-ਵਰਿਆਮ ਸਿੰਘ ਸੰਧੂ
ਲਿਖਣ ਦੇ ਮੈਦਾਨ ਵਿਚ ਪੈਰ ਧਰਦਿਆਂ ਹੀ ਸਰਵਣ ਸਿੰਘ ਨੇ ਜਦੋਂ ਪੈਂਦੀ ਸੱਟੇ ਸੋਲਾਂ ਹੱਥ ਲੰਮੀ ਛਾਲ ਮਾਰੀ ਤਾਂ ‘ਦਰਸ਼ਕਾਂ’ ਨੇ ਹੈਰਾਨੀ-ਭਰੀ ਖ਼ੁਸ਼ੀ ਵਿਚ, ਗੱਡੀ ਦੀ ਚੀਕ ਮਾਰਨ ਵਾਂਗ ਇਕ ਦਮ ਲੰਮਾ ਗੂੰਜਦਾ ਸਾਹ ਭਰਿਆ, ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਇੰਜਣ ਵਾਂਗ ਕਾਹਲੀ ਕਾਹਲੀ ‘ਛੁਕ ਛੁਕ’ ਕਰਨ ਲੱਗੀਆ; ਚਾਅ ਨਾਲ ਧੌਣਾਂ ਉੱਚੀਆਂ ਹੋ ਗਈਆਂ, ਚਿਹਰੇ ਲਿਸ਼ਕਦੀ ਧੁੱਪ ਵਾਂਗ ਚਮਕਣ ਲੱਗੇ। ਹਰ ਰੋਜ਼ ‘ਇਕੋ ਜਿਹੀ ਛਾਲ’ ਵੇਖਣ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਦੀ ਮੱਧਮ ਰੌਸ਼ਨੀ ਵਿਚ ਅਨੇਕਾਂ ਚਿਰਾਗ਼ ਬਲ ਉੱਠੇ, ਮਨ-ਤਨ ਵਿਸਮਾਦੀ ਖੇੜੇ ਵਿਚ ਮਹਿਕ ਉੱਠੇ। ਉਹਨਾਂ ਹੁਲਾਸ ਨਾਲ ਭਰ ਕੇ ਪਰਸੰਸਾ ਤੇ ਲਾਡ ਨਾਲ ਸਰਵਣ ਸਿੰਘ ਵੱਲ ਵੇਖਿਆ। ਮੂੰਹੋਂ ਆਪ ਮੁਹਾਰੇ ਬੋਲ ਕਿਰ ਪਏ, “ਬਈ ਵਾਹ! ਸਵਾਦ ਆ ਗਿਆ ਸਰਵਣ ਸਿਹਾਂ! ਬੰਦਾ ਗੱਲ ਕਰੇ ਤਾਂ ਐਂ ਕਰੇ!” ਇਹਨਾਂ ਪਾਠਕ ‘ਦਰਸ਼ਕਾਂ’ ਵਿਚ ਮੈਂ ਵੀ ਸਾਂ। ‘ਆਰਸੀ’ ਵਿਚ ਖਿਡਾਰੀਆਂ ਬਾਰੇ ਉਹਦੇ ਰੇਖ਼ਾ ਚਿਤਰ ਛਪਣ ਲੱਗੇ ਤਾਂ ਉਹਦੀ ਲਿਖਤ ਦੀ ਜਾਦੂਗਰੀ ਨੇ ਮੈਨੂੰ ਕੀਲ ਲਿਆ। ਗੁਰਬਚਨ ਰੰਧਾਵੇ ਬਾਰੇ ਉਹਦਾ ਪਹਿਲਾ ਆਰਟੀਕਲ ‘ਆਰਸੀ’ ਵਿਚ ਛਪਿਆ, ‘ਮੁੜ੍ਹਕੇ ਦਾ ਮੋਤੀ’। ਮੈਦਾਨ ਵਿਚ ਦੌੜਦੇ, ਜਿੱਤਾਂ ਜਿੱਤਦੇ, ਹੁਜਤਾਂ ਕਰਦੇ, ਟੋਟਕੇ ਸੁਣਾਉਂਦੇ, ਲੱਤ ਚੁੱਕ ਕੇ ਤਾੜੀ ਮਾਰ ਕੇ ਹੱਸਦੇ, ਮਝੈਲੀ ਉਪਭਾਸ਼ਾ ਦੇ ਰੰਗ-ਰਸ ਵਿਚ ਗੁੱਧੇ ਫਿ਼ਕਰੇ ਕੱਸਦੇ ਗੁਰਬਚਨ ਦਾ ਇਸ ਵਿਚ ਅਜਿਹਾ ਜੀਵੰਤ ਚਿਤਰ ਖਿੱਚਿਆ ਹੋਇਆ ਸੀ ਕਿ ਸਾਹਮਣੇ ਸੱਚਮੁਚ ਦੀ ਫਿ਼ਲਮ ਚੱਲਦੀ ਨਜ਼ਰ ਆਉਣ ਲੱਗੀ। ਆਪਣੇ ਮਝੈਲ ‘ਭਾਊ’ ਬਾਰੇ ਘਿਓ-ਗੁੱਝੀ ਚੂਰੀ ਵਰਗਾ ਅਜਿਹਾ ਅਪਣੱਤ ਭਰਿਆ ਬਿਰਤਾਂਤ ਪੜ੍ਹ ਕੇ ਇਹਦੇ ਕਰਤਾ ਸਰਵਣ ਸਿੰਘ ਨਾਲ ਪੈਂਦੀ ਸੱਟੇ ਅਪਣੱਤ ਦਾ ਰਿਸ਼ਤਾ ਜੁੜ ਗਿਆ। ਅਗਲਾ ਰੇਖਾ-ਚਿਤ੍ਰ ਸੀ ਪਰਵੀਨ ਕੁਮਾਰ ਬਾਰੇ ‘ਧਰਤੀ ਧੱਕ’।
ਪਰਵੀਨ ਕੁਮਾਰ ਸਾਡਾ ਜਾਣੂ ਸੀ। ਸਾਡਾ ਬੇਲੀ। 1962-64 ਵਿਚ ਮੈਂ ਸਰਹਾਲੀ ਤੋਂ ਜੇ ਬੀ ਟੀ ਕੀਤੀ ਸੀ। ਉਸ ਸਾਲ ਪੰਜਾਬ ਦੀਆਂ ਸਕੂਲ-ਖੇਡਾਂ ਦੇ ਨਾਲ ਜੇ ਬੀ ਟੀ ਸਕੂਲਾਂ ਦੀਆਂ ਖੇਡਾਂ ਵੀ ਹੋਈਆਂ। ਪਰਵੀਨ ਉਦੋਂ ਸਰਹਾਲੀ ਦੇ ਖ਼ਾਲਸਾ ਸਕੂਲ ਵਿਚ ਨੌਵੀਂ ਦਾ ਵਿਦਿਆਰਥੀ ਸੀ। ਖ਼ਾਲਸਾ ਸਕਲੂ਼ ਦੀ ਅੱਧੀ ਇਮਾਰਤ ਸਾਡੇ ਕੋਲ ਸੀ ਤੇ ਅੱਧੀ ਖ਼ਾਲਸਿਆਂ ਕੋਲ। ਖੇਡ-ਮੈਦਾਨ ਵੀ ਸਾਂਝੇ। ਅਸੀਂ ਰੋਜ਼ ਮਿਲਦੇ। ਹਾਸਾ ਠੱਠਾ ਚੱਲਦਾ ਰਹਿੰਦਾ। ਮੈਂ ਫੁੱਟਬਾਲ ਤੇ ਵਾਲੀਬਾਲ ਦੀ ਟੀਮ ਦਾ ਮੈਂਬਰ ਸਾਂ। ਉੱਚੀ ਤੇ ਲੰਮੀ ਛਾਲ ਵੀ ਲਾਉਂਦਾ। ਵਾਲੀਬਾਲ ਤਾਂ ਅਸੀਂ ਜਿ਼ਲ੍ਹਾ-ਮੁਕਾਬਲਿਆਂ ਵਿਚ ਫ਼ਾਈਨਲ ਵਿਚ ਹਾਰ ਗਏ, ਪਰ ਫੁੱਟਬਾਲ ਜਿੱਤ ਗਏ। ਮੈਂ ਉੱਚੀ ਛਾਲ ਮਾਰਨ ਵਿਚ ਵੀ ਜਿ਼ਲ੍ਹੇ ਵਿਚੋਂ ਪਹਿਲੇ ਨੰਬਰ `ਤੇ ਆ ਗਿਆ। ਸਕੂਲ ਖੇਡਾਂ ਵਿਚ ਪਰਵੀਨ ਹੈਮਰ ਤੇ ਡਿਸਕਸ ਵਿਚ ਪਹਿਲੇ ਨੰਬਰ `ਤੇ ਸੀ।
ਅਸੀਂ ਜਲੰਧਰ ਡਵੀਜ਼ਨ ਦੇ ਮੁਕਾਬਲਿਆਂ ਲਈ ਜਲੰਧਰ ਅੱਪੜੇ ਤਾਂ ਪਰਵੀਨ ਆਖੇ, “ਭਾਊ! ਮੈਂ ਧਾਡੇ ਨਾਲ ਰਹਿਣਾ। ਤੁਸੀਂ ਮੇਰੇ ਘਰ ਦੇ ਬੰਦੇ ਓ। ਓਧਰ ਸਕੂਲਾਂ ਵਾਲੇ ਪਹਿਲੇ ਜੇਤੂ ਅਥਲੀਟ ਮੇਰੇ ਨਾਲ ਸਾੜਾ ਕਰਦੇ ਨੇ। ਜੇ ਕਿਸੇ ਨੇ ਮੈਨੂੰ ਕੁਝ ਦੇ ਤਾ, ਜਾਹ ਜਾਂਦੀਏ ਹੋ ਜੂ। ਮੈਂ ਤਾਂ ਇਨਚਾਰਜ ਨੂੰ ਕਹਿ `ਤਾ ਕਿ ਮੈਂ ਤਾਂ ਆਪਣੇ ਭਾਊਆਂ ਨਾਲ ਰਹੂੰ।” ਏਥੇ ਹੀ ਅਸੀਂ ‘ਫਿਰ ਵਹੀ ਦਿਲ ਲਾਇਆ ਹੂੰ’ ਤੇ ‘ਮੇਰੇ ਮਹਿਬੂਬ’ ਫਿ਼ਲਮਾਂ ਵੇਖੀਆਂ। ‘ਫਿਰ ਵਹੀ ਦਿਲ ਲਾਇਆ ਹੂੰ’ ਵਿਚਲੇ ਜੌਇ ਮੁਖ਼ਰ ਜੀ ਨੂੰ ਵੇਖ ਕੇ ਪਰਵੀਨ ਆਖੇ, “ਭਾਊ ਸਰਹਾਲੀ ਜਾਂਦਿਆਂ ਇਹਦੇ ਵਰਗਾ ਕੋਟ ਸਿਵਾਉਣਾ। ਫਿਰ ਵੇਖੂੰ ‘ਦਾਣਾ’ ਕਿਵੇਂ ਨਹੀਂ ਫਸਦੀ।” ਉਹ ਜੇ ਬੀ ਟੀ ਦੇ ਪਹਿਲੇ ਸਾਲ ਦੀ ਕੁੜੀ `ਤੇ ਦਿਲ ਡੋਲ੍ਹੀ ਬੈਠਾ ਸੀ। ਲੋਕ ਖਲੋ ਖਲੋ ਕੇ ਪਰਵੀਨ ਵੱਲ ਵੇਖਦੇ। ਉਹ ਲੋਕਾਂ ਨੂੰ ਹੈਰਾਨ ਹੋਇਆ ਵੇਖ ਵਰਾਛਾਂ ਖੋਲ੍ਹ ਕੇ ਹੱਸਦਾ, “ਲੌ ਵੇਖ ਲੌ ਭਾਊ! ਮੈਨੂੰ ਕਿਹੜੇ ਫੁੰਮਣ ਲੱਗੇ ਆ।”
