਤੋਂ ਘਰ ਦਾ ਕੰਮ ਕਰਵਾਇਆ ਅਤੇ ਨਾ ਹੀ ਝਾੜੂ ਫੜਾਇਆ। ਇਸ ਤੋਂ ਇਲਾਵਾ ਕਦੇ ਵੀ ਜਾਤੀਵਾਦੀ ਸ਼ਬਦ ਨਹੀਂ ਕਹੇ। ਪ੍ਰਿੰਸਪਲ ਨੇ ਕਿਹਾ ਕਿ ਉਸ ਉਤੇ ਲਗਾਏ ਸਾਰੇ ਦੋਸ਼ ਬੇਬੁਨਿਆਦ ਹਨ।







































