ਨਵੀਂ ਦਿੱਲੀ, 18 ਸਤੰਬਰ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਿਹਾ ਗਿਆ ਹੈ ਕਿ PM Vishwakarma Yojana ਤਹਿਤ ਸਰਕਾਰ ਕਰਜ਼ਾ ਲੈਣ ਵਾਲੇ ਕਾਰੀਗਰਾਂ ਨੂੰ ਵਿਆਜ ‘ਤੇ 8 ਫੀਸਦੀ ਤਕ ਸਬਸਿਡੀ ਦੇਵੇਗੀ। ਇਸ ਨਾਲ ਸਿੱਧਾ ਕਰਜ਼ਾ ਲੈਣ ਵਾਲੇ ਕਾਰੀਗਰਾਂ ਨੂੰ ਵੱਡੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਵਿਸ਼ਵਕਰਮਾ ਯੋਜਨਾ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰੀਗਰਾਂ ਲਈ ਲਾਂਚ ਕੀਤੀ ਸੀ। ਇਹ ਯੋਜਨਾ ਸਰਕਾਰ ਵੱਲੋਂ 13 ਹਜ਼ਾਰ ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਹੈ। ਇਸ ਦਾ ਐਲਾਨ ਵਿੱਤੀ ਸਾਲ 2023-24 ਦੇ ਬਜਟ ਵਿਚ ਕੀਤਾ ਗਿਆ ਸੀ।
ਸੀਤਾਰਮਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਕਾਰੀਗਰਾਂ ਨੂੰ 3 ਲੱਖ ਰੁਪਏ ਤੱਕ ਦਾ ਕਰਜ਼ਾ 5 ਫੀਸਦੀ ਦੀ ਰਿਆਇਤੀ ਵਿਆਜ ਦਰ ‘ਤੇ ਬਿਨਾਂ ਕੁਝ ਗਹਿਣੇ ਰੱਖੇ ਦੇਵੇਗੀ। ਇਸ ਸਕੀਮ ਤਹਿਤ ਸ਼ੁਰੂ ‘ਚ ਇਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਜਿਵੇਂ ਹੀ ਲਾਭਪਾਤਰੀ ਵੱਲੋਂ ਕਰਜ਼ਾ ਵਾਪਸ ਕੀਤਾ ਜਾਵੇਗਾ, ਉਸ ਨੂੰ 2 ਲੱਖ ਰੁਪਏ ਵਾਧੂ ਦਿੱਤੇ ਜਾਣਗੇ। ਇਸ ਯੋਜਨਾ ਦਾ ਲਾਭ ਤਰਖਾਣ, ਸੁਨਿਆਰੇ, ਲੁਹਾਰ, ਮਿਸਤਰੀ, ਪੱਥਰ ਦੇ ਮੂਰਤੀਕਾਰ, ਨਾਈ ਅਤੇ ਕਿਸ਼ਤੀ ਬਣਾਉਣ ਵਾਲਿਆਂ ਸਮੇਤ 18 ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਨੂੰ ਮਿਲੇਗਾ।
ਇਸ ਯੋਜਨਾ ਵਿਚ ਵਿੱਤੀ ਸਹਾਇਤਾ ਦੇ ਨਾਲ-ਨਾਲ ਅਗਾਊਂ ਹੁਨਰ ਸਿਖਲਾਈ, ਆਧੁਨਿਕ ਡਿਜੀਟਲ ਤਕਨਾਲੋਜੀ ਦਾ ਗਿਆਨ, ਡਿਜੀਟਲ ਭੁਗਤਾਨ, ਗਲੋਬਲ ਅਤੇ ਘਰੇਲੂ ਬਾਜ਼ਾਰ ਨਾਲ ਲਿੰਕ ਅਤੇ ਬ੍ਰਾਂਡ ਪ੍ਰਮੋਸ਼ਨ ਆਦਿ ਵੀ ਪ੍ਰਦਾਨ ਕੀਤੇ ਜਾਣਗੇ।
ਹੁਨਰ ਤਹਿਤ ਦਿੱਤੀ ਜਾਵੇਗੀ ਸਿਖਲਾਈ
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ 5 ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਸਿਖਲਾਈ ਦੌਰਾਨ 500 ਰੁਪਏ ਪ੍ਰਤੀ ਦਿਨ ਦਾ ਭੁਗਤਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੂਲਕਿੱਟ ਇੰਸੈਟਿਵ ਵਜੋਂ 15 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।