ਜਲੰਧਰ, 17 ਅਕਤੂਬਰ | ਪਿੰਡ ਭੁਜੇਵਾਲ ਨੇੜੇ ਅਮਰ ਨਗਰ ‘ਚ ਘਰ ਦੇ ਬਾਹਰ ਬੈਠੀਆਂ ਮਾਵਾਂ-ਧੀਆਂ ਦਾ 2 ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ, ਇਸ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਉਸ ਦੀ ਪਤਨੀ ਅਤੇ ਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਪਤਨੀ ਦੀ ਲਾਸ਼ ਨੂੰ ਅੱਗ ਲਗਾ ਕੇ ਸਾੜ ਦਿੱਤਾ।
ਉਸ ਨੇ ਦੋਸ਼ ਲਾਇਆ ਕਿ ਇਹ ਹਮਲਾ ਅਮਰੀਕਾ ਰਹਿੰਦੇ ਉਸ ਦੇ ਜਵਾਈ ਵੱਲੋਂ ਕੀਤਾ ਗਿਆ ਹੈ ਅਤੇ ਇਸ ਸਬੰਧੀ ਪਤਾਰਾ ਥਾਣੇ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਹਮਲਾਵਰ ਨੇ ਮੰਗਲਵਾਰ ਸਵੇਰੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ।
ਪੁਲਿਸ ਵੱਲੋਂ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਮੁੱਖ ਸੜਕਾਂ ‘ਤੇ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ‘ਚ ਕੁਝ ਸ਼ੱਕੀ ਵਿਅਕਤੀ ਫੜੇ ਗਏ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।