ਅਸੀਂ ਜਲੰਧਰ ਡਵੀਜ਼ਨ ਦਾ ਫੁੱਟਬਾਲ ਜਿੱਤ ਗਏ ਤੇ ਮੈਂ ਉੱਚੀ ਛਾਲ ਵੀ। ਪਰਵੀਨ ਤਾਂ ਰੀਕਾਰਡ ਤੋੜੀ ਜਾਂਦਾ ਸੀ। ਪੰਜਾਬ ਦੀਆਂ ਸਕੂਲ ਖੇਡਾਂ ਲਈ ਅਸੀਂ ਪਟਿਆਲੇ ਵੀ ਕੱਠੇ ਗਏ। ਓਥੇ ਵੀ ਪਰਵੀਨ ਸਾਡੇ ਨਾਲ ਹੀ ਠਹਿਰਿਆ। ਉਹ ਸਾਡੇ ਨਾਲ ਰਹਿ ਕੇ, ਖਾ ਪੀਕੇ, ਵਿਚਰ ਕੇ ਸਹਿਜ ਤੇ ਸੁਰੱਖਿਅਤ ਮਹਿਸੂਸ ਕਰਦਾ। ਉਸਨੇ ਸਕੂਲੀ ਅਥਲੀਟਾਂ ਨਾਲ ਵਿੱਥ ਬਣਾਈ ਰੱਖੀ। ਮੈਂ ਪੰਜਾਬ ਵਿਚੋਂ ਉੱਚੀ ਛਾਲ ਦੇ ਮੁਕਾਬਲੇ ਵਿਚ ਪਹਿਲੇ ਨੰਬਰ `ਤੇ ਆ ਗਿਆ। ਅਸੀਂ ਪੰਜਾਬ ਦੇ ਫੁੱਟਬਾਲ ਮੁਕਾਬਲੇ ਵੀ ਜਿੱਤ ਗਏ। ਬੇਸਿਕ ਸਕੂਲਾਂ ਦੀਆਂ ਖੇਡਾਂ ਤਾਂ ਇਥੋਂ ਤੱਕ ਹੀ ਸਨ ਪਰ ਪਰਵੀਨ ਪੌੜੀ ਦਰ ਪੌੜੀ ਚੜ੍ਹਦਾ ਓਸੇ ਸਾਲ ਸਕੂਲ ਖੇਡਾਂ ਵਿਚ ਆਪਣੀ ਈਵੈਂਟ ਵਿਚੋਂ ਨੈਸ਼ਨਲ ਜੇਤੂ ਬਣ ਗਿਆ। ਉਹਦੀਆਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਕੁਝ ਸਾਲਾਂ ਵਿਚ ਉਹ ਪੂਰੇ ਦੇਸ਼ ਵਿਚ ਛਾ ਗਿਆ। ਚਾਰੇ ਪਾਸੇ ਉਹਦੀ ‘ਬੱਲੇ ਬੱਲੇ’ ਹੋ ਰਹੀ ਸੀ। ਉਹ ਜਿੱਤਾਂ ਜਿੱਤਦਾ ਤਾਂ ਸਾਨੂੰ ਲੱਗਦਾ ਸਾਡਾ ਛੋਟਾ ਭਰਾ ਮੋਰਚਾ ਮਾਰ ਕੇ ਆਇਆ ਹੈ। ‘ਧਰਤੀ ਧੱਕ’ ਬਾਰੇ ਪੜ੍ਹ ਕੇ ਸਾਨੂੰ ਲੱਗਾ ਕੈਂਪ ਵਿਚ ਵਿਚਰਦਾ ਸਾਡਾ ਪਰਵੀਨ ਉਹ ਸਾਰੇ ਹਾਸੇ ਠੱਠੇ, ਜਿਹੜੇ ਸਰਵਣ ਸਿੰਘ ਨੇ ਬਿਆਨ ਕੀਤੇ ਸਨ, ਸਾਡੇ ਨਾਲ ਹੀ ਕਰਦਾ ਤੁਰਿਆ ਫਿਰਦਾ ਹੈ। ਆਰਟੀਕਲ ਵਿਚ ਪਰਵੀਨ ਘੜੇ ਵਿਚ ਰੂਹ ਅਫ਼ਜ਼ਾ ਦੀ ਬੋਤਲ ਘੋਲ ਕੇ ਘੜੇ ਨੂੰ ਮੂੰਹ ਲਾਈ ਝੀਕ ਲਾ ਕੇ ‘ਸ਼ਰਬਤ’ ਪੀ ਰਿਹਾ ਸੀ। ਅਥਲੀਟਾਂ ਦੇ ਹੋਟਲ ਵਿਚ ਠਹਿਰਨ ਸਮੇਂ ਸਿੰਕ ਵਿਚ ਪੈਰ ਧੋਂਦਿਆਂ ਪੈਰਾਂ ਦੇ ਭਾਰ ਨਾਲ ਸਿੰਕ ਤੋੜ ਬੈਠਣ ਪਿੱਛੋਂ ‘ਪੈਸੇ ਪੈ ਜਾਣ’ ਦੇ ਡਰੋਂ ਸਹਿਮਿਆਂ ਫਿਰਦਾ ਸੀ। ਮੇਰੇ ਲਈ ਵਰਤੇ ਜਾਣ ਵਾਲੇ ਉਮਪਾ-ਅਲੰਕਾਰ ਨਾਲ ਉਹ ਕਿਸੇ ਪਤਲੀਆਂ ਲੱਤਾਂ ਵਾਲੇ ਸਾਥੀ ਅਥਲੀਟ ਦੀ ‘ਵਡਿਆਈ’ ਕਰ ਰਿਹਾ ਸੀ, “ਲੱਤਾਂ ਵੇਖ! ਜਿਵੇਂ ਝੋਲੇ `ਚ ਪੰਪ ਪਾਇਆ ਹੁੰਦਾ।” ਜਿਊਂਦਾ-ਜਾਗਦਾ ਪਰਵੀਨ ਕੁਮਾਰ ਕਾਗ਼ਜ਼ਾਂ `ਤੇ ਤੁਰਿਆ ਫਿਰਦਾ ਸੀ। ਬਿਲਕੁਲ ਸਾਡੇ ਨਾਲ-ਨਾਲ, ਸਾਡੇ ਅੰਗ-ਸੰਗ। ਸਰਵਣ ਸਿੰਘ ਨੇ ਉਸ ਬਾਰੇ ਲਿਖ ਕੇ ਸੱਚ ਮੁੱਚ ਉਸਨੂੰ ਫੁੰਮਣ ਲਾ ਦਿੱਤੇ ਸਨ। ਜਾਪੇ ਜਿਵੇਂ ਸਰਵਣ ਸਿੰਘ ਨੇ ਇਹ ਆਰਟੀਕਲ ਸਾਡੇ ਬਾਰੇ ਹੀ ਲਿਖਿਆ ਹੋਵੇ, ਉਹਨਾਂ ਸਾਰਿਆਂ ਬਾਰੇ, ਜਿਨ੍ਹਾਂ ਨਾਲ ਉਹ ਜਲੰਧਰ ਤੇ ਪਟਿਆਲੇ ਰਹਿੰਦਾ ਟੋਟਕੇ ਸੁਣਾ ਸੁਣਾ ਢਿੱਡੀਂ ਪੀੜਾਂ ਪਾਉਂਦਾ ਰਿਹਾ ਸੀ। ‘ਸਾਡੇ ਬੰਦੇ’ ਬਾਰੇ ਲਿਖਣ ਕਰਕੇ ਸਰਵਣ ਸਿੰਘ ‘ਸਾਡਾ ਬੰਦਾ’ ਹੀ ਬਣ ਗਿਆ। ਉਹਨੇ ਸਾਨੂੰ ਆਪਣੀ ਲਿਖਤ ਦਾ ਸ਼ੈਦਾਈ ਬਣਾ ਲਿਆ।
ਮੈਂ ਤੇ ਮੇਰਾ ਦੋਸਤ ਤੇ ਜਮਾਤੀ ਭੂਪਿੰਦਰ ਕੋਸਿ਼ਸ਼ ਕਰਦੇ ਕਿ ਮਾਰਕੀਟ ਵਿਚ ਆਉਂਦਿਆਂ ਹੀ ਅੰਬਰਸਰ ਪਹੁੰਚ ਕੇ ‘ਆਰਸੀ’ ਹੱਥ ਹੇਠਾਂ ਕਰ ਲਈਏ। ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਕਦੀ ਉਹ ਤੇ ਕਦੀ ਮੈਂ ਆਪਣੇ ਪਿੰਡ ਸੁਰ ਸਿੰਘ ਤੋਂ ਵੀਹ ਮੀਲ ਦੂਰ ਅੰਬਰਸਰ ਵੱਲ ਭੱਜਦੇ। ਸਾਨੂੰ ਸਰਵਣ ਸਿੰਘ ਦੇ ਖੇਡ ਨਾਇਕਾਂ ਨੂੰ ਮਿਲਣ ਦੀ ਕਾਹਲ, ਖੁਤਖੁਤੀ ਤੇ ਖਿੱਚ ਹੁੁੰਦੀ। ਹੁਣ ਤੱਕ ‘ਪ੍ਰੀਤ ਲੜੀ’ ਨੂੰ ਛੇਤੀ ਤੋਂ ਛੇਤੀ ਖ਼ਰੀਦਣਾ ਤੇ ਪੜ੍ਹਨਾ ਸਾਡੀ ਪਹਿਲ ਹੁੁੰਦੀ ਸੀ ਪਰ ਸਰਵਣ ਸਿੰਘ ਦੀ ਲਿਖਤ ਦੀ ਧੂਹਵੀਂ ਖਿੱਚ ਨੇ ‘ਆਰਸੀ’ ਪਹਿਲੇ ਨੰਬਰ `ਤੇ ਲੈ ਆਂਦੀ। ਇੱਕ ਤਰ੍ਹਾਂ ਨਾਲ ਸਰਵਣ ਸਿੰਘ, ਉਸ ਸਮੇਂ ਤੱਕ (ਤੇ ਹੁਣ ਤੱਕ ਵੀ) ਪੰਜਾਬੀ ਵਾਰਤਕ ਦੇ ਸੁਲਤਾਨ ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਤੋਂ ਵੀ ਬਾਜ਼ੀ ਮਾਰ ਗਿਆ ਸੀ। ਉਹ ਮੇਰਾ ਚਹੇਤਾ ਲੇਖਕ ਬਣ ਗਿਆ ਸੀ। ਉਹਦੀ ਲਿਖਤ ਮੈਂ ਚਾਹਤ ਨਾਲ ਉਡੀਕਦਾ ਤੇ ਉੱਡ ਕੇ ਪੜ੍ਹਦਾ। ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਜੇ ਉਹਨਾਂ ਦਿਨਾਂ ਵਿਚ ਮੇਰੇ ‘ਦਿਮਾਗ਼’ ਦੇ ਨੇੜੇ ਸੀ ਤਾਂ ਸਰਵਣ ਸਿੰਘ ਮੇਰੇ ‘ਦਿਲ’ ਦੇ ਨੇੜੇ ਹੋ ਗਿਆ।
