ਬਰਨਾਲਾ : ਮਾਂ-ਧੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਵਾਈ ਸੀਰੀਅਸ, ਗੁਆਂਢੀਆਂ ਨੇ ਖੂਨ ਨਾਲ ਲਥਪਥ ਲਾਸ਼ਾਂ ਦੇਖੀਆਂ ਤਾਂ ਪਾਇਆ ਰੌਲ਼ਾ

0
2029

ਬਰਨਾਲਾ| ਜ਼ਿਲ੍ਹੇ ਦੇ ਨੇੜਲੇ ਪਿੰਡ ਸੇਖਾ ਵਿਖੇ ਬੀਤੀ ਰਾਤ ਮਾਂ ਅਤੇ ਧੀ ਦਾ ਕਤਲ ਹੋ ਗਿਆ ਹੈ ਜਦਕਿ ਜਵਾਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਥਾਣਾ ਸਦਰ ਅਧੀਨ ਪੈਂਦੇ ਪਿੰਡ ਸੇਖਾ ਵਿਚ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ ਮਾਂ-ਧੀ ਦਾ ਕਤਲ ਕਰ ਦਿਤਾ। ਇਸ ਦੇ ਨਾਲ ਹੀ ਜਵਾਈ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਹਰਬੰਸ ਕੌਰ ਅਪਣੀ ਲੜਕੀ ਪਰਮਜੀਤ ਕੌਰ ਅਤੇ ਜਵਾਈ ਰਾਜਦੀਪ ਸਿੰਘ ਨਾਲ ਸੇਖਾ ਵਿਖੇ ਰਹਿੰਦੀ ਸੀ। ਉਸ ਨੇ ਰਾਜਦੀਪ ਸਿੰਘ ਨੂੰ ਅਪਣਾ ਘਰ ਜਵਾਈ ਰੱਖਿਆ ਸੀ। ਗੁਆਂਢੀਆਂ ਨੇ ਖੂਨ ਨਾਲ ਲੱਥ-ਪੱਥ ਤਿੰਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਨੇ ਮਾਂ-ਧੀ ਨੂੰ ਮ੍ਰਿਤਕ ਐਲਾਨ ਦਿਤਾ ਜਦਕਿ ਰਾਜਦੀਪ ਸਿੰਘ ਨੂੰ ਲੁਧਿਆਣਾ ਰੈਫਰ ਕਰ ਦਿਤਾ ਗਿਆ।

ਸੂਤਰਾਂ ਮੁਤਾਬਕ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਹ ਕਤਲ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।