ਤਰਨਤਾਰਨ, 27 ਅਕਤੂਬਰ | ਥਾਣਾ ਖਾਲੜਾ ਦੀ ਪੁਲਿਸ ਨੇ ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਖਿਲਾਰ ਕੇ ਅਤੇ ਸਾੜ ਕੇ ਬੇਅਦਬੀ ਕਰਨ ਵਾਲੀ ਦੋਸ਼ਣ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਸ਼ਾਲਜੀਤ ਸਿੰਘ ਪੀ.ਪੀ.ਐਸ.ਐਸ.ਪੀ ਇਨਵੈਸਟੀਗੇਸ਼ਨ ਤਰਨਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ. ਭਿੱਖੀਵਿੰਡ, ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਖਾਲੜਾ ਅਤੇ ਪੁਲਿਸ ਟੀਮ ਨੂੰ 25 ਅਕਤੂਬਰ ਨੂੰ ਘਾਟੀ ਵਾਲੀ ਗਲੀ ਖਾਲੜਾ ਵਿਚ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਦੀ ਖਬਰ ਮਿਲੀ।
ਸੂਚਨਾ ਮਿਲਣ ‘ਤੇ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਮੁਕੱਦਮਾ ਥਾਣਾ ਖਾਲੜਾ ਵਿਖੇ ਦਰਜ ਕੀਤਾ ਗਿਆ ਸੀ। ਉਕਤ ਘਟਨਾ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਦੋਸ਼ਣ ਸੁਖਵਿੰਦਰ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਘਾਟੀ ਵਾਲੀ ਗਲੀ ਖਾਲੜਾ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 2 ਹੋਰ ਗੁਟਕਾ ਸਾਹਿਬ ਬਰਾਮਦ ਹੋਏ। ਦੋਸ਼ਣ ਸੁਖਵਿੰਦਰ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।