ਉਹਦੀ ਵਾਰਤਕ ਵਿਚ ਵਿਸ਼ੇਸ਼ ਕਿਸਮ ਦੀ ਖਿੱਚ ਤੇ ਆਨੰਦ ਸੀ। ਮੇਰੇ ਲਈ ਇਸ ਖਿੱਚ ਦਾ ਵਿਸ਼ੇਸ਼ ਕਾਰਨ ਸੀ। ਮੇਰੇ ਅੰਦਰ ਵੀ ਸਰਵਣ ਸਿੰਘ ਤੇ ਅਨੇਕ ਹੋਰਨਾਂ ਵਾਂਗ ਇੱਕ ਅਸਫ਼ਲ ਜਾਂ ਅਤ੍ਰਿਪਤ ਖਿਡਾਰੀ ਬੈਠਾ ਸੀ। ਮੈਂ ਵੀ ਵੱਡਾ ਖਿਡਾਰੀ ਬਣਨਾ ਚਾਹੁੰਦਾ ਸਾਂ, ਪਰ ਬਣ ਨਾ ਸਕਿਆ। ਸਰਵਣ ਸਿੰਘ ਦੀ ਲਿਖਣ-ਸ਼ੁਰੂਆਤ ਵੇਲੇ ਖੇਡ ਤੋਂ ਵਿੱਛੜਣ ਦਾ ਦੁੱਖ ਮੇਰੇ ਅੰਦਰ ਅਜੇ ਤਾਜ਼ਾ ਸੀ। ਖੇਡਾਂ ਤੋਂ ਬਾਅਦ ਉਸ ਵੇਲੇ ਉੱਚੀ ਛਾਲ ਦਾ ਨੈਸ਼ਨਲ ਚੈਂਪੀਅਨ ਅਜੀਤ ਸਿੰਘ ਕੋਚਿੰਗ ਲਈ ਸਰਹਾਲੀ ਆਇਆ। ਮੈਨੂੰ ਕਹਿੰਦਾ, “ਤੂੰ ਸਿੱਧਾ ਟੱਪ ਕੇ ਜਟਕੇ ਢੰਗ ਨਾਲ ਜੰਪ ਲਾਉਂਦੈਂ। ਜੇ ਪੰਜ ਦਸ ਦਿਨ ਦੇ ਅਭਿਆਸ ਨਾਲ ਮੱਛੀ-ਤਾਰੀ ਜੰਪ ਮਾਰਨਾ ਸਿੱਖ ਜਾਏਂ ਤਾਂ ਤੇਰੀ ਜੰਪ ਪੰਜ-ਛੇ ਇੰਚ ਯਕਦਮ ਵਧ ਜਾਊ। ਕੁਝ ਮਹੀਨਿਆਂ ਵਿਚ ਤੂੰ ਕਾਫ਼ੀ ਅੱਗੇ ਜਾ ਸਕਦਾ ਏਂ।” ਮੈਂ ਆਖਿਆ, “ਅੱਗੇ ਕਿੱਥੇ ਜਾਣੈਂ? ਜੇ ਬੀ ਟੀ ਕਰ ਕੇ ਪ੍ਰਾਇਮਰੀ ਸਕੂਲ ਵਿਚ ਮਾਸਟਰ ਜਾ ਲੱਗਾਂਗਾ। ਉਸ ਫੀਲਡ ਵਿਚ ਕਿੱਥੇ ਖੇਡ ਮੁਕਾਬਲੇ? ਮੇਰੀ ਖੇਡ ਦਾ ਕੋਈ ਭਵਿੱਖ ਨਹੀਂ।” ਮੈਂ ਉਹਦੇ ਆਖੇ ਨਾ ਲੱਗਾ। ਕੋਚਿੰਗ ਨਾ ਲਈ।
ਖੇਡਾਂ ਨਾਲੋਂ ਟੁੱਟ ਕੇ ਵੀ ਮੈਂ ਖੇਡਾਂ ਨਾਲ ਜੁੜਿਆ ਹੋਇਆ ਸਾਂ। ਆਪਣੇ ਅੰਦਰ ਗਵਾਚੇ ਖਿਡਾਰੀ ਨੂੰ ਮੈਂ ਅਜੇ ਵੀ ਮੈਦਾਨ ਵਿਚ ਜੂਝਦਿਆਂ ਵੇਖਣਾ ਚਾਹੁੰਦਾ ਸਾਂ। ਪਰ ਮੇਰਾ ਮੈਦਾਨ ਕਿੱਥੇ ਸੀ? ਮੁਕਾਬਲਾ ਕਿੱਥੇ ਸੀ? ਸਰਵਣ ਸਿੰਘ ਦੀਆਂ ਲਿਖਤਾਂ ਪੜ੍ਹੀਆਂ ਤਾਂ ਭਖ਼ੇ ਹੋਏ ਮੈਦਾਨ ਵਿਚ ਮੈਂ ਜੂੜੇ `ਤੇ ਚਿੱਟਾ ਰੁਮਾਲ ਬੰਨ੍ਹੀ ਮਿਲਖਾ ਸਿੰਘ ਨਾਲ ਸਾਹੋ ਸਾਹ ਦੌੜਨ ਲੱਗਾ, ਦੇਓ-ਕੱਦ ਪਰਵੀਨ ਕੁਮਾਰ ਨੇ ਹੈਮਰ ਤੇ ਡਿਸਕ ਅਸਮਾਨ ਵੱਲ ਉਛਾਲੀ ਤਾਂ ਨਾਲ ਹੀ ਮੈਂ ਵੀ ਅਸਮਾਨ ਵੱਲ ਉੱਛਲਿਆ। ਮਹਿੰਦਰ ਗਿੱਲ ਹਿਰਨਾਂ ਵਾਂਗ ਚੁੰਗੀਆਂ ਭਰਦਾ ਤੀਹਰੀ ਛਾਲ ਲਾਉਂਦਾ ਦਿਸਿਆ ਤਾਂ ਮੇਰੇ ਕਦਮ ਪਲ-ਛਿਣ ਵਿਚ ਯੋਜਨਾ ਪੈਂਡਾ ਤੈਅ ਕਰਨ ਲੱਗੇ। ਪ੍ਰਿਥੀਪਾਲ ਦੀ ਹਾਕੀ ਨੇ ਗੋਲਾਂ ਦਾ ‘ਠਾਹ’ ਫੱਟਾ ਖੜਕਾਇਆ ਤਾਂ ਮੈਂ ਆਪਣੇ ਗੁੱਟ ਦੀ ਤਾਕਤ ਨੂੰ ਚੁੰਮ ਲਿਆ। ਸੁਰਜੀਤ ਦੀਆਂ ਅੱਖਾਂ ਦੀ ਗਹਿਰ ਮੇਰੀਆਂ ਅੱਖਾਂ `ਚੋਂ ਝਾਕਣ ਲੱਗੀ। ਮੇਰੇ ਮੁੱਕੇ `ਚ ਮੁਹੰਮਦ ਅਲੀ ਦੇ ਮੁੱਕੇ ਦੀ ਤਾਕਤ ਉੱਸਲਵੱਟੇ ਲੈਣ ਲੱਗੀ। ਦੌੜਦਿਆਂ ਮੈਂ ਕਾਰਲ ਲੂਈਸ ਨੂੰ ਪਿੱਛੇ ਛੱਡਣ ਲੱਗਾ। ਇਹ ‘ਗਵਾਚਾ ਖਿਡਾਰੀ’ ਸਰਵਣ ਸਿੰਘ ਦੀਆਂ ਲਿਖਤਾਂ ਵਿਚ ਪੂਰੇ ਤਾਣ ਨਾਲ ਖੇਡਣ ਲੱਗਾ। ਕਿਹੜਾ ਬੰਦਾ ਹੈ ਜਿਸਨੇ ਬਚਪਨ ਜਾਂ ਜਵਾਨੀ ਦੇ ਦਿਨਾਂ ਵਿਚ ਵੱਡਾ ਖਿਡਾਰੀ ਬਣਨ ਦਾ ਸੁਪਨਾ ਨਾ ਲਿਆ ਹੋਵੇ ਜਾਂ ਆਪਣੀ ਹੈਸੀਅਤ ਤੇ ਸਥਿਤੀ ਮੁਤਾਬਕ ਇਸ ਲਈ ਜ਼ੋਰ ਨਾ ਲਾਇਆ ਹੋਵੇ ਜਾਂ ਯਤਨ ਨਾ ਕੀਤੇ ਹੋਣ। ਹਕੀਕਤ ਤੇ ਸੁਪਨੇ ਦਾ ਪਾੜਾ ਸੁਪਨੇ ਦਾ ਦਮ ਤੋੜ ਦਿੰਦਾ ਹੈ। ਸੁਪਨਾ ਧੁਰ ਅਵਚੇਤਨ ਵਿਚ ਕਿਧਰੇ ਸੌਂ ਜਾਂਦਾ। ਸਰਵਣ ਸਿੰਘ ਦੀਆਂ ਲਿਖਤਾਂ ਨੇ ਪਾਠਕ ਦੇ ਮਨਾਂ ਉੱਤੋਂ ਸਵਾਹ ਪਾਸੇ ਕੀਤੀ ਤੇ ਹਰੇਕ ਬੰਦੇ ਦੇ ਮਨ ਅੰਦਰ ਧੁਰ ਹੇਠਾਂ ‘ਗਵਾਚੇ ਖਿਡਾਰੀ’ ਦੀ ਧੁਖਦੀ ਰੂਹ ਵਿਚ ਮਤਾਬੀਆਂ ਬਾਲ ਦਿੱਤੀਆਂ। ਉਹ ਮੇਰੇ ਵਰਗੇ ਅਨੇਕਾਂ-ਅਨੇਕ ਅਣਬਣੇ ਖਿਡਾਰੀਆਂ ਦੀਆਂ ਅਤ੍ਰਿਪਤ ਰੀਝਾਂ ਦਾ ਸਿਰਜਣਹਾਰ ਤੇ ਤ੍ਰਿਪਤ-ਕਰਤਾ ਹੋ ਨਿੱਬੜਿਆ। ਉਹ ਮੇਰੇ ਵਰਗੇ ਲੱਖਾਂ ਅਸਫ਼ਲ ਖਿਡਾਰੀਆਂ ਦਾ ਪਹਿਲਾ, ਵੱਡਾ ਤੇ ਇਕੋ ਇੱਕ ਸਫ਼ਲ ਖੇਡ ਲੇਖਕ ਬਣ ਗਿਆ।
