ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ! ਕੈਂਟਰ ਚਾਲਕ ਦੇ ਮਾਰਿਆ ਥੱਪੜ, ਪਹਿਲਾਂ ਵੀ ਵਿਵਾਦਾਂ ‘ਚ ਰਿਹਾ ਮੁਲਾਜ਼ਮ

0
540

 ਬਠਿੰਡਾ, 1 ਅਕਤੂਬਰ | ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਇੱਕ ਕੈਂਟਰ ਡਰਾਈਵਰ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਮੁਲਾਜ਼ਮ ਨੇ ਹੰਕਾਰ ਦਿਖਾਉਂਦੇ ਹੋਏ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਸ਼ਹਿਰ ਦੇ ਫੌਜੀ ਚੌਕ ਨੇੜੇ ਲੰਘ ਰਹੇ ਇੱਕ ਕੈਂਟਰ ਚਾਲਕ ਨੂੰ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਡਰਾਈਵਰ ਨੂੰ ਥੱਪੜ ਮਾਰਦੇ ਹੋਏ ਟ੍ਰੈਫਿਕ ਮੁਲਾਜ਼ਮ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ। ਉਕਤ ਪੁਲਿਸ ਮੁਲਾਜ਼ਮ ਪਹਿਲਾਂ ਵੀ ਥੱਪੜ ਮਾਰਨ ਦੇ ਵਿਵਾਦਾਂ ਵਿਚ ਘਿਰ ਚੁੱਕਾ ਹੈ।

ਪੀੜਤ ਕੈਂਟਰ ਚਾਲਕ ਸਾਹਿਲ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ਲੈ ਕੇ ਫ਼ੌਜੀ ਚੌਕ ਨੇੜਿਓਂ ਲੰਘ ਰਿਹਾ ਸੀ ਤਾਂ ਉਸ ਨੂੰ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਨੇ ਰੋਕ ਲਿਆ। ਕੈਂਟਰ ਚਾਲਕ ਨੇ ਟ੍ਰੈਫਿਕ ਮੁਲਾਜ਼ਮਾਂ ਨੂੰ ਗੱਡੀ ਦੇ ਸਾਰੇ ਕਾਗਜ਼ਾਤ ਵੀ ਚੈੱਕ ਕਰਨ ਲਈ ਦਿੱਤੇ। ਡਰਾਈਵਰ ਨੇ ਦੋਸ਼ ਲਾਇਆ ਕਿ ਇੰਨਾ ਹੀ ਨਹੀਂ ਉਕਤ ਟ੍ਰੈਫਿਕ ਮੁਲਾਜ਼ਮਾਂ ਨੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਜਦੋਂ ਉਸ ਨੇ ਮੋਬਾਈਲ ਫੋਨ ਵਾਪਸ ਮੰਗਿਆ ਤਾਂ ਟਰੈਫਿਕ ਮੁਲਾਜ਼ਮਾਂ ਨੇ ਉਸ ਦੇ ਥੱਪੜ ਮਾਰੇ ਤੇ ਉਸ ਦੀ ਕੋਈ ਗੱਲ ਨਾ ਸੁਣੀ।

ਦੂਜੇ ਪਾਸੇ ਟ੍ਰੈਫਿਕ ਪੁਲਿਸ ਮੁਲਾਜ਼ਮ ਰਣਜੀਤ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ ਨੋ ਐਂਟਰੀ ‘ਚ ਗੱਡੀ ਲੈ ਕੇ ਆਇਆ ਸੀ। ਜਦੋਂ ਉਸ ਤੋਂ ਗੱਡੀ ਦੇ ਕਾਗ਼ਜ਼ਾਤ ਮੰਗੇ ਗਏ ਤਾਂ ਉਸ ਨੇ ਦਸਤਾਵੇਜ਼ਾਂ ਦੀਆਂ ਫ਼ੋਟੋ ਕਾਪੀਆਂ ਦਿਖਾ ਕੇ ਦੁਰਵਿਵਹਾਰ ਕੀਤਾ। ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਕੈਂਟਰ ਨੂੰ ਟ੍ਰੈਫਿਕ ਮੁਲਾਜ਼ਮ ਰਣਜੀਤ ਸਿੰਘ ਨੇ ਰੋਕਿਆ ਹੈ। ਅਜੇ ਤੱਕ ਕਿਸੇ ਵੀ ਕੈਂਟਰ ਚਾਲਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)