ਚੰਡੀਗੜ੍ਹ. ਪੰਜਾਬ ਸਰਕਾਰ ਦੀ ਵਰਤਮਾਨ ਸਥਿਤੀ ‘ਤੇ ਚਿੰਤਾ ਅਤੇ ਡੂੰਘਾ ਅਫ਼ਸੋਸ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ, ”ਸੂਬੇ ਦੀ ਕਾਂਗਰਸ ਸਰਕਾਰ ਇਸ ਸਮੇਂ ਮੁਹੱਲੇ ਦੀ ਉਸ ਕ੍ਰਿਕਟ ਟੀਮ ਵਾਂਗ ਚੱਲ ਰਹੀ ਹੈ, ਜਿਸ ਦਾ ਕੋਈ ‘ਕਪਤਾਨ’ ਨਹੀਂ ਹੁੰਦਾ। ਬੈਟ ਜਿਸ ਦੇ ਹੱਥ ‘ਚ ਹੁੰਦਾ ਹੈ, ਉਹ ਜਿੰਨੀ ਵਾਰ ਮਰਜ਼ੀ ਬੋਲਡ ਹੋ ਜਾਵੇ ਪਰ ਖ਼ੁਦ ਨੂੰ ਆਊਟ ਨਹੀਂ ਮੰਨਦਾ। ਜ਼ਿਆਦਾ ਦਬਾਅ ਪੈ ਜਾਵੇ ਤਾਂ ਬੈਟ ਨਾਲ ਲੈ ਕੇ ਹੀ ਖਿਸਕ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ‘ਚ ਲੜ-ਝਗੜ ਰਹੇ ਵਜ਼ੀਰਾਂ ਅਤੇ ਅਫ਼ਸਰਾਂ ‘ਚ ਬੈਟ ਕਿਸ ਦੇ ਹੱਥ ਹੈ? ਪੰਜਾਬ ਦੇ ਸੂਝਵਾਨ ਲੋਕ ਇਸ ਡਰਾਮੇ ਨੂੰ ਚੰਗੀ ਤਰਾਂ ਦੇਖ ਰਹੇ ਹਨ ਅਤੇ ਭਲੀਭਾਂਤ ਸਮਝ ਰਹੇ ਹਨ।”
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਕਟ ਅਤੇ ਚੁਣੌਤੀ ਭਰੇ ਵਕਤ ‘ਚ ਆਪਣੇ ਕਿਹੜੇ ‘ਫਾਰਮ ਹਾਊਸ’ ‘ਚ ਤਮਾਸ਼ਬੀਨ ਬਣੇ ਬੈਠੇ ਹਨ? ਸਥਿਤੀ ਸਪੱਸ਼ਟ ਕਰਨ ਲਈ ਮੁੱਖ ਮੰਤਰੀ ਆਪਣੀ ‘ਲੋਕੇਸ਼ਨ’ ਜਨਤਕ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਦੇ ਕੁਸ਼ਾਸਨ ‘ਚ ਬਹੁਭਾਂਤੀ ਮਾਫ਼ੀਆ ਪੰਜਾਬ ਅਤੇ ਪੰਜਾਬੀਆਂ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ। ਵਿਰੋਧੀ ਧਿਰ ਦਾ ਫ਼ਰਜ਼ ਨਿਭਾਉਂਦੇ ਹੋਏ ਅਸੀਂ (ਆਮ ਆਦਮੀ ਪਾਰਟੀ) ਸਿਆਸਤਦਾਨਾਂ ਅਤੇ ਅਫ਼ਸਰਾਂ ਦੀਆਂ ਹਿੱਸੇਦਾਰੀਆਂ ਨਾਲ ਚੱਲ ਰਹੇ ਤਮਾਮ ਤਰਾਂ ਦੇ ਮਾਫ਼ੀਏ ਵਿਰੁੱਧ ਧੜੱਲੇ ਨਾਲ ਬੋਲਦੇ ਆ ਰਹੇ ਹਾਂ, ਤਾਂ ਕਿ ਲੋਕ ਸੁਚੇਤ ਅਤੇ ਸਰਕਾਰਾਂ (ਕੈਪਟਨ-ਬਾਦਲ) ਸੰਭਲ ਜਾਣ।
ਭਗਵੰਤ ਮਾਨ ਨੇ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਪੰਜਾਬ ਦੀ ਲੁੱਟ ਖ਼ਿਲਾਫ਼ ਖੜੇ ਹੋਏ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਲਈ ਹੁਣ ਪਰਖ ਦੀ ਘੜੀ ਸ਼ੁਰੂ ਹੋਈ ਹੈ ਕਿ ਆਪਣੇ ਅਹੁਦਿਆਂ-ਰੁਤਬਿਆਂ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਪੰਜਾਬ ਪੱਖੀ ਮਨਸੂਬੇ ਨੂੰ ਜੇਤੂ ਮੁਕਾਮ ਤੱਕ ਲੈ ਕੇ ਜਾਣਗੇ ਜਾਂ ਫਿਰ ਚਾਰ ਦਿਨ ਦੀਆਂ ਸੁਰਖ਼ੀਆਂ ਬਟੋਰ ਕੇ ‘ਨਿੱਜ ਪ੍ਰਸਤ ਸਮਝੌਤੇ’ ਕਰ ਲੈਣਗੇ? ਭਗਵੰਤ ਮਾਨ ਨੇ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ‘ਚ ਪੈਦਾ ਹੋਏ ਨਵੇਂ ਲੀਡਰਸ਼ਿਪ ਸੰਕਟ ਨੂੰ ਵਿੱਤੀ ਤੌਰ ‘ਤੇ ਵੀ ਘਾਤਕ ਦੱਸਿਆ।