ਸਰਵਣ ਸਿੰਘ ਆਪਣੇ ਪਾਠਕ ਨੂੰ ਖੇਡਾਂ ਵਿਖਾਉਣਾ ਤੇ ਖਿਡਾਉਣਾ ਜਾਣਦਾ ਸੀ। ਉਹਦੀ ਵਾਰਤਕ ਵਿਚ ਲੋਹੜੇ ਦਾ ਹੁਸਨ ਤੇ ਗ਼ਜ਼ਬ ਦਾ ਜ਼ੋਰ ਸੀ। ਉਹ ਪਹਿਲੇ ਫਿ਼ਕਰੇ ਤੋਂ ਪੈਂਦੀ ਸੱਟੇ ਹੀ ਪੜ੍ਹਨ ਵਾਲੇ ਨੂੰ ਕਿਰਪਾਲ ਸਾਧ ਵਾਂਗ ‘ਗੁੱਟ’ ਤੋਂ ਐਸਾ ਘੁੱਟ ਕੇ ਫੜਦਾ ਕਿ ਪਾਠਕ ਕਿਸੇ ਹੋਰ ਪਾਸੇ ਸੋਚਣ ਜਾਂ ਜਾਣ ਦੀ ਤਾਕਤ ਗਵਾ ਬਹਿੰਦਾ। ਉਹ ਅਗਲਾ ਫਿ਼ਕਰਾ ਪੜ੍ਹਨ ਲਈ ਕਲਵਲ ਹੋ ਉੱਠਦਾ। ਪਹਿਲੇ ਪੈਰੇ ਵਿਚ ਹੀ ਸਰਵਣ ਸਿੰਘ ਕਲਮ ਦੀ ਨੋਕ ਦੀ ਇੱਕੋ ਅੜੇਸ ਨਾਲ ਖਿਡਾਰੀ ਬਾਰੇ ਜਾਣਕਾਰੀ ਦਾ ਭਰਿਆ-ਭਰਾਇਆ ਗੱਡਾ ਉਲੱਦ ਸੁੱਟਦਾ। ਇਸ ਗੱਡੇ ਤੋ ‘ਬੋਰੀਆਂ’ ਦੀ ਥਾਂ ਸੋਨ-ਰੰਗੇ ਸ਼ਬਦਾਂ ਦੀਆਂ ਮੁਹਰਾਂ ਡਿੱਗਦੀਆਂ। ਉਹ ਖਿਡਾਰੀ ਦੇ ਕੱਦ, ਭਾਰ, ਰੰਗ, ਖੇਡੇ ਟੂਰਨਾਮੈਂਟਾਂ, ਬਣਾਏ ਰੀਕਾਰਡਾਂ, ਘੁੰਮੇਂ ਦੇਸ਼ਾਂ, ਜਿੱਤਾਂ-ਹਾਰਾਂ,ਰੁਚੀਆਂ ਤੇ ਸਵਾਦਾਂ ਦੀਆਂ ਗਿਣਤੀਆਂ-ਮਿਣਤੀਆਂ, ਪ੍ਰਾਪਤੀਆਂ, ਤਮਗਿ਼ਆਂ ਅਤੇ ਹੋਰ ਜੁੜਵੇਂ ਵੇਰਵਿਆਂ ਦੀ ਝੜੀ ਲਾ ਦਿੰਦਾ। ਉਹਦੇ ਫਿ਼ਕਰਿਆਂ ਦੀ ਲਿਸ਼ਕ ਵਿਚ ਖਿਡਾਰੀ ਦਾ ਮਾਣ-ਮੱਤਾ ਆਪਾ ਹੱਸਦਾ-ਮੁਸਕਰਾਉਂਦਾ ਸਾਡੀਆਂ ਅੱਖਾਂ `ਚੋਂ ਲੰਘ ਕੇ ਸਮੂਲਚਾ ਸਾਡੇ ਮਨ-ਮਸਤਕ ਵਿਚ ਆਣ ਬਹਿੰਦਾ। ਖਿਡਾਰੀ ਦੀਆਂ ਰਗ਼ਾਂ ਵਿਚ ਦੌੜ ਰਿਹਾ ਗਰਮ ਖੂਨ ਪਾਠਕਾਂ ਦੀਆਂ ਰਗ਼ਾਂ ਵਿਚ ਉਬਾਲੇ ਲੈਣ ਲੱਗਦਾ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ-ਵੇਰਵੇ ਅਜਿਹੀ ਸੁਹਜੀਲੀ-ਜੜਤ ਵਿਚ ਪੇਸ਼ ਕਰਦਾ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ। ਉਹ ਨਹਾਇਤ ਉਮਦਾ ਕਾਰਾਗਾਰੀ ਨਾਲ ਸ਼ਬਦਾਂ ਤੇ ਵਾਕਾਂ ਨੂੰ ਸੰਜੋਦਾ-ਬੀੜਦਾ ਕਿ ਖਿਡਾਰੀ ਸਾਮਰਤੱਖ ਜਿ਼ੰਦਗੀ ਤੇ ਖੇਡ ਦੇ ਮੈਦਾਨ ਵਿਚ ਕਾਰਜਸ਼ੀਲ ਹੋਇਆ ਦਿਸਣ ਲੱਗਦਾ। ਖੇਡ ਜਾਂ ਖਿਡਾਰੀ ਮੈਦਾਨ ਵਿਚ ਜਿੱਤਣ ਲਈ ਸਿਖ਼ਰਲਾ ਜ਼ੋਰ ਲਾਉਂਦੇ ਤਾਂ ਪੜ੍ਹਨ ਵਾਲੇ ਦੀਆਂ ਭਵਾਂ ਤਣ ਜਾਂਦੀਆਂ, ਮੱਥੇ ਦੇ ਵੱਟ ਕੱਸੇ ਜਾਂਦੇ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ, ਜਿਸਮ ਉਤਸੁਕਤਾ ਵਿਚ ਸੂਤਿਆ ਜਾਂਦਾ। ਸਰਵਣ ਸਿੰਘ ਪਾਠਕ ਨੂੰ ਮੈਦਾਨ ਵਿਚ ਭਜਾਈ ਸਾਹੋ ਸਾਹ ਕਰ ਦਿੰਦਾ। ਗੋਲ ਹੁੰਦਾ ਜਾਂ ਕਿਸੇ ਈਵੈਂਟ ਵਿਚ ਖਿਡਾਰੀ ਜਿੱਤ ਜਾਂਦਾ ਤਾਂ ਅਜਿਹੇ ਸਿਖ਼ਰਲੇ ਪਲਾਂ ਨੂੰ ਉਹ ਅਜਿਹੀ ਕਾਬਲੀਅਤ ਨਾਲ ਪੇਸ਼ ਕਰਦਾ ਕਿ ਪਾਠਕ ਦਾ ਬਾਹਵਾਂ ਉੱਚੀਆਂ ਕਰਕੇ ਬਦੋ ਬਦੀ ਲਲਕਾਰਾ ਮਾਰਨ ਨੂੰ ਜੀ ਕਰ ਆਉਂਦਾ। ਜੇ ਅਥਲੀਟ ਜਾਂ ਟੀਮ ਹਾਰ ਜਾਂਦੀ ਤਾਂ ਉਹ ਮੈਦਾਨ ਵਿਚ ਢੱਠੇ, ਹਾਰੇ, ਅੱਥਰੂ ਕੇਰਦੇ ਖਿਡਾਰੀਆਂ ਦਾ ਅਜਿਹਾ ਮਾਰਮਿਕ ਦ੍ਰਿਸ਼ ਬੰਨ੍ਹਦਾ ਕਿ ਲਿਖਤ ਪੜ੍ਹਨ ਤੋਂ ਬਾਦ ਵੀ ਪਾਠਕ ਕਈ ਚਿਰ ਉਸ ਹਾਰ ਦਾ ਦੁੱਖ, ਪੀੜ ਤੇ ਨਮੋਸ਼ੀ ਆਪਣੇ ਨਾਲ ਨਾਲ ਚੁੱਕੀ ਫਿਰਦਾ। ਉਹਦੇ ਏਸੇ ਲਿਖਣ-ਅੰਦਾਜ਼ ਨੂੰ ਡਾ ਹਰਿਭਜਨ ਸਿੰਘ ਨੇ ‘ਅਥਲੈਟਿਕ ਸ਼ੈਲੀ’ ਨਾਲ ਤੁਲਨਾਇਆ ਸੀ।
ਬੜੇ ਹੀ ਵਿਰਲੇ ਲੇਖਕਾਂ ਨੂੰ ਇਹ ਮਾਣ ਜਾਂਦਾ ਹੈ ਕਿ ਉਹਨਾਂ ਦੀਆਂ ਪਹਿਲੀਆਂ ਰਚਨਾਵਾਂ ਵਿਚੋਂ ਹੀ ਸਿਖ਼ਰਲੀ ਕਲਾਕਾਰੀ ਦਾ ਹੁਸਨ ਡਲ੍ਹਕਾਂ ਮਾਰਦਾ ਦਿਸੇ। ਸਰਵਣ ਸਿੰਘ ਦੀਆਂ ‘ਆਰਸੀ’ ਵਿਚ ਛਪ ਰਹੀਆਂ ਪਹਿਲੀਆਂ ਰਚਨਾਵਾਂ ਹੀ ਮਾਊਂਟ-ਐਵਰੈੱਸਟੀ ਬੁਲੰਦੀ ਤੋਂ ਬੋਲਦੀਆਂ ਸਨ। ਉਸ ਕੋਲ ਸ਼ਬਦਾਂ ਦੇ ਹੁਸਨ ਨੂੰ ਪਛਾਨਣ, ਤਰਤੀਬਣ ਤੇ ਵਿਉਂਤਣ ਦੀ ਅਲੋਕਾਰੀ ਸਮਰੱਥਾ ਸੀ। ਉਹ ਕਵਿਤਾ ਲਿਖਣ ਵਾਂਗ `ਕੱਲੇ `ਕੱਲੇ ਸ਼ਬਦ ਦੀ ਚੋਣ ਕਰਦਾ। ਜਿਵੇਂ ਸੂਝਵਾਨ ਸੁਨਿਆਰਾ ਛੋਟੀ ਚਿਮਟੀ ਨਾਲ ਨਗੀਨਿਆਂ ਨੂੰ ਚੁੱਕਦਾ ਤੇ ਪੂਰੀ ਸਿਆਣਪ, ਕਾਰੀਗਰੀ ਤੇ ਕਲਾਕਾਰੀ ਨਾਲ ਉਸਨੂੰ ਗਹਿਣਿਆਂ ਵਿਚ ਜੜਦਾ ਹੈ ਓਵੇਂ ਹੀ ਸਰਵਣ ਸਿੰਘ ਇਹਨਾਂ ‘ਨਗੀਨੇ ਸ਼ਬਦਾਂ’ ਨੂੰ ਵਾਕਾਂ ਵਿਚ ਇਸ ਅੰਦਾਜ਼ ਨਾਲ ਜੋੜਦਾ ਬੀੜਦਾ ਕਿ ਸ਼ਬਦਾਂ ਦੀ ਇਸ ਸੁਹਜੀਲੀ ਜੜਤ ਦੇ ਜਲੌਅ ਵਿਚੋਂ ਜਿ਼ੰਦਗੀ ਦਾ ਬਹੁਰੰਗਾ, ਬਹੁ-ਅਰਥੀ ਤੇ ਬਹੁ-ਪ੍ਰਭਾਵੀ ਹੁਸਨ ਝਲਕਾਰੇ ਮਾਰਨ ਲੱਗਦਾ। ਸਰੀਰ ਨਾਲ ਤਾਂ ਉਸ ਤੋਂ ਇੱਛਾ ਅਨੁਸਾਰ ਖੇਡਿਆ ਤੇ ਜਿੱਤਿਆ ਨਹੀਂ ਸੀ ਜਾ ਸਕਿਆ, ਪਰ ਸ਼ਬਦਾਂ ਨਾਲ ਖੇਡਣ ਦਾ ਉਹ ਚੈਂਪੀਅਨ ਹੋ ਨਿੱਬੜਿਆ। ਉਹਦਾ ਦਿਲ ਕਰਦਾ ਤਾਂ ਸ਼ਬਦਾਂ ਵਿਚ ਅਜਿਹੇ ਰੰਗ ਘੋਲਦਾ ਕਿ ਪੜ੍ਹਨ ਵਾਲੇ ਸਾਹਮਣੇ ਮੂਰਤਾਂ ਬਣਨ ਲੱਗਦੀਆਂ। ਦਿਲ ਚਾਹੁੰਦਾ ਤਾਂ ਸ਼ਬਦਾਂ ਦੀ ਐਸੀ ਫਿ਼ਲਮੀ ਰੀਲ ਚਲਾਉਂਦਾ ਕਿ ਪਾਠਕ ‘ਦਰਸ਼ਕ’ ਬਣ ਕੇ ਰੰਗ-ਰਸ ਭਰੀ ਚੱਲਦੀ ਫਿ਼ਲਮ ਦਾ ਆਨੰਦ ਮਾਨਣ ਲੱਗਦਾ। ਇੰਜ ਉਹ ‘ਅਥਲੈਟਿਕ ਸ਼ੈਲੀ’ ਦੇ ਨਾਲ ‘ਚਿਤ੍ਰਾਤਮਕ ਸ਼ੈਲੀ’, ‘ਦ੍ਰਿਸ਼ਾਤਮਕ ਸ਼ੈਲੀ’ ਤੇ ‘ਫਿ਼ਲਮਾਂਕਣ ਸ਼ੈਲੀ’ ਦਾ ਵੀ ਉਸਤਾਦ ਹੋ ਨਿੱਬੜਿਆ।
ਏਨਾ ਹੀ ਨਹੀਂ ਉਸ ਕੋਲ ਵਾਕਾਂ ਵਿਚ ਸੱਤੇ ਰੰਗ ਭਰਨ ਦਾ ਲਾਸਾਨੀ ਹੁਨਰ ਹੈ। ਬਾਲ ਨੂੰ ਲੈ ਕੇ ਕੋਈ ਖਿਡਾਰੀ ਛੂਟ-ਵਟਵੀਂ ਤੇਜ਼ੀ ਨਾਲ ਜਦੋਂ ਗੋਲ ਕਰਨ ਲਈ ਗੋਲਾਂ ਵੱਲ ਦੌੜਦਾ ਹੈ ਜਾਂ ਸੌ ਮੀਟਰ ਦੀ ਦੌੜ ਦੌੜਦਿਆਂ ਨੇੜੇ ਨੇੜੇ ਦੌੜ ਰਹੇ ਦੌੜਾਕ ਜਦੋਂ ਫਿਨਸਿ਼ੰਗ ਲਾਈਨ ਨੂੰ ਛੁਹਣ ਲਈ ਪੂਰਾ ਤਾਣ ਲਾ ਰਹੇ ਹੁੰਦੇ ਹਨ ਤਾਂ ਉਸ ਵੇਲੇ ‘ਵੇਖੀਏ ਭਈ! ਹੁਣ ਕੀ ਬਣਦੈ?” ਵਾਲੀ ਦਰਸ਼ਕਾਂ ਦੇ ਮਨ ਦੀ ਸਿਖ਼ਰਲੀ ਜਗਿਆਸਾ, ਕਾਹਲੀ, ਖੁਤਖੁਤੀ ਅਤੇ ਅੰਤਲਾ ਨਤੀਜਾ ਜਾਣ ਲੈਣ ਦੀ ਤੀਬਰ ਅਭਿਲਾਸ਼ਾ ਸਰਵਣ ਸਿੰਘ ਦੇ ਸ਼ਬਦਾਂ ਵਿਚ ਪੂਰੇ ਤਾਣ-ਮਾਣ ਨਾਲ ਦੌੜਦੀ ਹੈ। ਪਾਠਕ ਲਿਖਤ ਦੇ ਅੰਤ ਨੂੰ ਜਾਨਣ ਲਈ ਰਚਨਾ ਦੇ ਨਾਲ ਨਾਲ ਦੌੜਿਆ ਜਾਂਦਾ ਹੈ। ਪਰ ਆਪਣੇ ਤਰਕ-ਸੰਗਤ ਅੰਜਾਮ ਤੱਕ ਪਹੁੰਚਣ ਤੋਂ ਪਹਿਲਾ ਸ਼ਬਦਾਂ ਨਾਲ ਖੇਡਦਿਆਂ ਸਰਵਣ ਸਿੰਘ ਪਾਠਕ-ਦਰਸ਼ਕ ਨੂੰ ਕਾਬੂ ਕਰੀ ਰੱਖਣ ਲਈ ਕਈ ਤਰ੍ਹਾਂ ਦੀ ‘ਡਰਿਬਲਿੰਗ’ ਕਰਦਾ, ਝਕਾਨੀਆਂ ਦਿੰਦਾ ਅਨੇਕਾਂ ਕੌਤਕ ਰਚਦਾ ਹੈ।
ਇਕ ਕੌਤਕ ਹੈ ਉਸ ਵੱਲੋਂ ਆਪਣੀ ਲਿਖਤ ਰਾਹੀਂ ਪਾਠਕ ਨੂੰ ਇੰਦਰਿਆਵੀ-ਰਸ ਦੇਣ ਲਈ ਸੁਚੇਤ ਪਰ ਬੜਾ ਸਹਿਜ ਤੇ ਸਫ਼ਲ ਯਤਨ ਕਰਨਾ। ‘ਅੱਖਾਂ’ ਦੀ ਭੁੱਖ ਤ੍ਰਿਪਤ ਕਰਨ ਲਈ ਉਹ ਕਈ ਹੀਲੇ ਕਰਦਾ ਹੈ। ਹਰੀਆਂ ਫ਼ਸਲਾਂ, ਖਿੜੇ-ਮਹਿਕੇ ਫੁੱਲਾਂ, ਝੀਲਾਂ-ਦਰਿਆਵਾਂ ਦੇ ਪਾਣੀ ਦੀਆਂ ਲਿਸ਼ਕੋਰਾਂ, ਅਸਮਾਨ ਵਿਚ ਉੱਡਦੀਆਂ ਤਿੱਤਰ-ਖੰਭੀਆਂ ਬਦਲੀਆਂ, ਭੁੱਜਦੇ ਰੇਤੇ, ਉੱਡਦੀ ਧੂੜ, ਘਿਰ ਆਏ ਬੱਦਲਾਂ, ਵਰ੍ਹਦੇ ਮੂਸਲੇਧਾਰ ਮੀਂਹਾਂ, ਸਿਰ `ਤੇ ਆਏ ਸੂਰਜ ਦੀ ਲਿਸ਼ਕ ਤੇ ਡੁੱਬਦੇ ਸੂਰਜ ਦੀ ਲਾਲੀ ਆਦਿ ਦੇ ਦ੍ਰਿਸ਼ ਸਿਰਜ ਕੇ ਉਹ ਆਪਣੀ ਰਚਨਾ ਵਿਚ ਪ੍ਰਕਿਰਤੀ ਦਾ ਹੁਸਨ ਆਪਣੇ ਪੂਰੇ ਜਲੌਅ ਵਿਚ ਦ੍ਰਿਸ਼ਟਮਾਨ ਕਰ ਦਿੰਦਾ ਹੈ। ਖਿਡਾਰੀਆਂ ਦੇ ਟਰੈਕ ਸੂਟਾਂ ਦੇ ਰੰਗ, ਉਹਨਾਂ ਦੇ ਪਿੰਡੇ ਤੋਂ ਵਹਿੰਦਾ ਮੁੜ੍ਹਕਾ, ਮੱਥੇ ਦੇ ਵੱਟ, ਅੱਖਾਂ ਦੀ ਗਹਿਰ, ਜਿੱਤ ਦਾ ਖੇੜਾ ਤੇ ਹਾਰ ਦੀ ਨਮੋਸ਼ੀ, ਪਿੰਡਿਆਂ ਅਤੇ ਪੰਡਾਲਾਂ ਦੇ ਰੰਗ ਪਾਠਕ ਨੂੰ ਸਾਕਾਰ ਦਿਸਣ ਲਾ ਦਿੰਦਾ ਹੈ। ‘ਕੰਨ-ਰਸ’ ਦੇਣ ਲਈ ਉਹਦੀ ਵਾਰਤਕ ਵਿਚ ਕਿਤੇ ਵੰਝਲੀਆਂ, ਸਾਰੰਗੀਆਂ ਤੇ ਅਲਗੋਜਿ਼ਆਂ ਦੀਆਂ ਸੁਰਾਂ ਸੁਣਦੀਆਂ ਹਨ; ਕਿਤੇ ਨਚਾਰ ਦੇ ਪੈਰਾਂ ਵਿਚ ਬੱਝੇ ਘੁੰਗਰੂ ਛਣਕਦੇ ਹਨ; ਕਿਤੇ ਰਣਜੀਤ ਸਿੰਘ ਸਿਧਵਾਂ ਤੇ ਚੰਦ ਸਿੰਘ ਜੰਡੀ ਦੀ ਬੁਲੰਦ ਆਵਾਜ਼ ਵਿਚ ‘ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ’ ਦੀ ਉੱਚੀ ਹੇਕ ਸੁਣਾਈ ਦਿੰਦੀ ਹੈ। ਜੇ ਸੁੰਘਣ-ਸ਼ਕਤੀ ਨੂੰ ਤ੍ਰਿਪਤ ਕਰਨ ਲਈ ਉਹਦੀਆਂ ਲਿਖਤਾਂ ਵਿਚ ਤਲ਼ੇ ਜਾਂਦੇ ਪਕੌੜਿਆਂ, ਬਣਦੀਆਂ ਜਲੇਬੀਆਂ, ਪੱਤ ਚੜ੍ਹਨ `ਤੇ ਆਏ ਗੁੜ ਦੀ ਮਹਿਕ; ਰਿੱਝਦੇ ਮਸਾਲੇਦਾਰ ਮਾਸ ਦੀ ਵਾਸ਼ਨਾਂ, ਭੱਠੀ `ਚੋਂ ਨਿਕਲਦੀ ਤੱਤੀ ਦੇਸੀ ਸ਼ਰਾਬ ਦੀ ‘ਖ਼ੁਸ਼ਬੋ’ ਨਾਸਾਂ ਵਿਚ ਜਲੂਣ ਛੇੜਦੀ ਹੈ ਤਾਂ ਨਾਲ ਹੀ ਬੱਕਰੀ ਦਾ ਦੁੱਧ ਪਾ ਕੇ ਬਣਾਈ ਕੁੜੰਘੀ ਚਾਹ, ਭਾਫ਼ਾਂ ਛੱਡਦੇ ਗਰਮ ਤੜਕਾਏ ਸਾਗ ਵਿਚ ਘੁਲਦੀ ਮੱਖਣੀ, ਕਾੜ੍ਹਨੀ ਵਿਚ ਕੜ੍ਹਦੇ ਦੁੱਧ ਉੱਤੇ ਤਰਦੀ ਗੇਰੂਆ ਮਲਾਈ ਦਾ ਸਵਾਦ ਵੀ ਜੀਭ ਉੱਤੇ ਤੈਰਨ ਲੱਗਦਾ ਹੈ। ਪਾਠਕ ਇੰਦਿਆਰਵੀ-ਰਸ ਦਾ ਸਵਾਦ ਮਾਣਦਾ ਅੰਦਰੇ ਅੰਦਰ ਚਟਖ਼ਾਰੇ ਲੈਂਦਾ ਲਿਖਤ ਦੇ ਨਾਲ ਨਾਲ ਭੱਜਾ ਜਾਂਦਾ ਹੈ।
ਇੰਜ ਉਹ ਮਿਕਨਾਤੀਸੀ ਖਿੱਚ ਸਿਰਜ ਕੇ ਪਾਠਕ ਨੂੰ ਰਚਨਾ ਨਾਲ ਜੋੜੀ ਰੱਖਦਾ ਹੈ, ਤੋਰੀ ਰੱਖਦਾ ਹੈ। ਤੁਰਦਿਆਂ ਤੁਰਦਿਆਂ ਪਾਠਕ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਉਹ ਸ਼ਬਦਾਂ ਦੇ ਸਿਰਜੇ ਅਜਿਹੇ ਤਲਿਸਮੀ ਸੰਸਾਰ ਵਿਚ ਪਹੁੰਚ ਗਿਆ ਹੈ ਜਿੱਥੇ ਉਹਦੀ ਸਮੁੱਚੀ ਹੋਂਦ ਕੀਲੀ ਗਈ ਹੈ। ਉਹ ‘ਸਰਵਣ ਸਿੰਘ’ ਤੇ ਸਰਵਣ ਸਿੰਘ ‘ਉਹ’ ਹੋ ਗਿਆ ਹੈ। ਸਰਵਣ ਸਿੰਘ ਵੱਲੋਂ ਆਪਣੇ ਰਚਨਈ ਸੰਸਾਰ ਦੇ ਇਸ ਤਲਿੱਸਮੀ ਸੰਸਾਰ ਵਿਚ ਪਾਠਕ ਨੂੰ ਉਤਾਰ ਲੈਣ ਤੋਂ ਭਾਵ ਇਹ ਹੈ ਕਿ ਸਰਵਣ ਸਿੰਘ ਦੀ ਰਚਨਾ ਕੇਵਲ ਤਰਦੀ-ਤਰਦੀ ਬਿਰਤਾਂਤ-ਬਾਜ਼ੀ ਤੱਕ ਸੀਮਤ ਨਹੀਂ ਸਗੋਂ ਉਹ ਬੰਦਿਆਂ, ਘਟਨਾਵਾਂ, ਸਥਿਤੀਆਂ ਅਤੇ ਵਰਤਾਰਿਆਂ ਦੇ ਡੂੰਘ ਵਿਚ ਉੱਤਰ ਜਾਣ ਦੀ ਅਸੀਮ ਰਚਨਈ ਸਮਰੱਥਾ ਦਾ ਮਾਲਕ ਹੈ। ਉਹ ਜਿ਼ੰਦਗੀ ਦੇ, ਮਨੁੱਖੀ ਵਿਹਾਰ ਦੇ ਅਨੇਕਾਂ ਝਰੋਖੇ ਖੋਲ੍ਹ ਦਿੰਦਾ ਹੈ ਜਿਨ੍ਹਾਂ ਵਿਚੋਂ ਜਿ਼ੰਦਗੀ ਦੀ ਸਮਝ ਦੇ ਅਨੇਕਾਂ ਕੋਨੇ ਸਾਡੇ ਸਾਹਵੇਂ ਲਿਸ਼-ਲਿਸ਼ ਲਿਸ਼ਕਣ ਲੱਗਦੇ ਹਨ।
ਇਹ ਸਭ-ਕੁਝ ਕਰਨਾ ਸਰਵਣ ਸਿੰਘ ਦੀ ਰਚਨਾ-ਜੁਗਤ ਦਾ ਹਿੱਸਾ ਹੈ। ਉਹ ਮਨੁੱਖ ਦੇ ਮਨ ਅੰਦਰ ਪਏ ਸਥਾਈ ਭਾਵਾਂ ਨੂੰ ਟੁੰਬਣ ਦਾ ਹੁਨਰ ਵੀ ਬਾਖ਼ੂਬੀ ਜਾਣਦਾ ਹੈ। ਸੂਖ਼ਮ ਕਿਸਮ ਦਾ ਹਾਸ-ਵਿਅੰਗ ਤੇ ਟਿੱਚਰ-ਵਿਨੋਦ ਉਹਦੀ ਰਚਨਾ ਜੁਗਤ ਦਾ ਮੀਰੀ ਗੁਣ ਹੈ। ਉਹ ਪਾਠਕ ਨੂੰ ਕੁਤਕੁਤਾਰੀਆਂ ਕਰੀ ਜਾਂਦਾ ਹੈ, ਹਸਾਈ ਵੀ ਜਾਂਦਾ ਹੈ ਤੇ ਜਿ਼ੰਦਗੀ ਦੀ ਕਿਸੇ ਟੇਢ, ਨੁਕਸ ਤੇ ਬੇਤਰਤੀਬੀ ਦੀ ਸੁਹਜਮਈ ਠੁਕਾਈ ਵੀ ਕਰੀ ਜਾਂਦਾ ਹੈ ਤਾਕਿ ਸਥਿਤੀਆਂ, ਸਰਕਾਰਾਂ, ਹਾਲਾਤ, ਬੰਦਿਆਂ ਅਤੇ ਵਰਤਾਰਿਆਂ ਦੇ ਵਲ-ਵਿੰਗ ਸਿੱਧੇ ਤੇ ਸੂਤ ਹੋ ਜਾਣ। ਉਸਦੀ ਲਿਖਤ ਵਿਚ ਅਕਸਰ ਉਤਸ਼ਾਹ, ਖੇੜੇ, ਹੁਲਾਸ ਅਤੇ ਆਨੰਦ ਦਾ ਮਾਹੌਲ ਹੁੰਦਾ ਹੈ ਪਰ ਲੋੜ ਪੈਣ `ਤੇ ਉਹ ਕਿਤੇ ਕਿਤੇ ਸਥਿਤੀ ਦੀ ਮੰਗ ਅਨੁਸਾਰ ਵਿਚ-ਵਿਚ ਅੱਥਰੂਆਂ ਦਾ ਛਿੱਟਾ ਵੀ ਦਈ ਜਾਂਦਾ ਹੈ। ਪਰ ਉਹ ਪਾਠਕ ਨੂੰ ਅੱਥਰੂਆਂ ਵਿਚ ਡੁੱਬਣ ਨਹੀਂ ਦਿੰਦਾ। ਮਾੜੀਆਂ ਜਿਹੀਆਂ ਅੱਖਾਂ ਸਿੱਲ੍ਹੀਆਂ ਹੁੰਦੀਆਂ ਹਨ ਤਾਂ ਉਹ ਫਿਰ ਪਾਠਕ ਦੀ ਵੱਖੀ ਕੁਤਕੁਤਾ ਦਿੰਦਾ ਹੈ। ਰੋਂਦੇ-ਰੋਂਦੇ ਬੰਦੇ ਦੇ ਬੁੱਲ੍ਹਾਂ `ਤੇ ਮੁੜ ਮੁਸਕਣੀ ਖਿੜ ਉੱਠਦੀ ਹੈ। ਉਹਦੀ ਰਚਨਾ ਪੜ੍ਹਦਿਆਂ ਪੜ੍ਹਦਿਆਂ ਪਾਠਕ ਰੰਗ, ਰਸ, ਗੰਧ ਦਾ ਸਵਾਦ ਵੀ ਮਾਣਦਾ ਹੈ; ਹੱਸਦਾ-ਮੁਸਕਰਾਉਂਦਾ ਵੀ ਹੈ; ਉਹਦੀਆਂ ਅੱਖਾਂ ਵੀ ਭਿੱਜਦੀਆਂ ਹਨ; ਮੁੜ੍ਹਕੋ-ਮੁੜ੍ਹਕੀ ਵੀ ਹੁੰਦਾ ਹੈ; ਰੋਹ ਵਿਚ ਵੀ ਆਉਂਦਾ ਹੈ, ਜਿੱਤ ਦੇ ਮੰਚ `ਤੇ ਖਿਡਾਰੀ ਨਾਲ ਖਲੋ ਕੇ ਆਨੰਦਤ ਵੀ ਹੁੰਦਾ ਹੈ, ਅਸਫ਼ਲ ਹੋਣ `ਤੇ ਨਿੰਮੋਝੂਣ ਉਦਾਸੀ ਵਿਚ ਸਿਰ ਵੀ ਸੁੱਟਦਾ ਹੈ, ਦੇਸ-ਵਿਦੇਸ ਦੇ ਹਾਲਾਤ ਪੜ੍ਹਦਿਆਂ, ਉਹਨਾਂ ਸਾਰੀਆਂ ਥਾਵਾਂ `ਤੇ ਵਿਚਰਦਿਆਂ ਹੀ ਮਹਿਸੂਸ ਨਹੀਂ ਕਰਦਾ ਸਗੋਂ ਜਿ਼ੰਦਗੀ ਦੇ ਅਨੇਕਾਂ ਵਰਤਾਰਿਆਂ ਦੀ ਸਹਿਜ ਸਮਝ ਵੀ ਪ੍ਰਾਪਤ ਕਰਦਾ ਹੈ।
ਅਜਿਹੀ ਸਮਝ ਕੋਈ ਲੇਖਕ ਤਦ ਹੀ ਦੇ ਸਕਣ ਦੇ ਸਮਰੱਥ ਹੁੰਦਾ ਹੈ ਜੇ ਉਸ ਕੋਲ ਸੰਵੇਦਨਸ਼ੀਲ ਮਨ ਹੋਵੇ, ਜਰਖ਼ੇਜ਼ ਦਿਮਾਗ਼ ਹੋਵੇ, ਜਿੰ਼ਦਗੀ ਦਾ ਵਸੀਹ ਅਨੁਭਵ ਹੋਵੇ, ਅਧਿਅਨ ਦਾ ਖ਼ਜ਼ਾਨਾ ਅੰਗ-ਸੰਗ ਹੋਵੇ, ਇਤਿਹਾਸ ਦੀ ਡੂੰਘੀ ਸੂਝ ਹੋਵੇ, ਖੋਜੀ ਦੀ ਬਰੀਕ ਬਿਰਤੀ ਹੋਵੇ, ਜਜ਼ਬਿਆਂ ਦੀਆਂ ਉੱਬੜ-ਖਾਬੜ ਘਾਟੀਆਂ ਵਿਚੋਂ ਅਡਿੱਗ ਤੇ ਅਡੋਲ ਰਹਿ ਕੇ ਪਾਰ ਜਾ ਸਕਣ ਦਾ ਭਾਵੁਕ-ਸੰਤੁਲਨ ਹੋਵੇ, ‘ਆਕਾਸ਼’ ਵਿਚ ਖਲੋ ਕੇ ‘ਧਰਤੀ’ ਨੂੰ ਵੇਖਣ, ਵਾਚਣ ਤੇ ਵਿਵੇਚਣ ਦੀ ਤਾਜ਼ੀ, ਤਿੱਖੀ ਤੇ ਦੂਰ-ਦਰਸ਼ੀ ਨਜ਼ਰ ਹੋਵੇ। ਇਹ ਸਭ ਕੁਝ ਤਾਂ ਕੱਚਾ ਮਸਾਲਾ ਹੈ। ਲਿਖਣ ਦੇ ਬੇਸ਼ਕੀਮਤੀ ਹੁਨਰ ਦੀ ਬਦੌਲਤ ਹੀ ਕੋਈ ਲੇਖਕ ਇਸ ਮਸਾਲੇ ਵਿਚੋਂ ਦਰਸ਼ਨੀ, ਸੁਹਜਮਈ, ਆਕਰਸ਼ਕ, ਆਦਰਸ਼ਕ, ਚਿਰਜੀਵੀ ਤੇ ਪ੍ਰਭਾਵਸ਼ਾਲੀ ਆਕਾਰ ਘੜਣ ਦੇ ਸਮਰੱਥ ਹੁੰਦਾ ਹੈ। ਸਰਵਣ ਸਿੰਘ ਇਹਨਾਂ ਸਾਰੀਆਂ ਬਰਕਤਾਂ ਨਾਲ ਮਾਲਾ-ਮਾਲ ਹੈ। ਉਹ ਸ਼ਬਦ-ਘਾੜਾ ਵੀ ਹੈ; ਸੁਹਜ-ਘਾੜਾ; ਸੂਰਤ-ਘਾੜਾ ਤੇ ਸੁਰਤ-ਘਾੜਾ ਵੀ ਹੈ।
ਨਿਸਚੈ ਹੀ ਸਰਵਣ ਸਿੰਘ ਦਾ ਪੰਜਾਬੀ ਵਾਰਤਕ ਲੇਖਣ ਦੇ ਖੇਤਰ ਵਿਚ ਵਿਲੱਖਣ ਸਥਾਨ ਹੈ। ਇਹ ਠੀਕ ਹੈ ਕਿ ਉਹ ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਾ ਪਹਿਲਾ, ਵੱਡਾ ਤੇ ਪ੍ਰਮਾਣਿਕ ਲੇਖਕ ਹੈ ਪਰ ਸਰਵਣ ਸਿੰਘ ਨੇ ਸਿਰਫ਼ ਖੇਡਾਂ ਜਾਂ ਖਿਡਾਰੀਆਂ ਬਾਰੇ ਹੀ ਨਹੀਂ ਲਿਖਿਆ। ਉਹਦੀਆਂ ਲਿਖਤਾਂ ਵਿਚ ਪੰਜਾਬ ਦਾ ਪਿੰਡ ਆਪਣੇ ਸਾਰੇ ਰੰਗਾਂ, ਸੁਰਤੀਆਂ-ਬਿਰਤੀਆਂ ਵਿਚ ਉੱਠਦਾ, ਜਾਗਦਾ, ਅੰਗੜਾਈ ਭਰਦਾ, ਹੱਸਦਾ-ਖੇਡਦਾ, ਤਰਦਾ-ਡੁੱਬਦਾ, ਚੜ੍ਹਦਾ-ਤਿਲਕਦਾ, ਖਲੋਤਾ-ਤੁਰਦਾ, ਲਲਕਾਰੇ ਮਾਰਦਾ ਤੇ ਭੁੱਬੀਂ ਰੋਂਦਾ ਦਿਖਾਈ ਦਿੰਦਾ ਹੈ। ਅੱਜ ਤੱਕ ਪੰਜਾਬ ਦੇ ਪਿੰਡਾਂ ਬਾਰੇ ਸਭ ਤੋਂ ਪ੍ਰਮਾਣਿਕ ਪੁਸਤਕ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਗਿਣੀ ਜਾਂਦੀ ਹੈ। ਗੁਰਦਿੱਤ ਸਿੰਘ ਨੇ ਪੰਜਾਬ ਦੇ ਪਿੰਡ ਦੀ ਕਹਾਣੀ ਨੂੰ ਜਿੱਥੇ ਛੱਡਿਆ ਸੀ, ਸਰਵਣ ਸਿੰਘ ਨੇ ਇਹ ‘ਦੌੜ’ ਉਸਤੋਂ ਅੱਗੇ ਸ਼ੁਰੂ ਕੀਤੀ ਹੈ। ‘ਪਿੰਡ ਦੀ ਸੱਥ ਚੋਂ’, ‘ਬਾਤਾਂ ਵਤਨ ਦੀਆਂ’ ਤੇ ‘ਫੇਰੀ ਵਤਨਾਂ ਦੀ’ ਪੜ੍ਹ ਕੇ ਹੀ ਪਤਾ ਲੱਗੇਗਾ ਕਿ ਗੁਰਦਿੱਤ ਸਿੰਘ ਤੋਂ ‘ਬੈਟਨ’ ਫੜ ਕੇ ਸਰਵਣ ਸਿੰਘ ਨੇ ‘ਆਪਣੇ ਹਿੱਸੇ ਦੀ ਦੌੜ’ ਕਿੰਨੇ ਤਾਣ ਤੇ ਸ਼ਾਨ ਨਾਲ ਦੌੜੀ ਹੈ ਤੇ ਇਹ ਦੌੜ ਜਿੱਤ ਕੇ ਗੱਲ ਨੂੰ ਕਿਵੇਂ ਸਿਰੇ ਲਾ ਦਿੱਤਾ ਹੈ। ਪਿਛਲੇ ਪੰਜਾਹ-ਸੱਠ ਸਾਲ ਵਿਚ ਪੰਜਾਬ ਦਾ ਪਿੰਡ ਕਿਵੇਂ ਜੀਵਿਆ, ਵਿਚਰਿਆ ਤੇ ਬਦਲਿਆ ਹੈ, ਇਸਦੀ ਸਭ ਤੋਂ ਵੱਡੀ ਯਾਦ-ਯੋਗ ਝਾਕੀ ਸਰਵਣ ਸਿੰਘ ਦੀਆਂ ਲਿਖਤਾਂ ਵਿਚੋਂ ਹੀ ਮਿਲੇਗੀ। ਇਹਨਾਂ ਲਿਖਤਾਂ ਵਿਚ ਬਦਲ ਰਹੇ ਪੰਜਾਬ ਦੀ ਆਤਮਾ ਦੇ ਬਹੁ-ਰੰਗੇ ਝਲਕਾਰੇ ਦ੍ਰਿਸ਼ਟਮਾਨ ਹੁੰਦੇ ਹਨ। ਉਹਨੇ ਗਿਆਨੀ ਗੁਰਦਿੱਤ ਸਿੰਘ ਦੇ ਬੁਲੰਦ ਝੰਡੇ ਦੇ ਨਾਲ ਆਪਣਾ ਝੰਡਾ ਵੀ ਬਰਾਬਰ ਗੱਡ ਦਿੱਤਾ ਹੈ। ਜੇ ਇਹ ਝੰਡਾ ਗਿਆਨੀ ਹੁਰਾਂ ਦੇ ਝੰਡੇ ਤੋਂ ਉੱਚਾ ਨਹੀਂ ਤਾਂ ਛੋਟਾ ਤਾਂ ਕਿਸੇ ਸੂਰਤ ਵਿਚ ਵੀ ਨਹੀਂ। ਮੇਰੇ ਦਿਲ ਦੀ ਸੁਣਦੇ ਓ ਤਾਂ ਸੱਚੀ ਗੱਲ ਜੇ, ਇਸਨੂੰ ਸਰਵਣ ਸਿੰਘ ਨਾਲ ਯਾਰੀ ਕਾਰਨ ਦਿੱਤੀ ਰਿਆਇਤ ਨਾ ਸਮਝਣਾ, ਸਰਵਣ ਸਿੰਘ ਦਾ ਝੰਡਾ ਗਿਆਨੀ ਹੁਰਾਂ ਦੇ ਝੰਡੇ ਨਾਲੋਂ ਉੱਚਾ ਲਹਿਰਾ ਰਿਹਾ ਜੇ। ਕਿਉਂ? ਕਿਉਂਕਿ ਆਪੋ ਆਪਣੇ ਵੇਲੇ ਦੇ ਪੰਜਾਬ ਦੇ ਪਿੰਡ ਬਾਰੇ ਜਾਣਕਾਰੀ ਦੀ ਪੱਧਰ ਦੇ ਜੇ ਦੋਵਾਂ ਲੇਖਕਾਂ ਨੂੰ ਬਰਾਬਰ ਨੰਬਰ ਵੀ ਦੇ ਦਿੱਤੇ ਜਾਣ ਤਦ ਵੀ ਗੱਲ ਕਹਿਣ ਦੇ ਅੰਦਾਜ਼ ਵਿਚ ਸਰਵਣ ਸਿੰਘ ਨਾਲ ਗਿਆਨੀ ਜੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਸਰਵਣ ਸਿੰਘ ਇਸ ਪੱਖੋਂ ਉਹਨਾਂ ਨਾਲੋਂ ਕਿਤੇ ਅੱਗੇ ਨਿਕਲ ਗਿਆ ਹੈ। ਸਰਵਣ ਸਿੰਘ ਵਰਗੀ ਵਾਰਤਕ ਗਿਆਨੀ ਹੁਰਾਂ ਤੋਂ ਨਹੀਂ ਲਿਖੀ ਜਾ ਸਕੀ। ਇਹ ਹਾਰੀ ਸਾਰੀ ਦੇ ਵਸ ਦਾ ਹੁਨਰ ਨਹੀਂ! ਹਾਰੀ ਸਾਰੀ ਇਹ ਵਾਰਤਕ ਕਾਹਨੂੰ ਲਿਖ ਸਕਦਾ ਹੈ! ਇਹ ਵਾਰਤਕ ਸਰਵਣ ਸਿੰਘ ਹੀ ਲਿਖ ਸਕਦਾ ਹੈ। ਇਹ ਕਮਾਲ ਸਰਵਣ ਸਿੰਘ ਦੀ ਕਲਮ ਨੂੰ ਹੀ ਨਸੀਬ ਹੋਇਆ ਹੈ।
ਸੱਚੀ ਗੱਲ ਤਾਂ ਇਹ ਹੈ ਕਿ ਡੂੰਘੀ ਤੇ ਵਿਆਪਕ ਸਾਹਿਤਕ, ਸਮਾਜਕ ਤੇ ਮਨੁੱਖੀ ਮਨ ਦੀ ਸੂਝ ਰੱਖਣ ਵਾਲਾ ਸਰਵਣ ਸਿੰਘ ਵਰਗਾ ਸੰਵੇਦਨਸ਼ੀਲ ਲੇਖਕ; ਜਿਸਨੂੰ ਦਿਲਕਸ਼, ਅਰਥਵਾਨ, ਧੂਹ-ਪਾਊ, ਜਗਦਾ ਤੇ ਜਾਗਦਾ ਫਿ਼ਕਰਾ ਲਿਖਣਾ ਆਉਂਦਾ ਹੈ, ਸਾਹਿਤ ਦੀ ਕਿਸੇ ਵੀ ਵਿਧਾ ਵਿਚ ਲਿਖੇਗਾ ਤਾਂ ਉਸਦੀ ਲਿਖਤ ਵਿਚੋਂ ਸੰਬੰਧਤ ਵਿਧਾ ਦੀ ਕਲਾਤਮਕ ਆਭਾ ਫੁੱਟ ਫੁੱਟ ਨਿਕਲੇਗੀ ਹੀ। ਸਭ ਤੋਂ ਪਹਿਲਾਂ ਮੇਰਾ ਧਿਆਨ ਸਰਵਣ ਸਿੰਘ ਦੀਆਂ ਗਾਹੇ-ਬ-ਗਾਹੇ ਲਿਖੀਆਂ ਚੰਦ ਕੁ ਕਹਾਣੀਆਂ ਵੱਲ ਜਾਂਦਾ ਹੈ। ਉਹਨੇ ਗਿਣਤੀ ਵਿਚ ਲਿਖੀਆਂ ਤਾਂ ਭਾਵੇਂ ਘੱਟ ਹੀ, ਪਰ ਜਿਹੜੀਆਂ ਵੀ ਲਿਖੀਆਂ, ਉਹਨਾਂ ਕਹਾਣੀਆਂ ਵਿਚੋਂ ਘੱਟੋ ਘੱਟ ਅੱਧੀਆਂ ਦਾ ਕੱਦ ਤਾਂ ਪੰਜਾਬੀ ਵਿਚ ਲਿਖੀਆਂ ਗਈਆਂ ਬਿਹਤਰੀਨ ਕਹਾਣੀਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ‘ਨਚਾਰ’ ਜਿੱਥੇ ਦੂਹਰੇ ਮਨੁੱਖੀ ਕਿਰਦਾਰ ਦੀ ਸਹਿਜ ਤੇ ਕਲਾਤਮਕ ਅੱਕਾਸੀ ਦੀ ਯਾਦਗ਼ਾਰੀ ਤਸਵੀਰ ਹੈ ਓਥੇ ਪੰਜਾਬ ਦੇ ਪੇਂਡੂ ਸਭਿਆਚਾਰ ਨਾਲ ਜੁੜੇ ਪਾਤਰਾਂ ਦੇ ਮਨਪ੍ਰਚਾਵੇ, ਮਾਹੌਲ, ਮਾਨਸਿਕਤਾ ਦਾ ਅਤਿ-ਪ੍ਰਭਾਵੀ ਜੀਵੰਤ ਚਿਤਰ ਵੀ ਹੈ। ‘ਬੁੱਢਾ ਤੇ ਬੀਜ’ ਉਸ ਸਿਰੜ੍ਹੀ, ਸਿਦਕੀ, ਸਬਰ-ਸਬੂਰੀ ਵਾਲੇ ਸੰਘਰਸ਼ਸ਼ੀਲ ਪੰਜਾਬੀ ਦੀ ਸਦਾ ਲਈ ਚੇਤਿਆਂ ਵਿਚ ਵੱਸ ਜਾਣ ਵਾਲੀ ਕਲਾਮਈ ਦਾਸਤਾਨ ਹੈ ਜਿਹੜਾ ਹਾਲਾਤ ਅੱਗੇ ਕਦੀ ਵੀ ਹਾਰ ਨਹੀਂ ਮੰਨਦਾ; ਜੋ ਬਾਰ ਬਾਰ ਡਿੱਗ ਕੇ ਮੁੜ ਉੱਠਦਾ ਹੈ ਤੇ ਹਰੇਕ ਅਸਾਵੀਂ ਤੇ ਅਣਸੁਖਾਵੀਂ ਸਥਿਤੀ ਵਿਚ ਹਰ ਵਾਰ ਨਵੀਂ ਲੜਾਈ ਲੜਨ ਲਈ ਤਿਆਰ ਰਹਿੰਦਾ ਹੈ। ‘ਹੈਮਿੰਗਵੇ’ ਦੇ ‘ਬੁੱਢਾ ਤੇ ਸਮੁੰਦਰ’ ਦੇ ਸੈਂਟੀਆਗੋ ਨਾਲ ਭਾਵੇਂ ਉਸਨੂੰ ਨਾ ਵੀ ਤੁਲਨਾਇਆ ਜਾਵੇ ਤਦ ਵੀ ਸੰਤੋਖ ਸਿੰਘ ਧੀਰ ਦੀ ਅਮਰ ਕਹਾਣੀ ‘ਕੋਈ ਇਕ ਸਵਾਰ’ ਦੇ ਬਾਰੂ ਤਾਂਗੇ ਵਾਲੇ ਨਾਲ ਤਾਂ ਇਹ ‘ਬਾਬਾ’ ਸਹਿਜੇ ਹੀ ਬਰ ਮੇਚਦਾ ਦਿਖਾਈ ਦਿੰਦਾ ਹੈ। ‘ਪੰਜ ਰੁਪਿਆਂ ਦਾ ਭਾਰ’ ਕਹਾਣੀ ਮਨੁੱਖੀ ਮਨ ਦੀ ਬਹੁ-ਰੰਗਤਾ, ਤਰਲਤਾ ਤੇ ਤਰੰਗਤਾ ਦਾ ਦਿਲ ਨੂੰ ਛੂਹ ਜਾਣ ਵਾਲਾ ਅਜਿਹਾ ਸਜਿੰਦ ਬਿਰਤਾਂਤ ਹੈ ਕਿ ਕਹਾਣੀ ਪੜ੍ਹਦਿਆਂ ਬਿਰਤਾਂਤਕਾਰ ਤੇ ਬੱਸ ਦੇ ਡਰਾਈਵਰ ਦੇ ਨਾਲ ਪਾਠਕ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਜਾਂਦੀਆਂ ਹਨ। ਅਗਲੀ ਗੱਲ ਇਹ ਹੈ ਕਿ ਬਿਰਤਾਂਤਕਾਰ ਆਪਣੀ ਗੱਲ ਕਹਿ ਕੇ ਤੇ ਡਰਾਈਵਰ ਬੱਸ ਵਿਚ ਬਹਿ ਕੇ ਆਪ ਤਾਂ ਦ੍ਰਿਸ਼ ਤੋਂ ਅਲੋਪ ਹੋ ਜਾਂਦੇ ਹਨ ਪਰ ਜਾਂਦੇ ਜਾਂਦੇ ਦੋਵੇਂ ਜਣੇ ਆਪਣੇ ਮਨ ਦਾ ਸਾਰਾ ਭਾਰ ਪਾਠਕ ਦੇ ਮਨ `ਤੇ ਉਲੱਦ ਜਾਂਦੇ ਹਨ। ਮੈਂ ਜਦ ਵੀ ਇਸ ਕਹਾਣੀ ਦੇ ਅੰਤ ਨੂੰ ਚੇਤੇ ਕਰਦਾ ਹਾਂ ਤਾਂ ਓਸੇ ਵੇਲੇ ਦੋਵਾਂ ਪਾਤਰਾਂ ਦੇ ਮਨ ਦਾ ਭਾਰ ਮੇਰੇ ਮਨ `ਤੇ ਆਣ ਟਿਕਦਾ ਹੈ। ਇੰਜ ਹੀ ‘ਨਿਧਾਨਾ ਸਾਧ ਨਹੀਂ’ ਅਤੇ ‘ਉੱਡਦੀ ਧੂੜ ਦਿਸੇ’ ਕਹਾਣੀਆਂ ਦਾ ਜਿ਼ਕਰ ਕੀਤਾ ਜਾ ਸਕਦਾ ਹੈ। ਅੱਧੀ ਸਦੀ ਪਹਿਲਾਂ ਪੜ੍ਹੀ ਕਹਾਣੀ ‘ਉੱਡਦੀ ਧੂੜ ਦਿਸੇ’ ਦਾ ਗੱਭਰੂ ਤੇ ਖ਼ਾਨਾਬਦੋਸ਼ ਮੁਟਿਆਰ ਅੱਜ ਵੀ ਗਰਮੀਆਂ ਦੀ ਤਿੱਖੜ ਦੁਪਹਿਰੇ ਭੁੱਜਦੇ ਹੋਏ ਮੁਹੱਬਤ ਦੀ ਛਿਣ-ਭੰਗਰੀ ਵਾਛੜ ਵਿਚ ਭਿੱਜਦੇ ਦਿਖਾਈ ਦੇ ਰਹੇ ਹਨ। ਅੱਧੀ ਸਦੀ ਪਹਿਲਾ ਸਿਰਫ਼ ਇੱਕੋ ਵਾਰ ਪੜ੍ਹੀ ਕਹਾਣੀ ਜੇ ਸਦਾ ਲਈ ਮੇਰੇ ਵਰਗੇ ਪਾਠਕ ਦੇ ਮਨ ਵਿਚ ਸਥਿਰ ਹੋ ਗਈ ਹੈ ਤਾਂ ਲੇਖਕ ਦੀ ਅਪਾਰ ਤੇ ਅਮਰ ਰਹਿਣ ਵਾਲੀ ਰਚਨਾ ਰਚ ਸਕਣ ਦੀ ਯੋਗਤਾ ਨੂੰ ਸਹਿਜੇ ਹੀ ਨਤਮਸਤਕ ਹੋਣ ਨੂੰ ਚਿੱਤ ਕਿਉਂ ਨਾ ਕਰੇ!
ਇਹ ਸਤਰਾਂ ਲਿਖਦਿਆਂ ਮੈਨੂੰ ਆਪ ਵੀ ਸੰਗ ਆ ਰਹੀ ਹੈ ਕਿ ਕੁਝ ਮਹੱਤਵਪੂਰਨ ਕਹਾਣੀ ਸੰਗ੍ਰਹਿ ਸੰਪਾਦਤ ਕਰਨ ਸਮੇਂ ਮੈਨੂੰ ਇਹਨਾਂ ਕਹਾਣੀਆਂ ਨੂੰ ਉਹਨਾਂ ਸੰਗ੍ਰਹਿਆਂ ਵਿਚ ਸ਼ਾਮਲ ਕਰਨ ਦਾ ਖਿ਼ਆਲ ਕਿਉਂ ਨਾ ਆਇਆ। ਇਸ ਵਿਚ ਕਸੂਰ ਮੇਰਾ ਵੀ ਹੈ ਤੇ ਸਰਵਣ ਸਿੰਘ ਦਾ ਵੀ। ਮੇਰਾ ਇਸ ਕਰਕੇ ਕਿ ਮੈਂ ਖੇਡ-ਲੇਖਣ ਦੇ ਸ਼ਹਿਨਸ਼ਾਨ ਸਿਕੰਦਰੇ-ਆਜ਼ਮ ਸਰਵਣ ਸਿੰਘ ਦੇ ਡਲ੍ਹਕਾਂ ਮਾਰਦੇ ਹੀਰਿਆਂ ਜੜੇ ਤਾਜ ਵੱਲ ਹੀ ਇੱਕ-ਟੱਕ ਵੇਖੀ ਗਿਆ; ਉਸਦੀ ਸ਼ਹਿਨਸਾ਼ਹੀ ਦੇ ਜਲੌਅ ਨੇ ਕਿਸੇ ਹੋਰ ਪਾਸੇ ਨਜ਼ਰ ਜਾਣ ਹੀ ਨਾ ਦਿੱਤੀ। ਉਹਦਾ ਕਸੂਰ ਇਹ ਹੈ ਕਿ ਉਹ ਆਪਣੇ ਆਪ ਨੂੰ ਖੇਡ-ਲੇਖਕ ਵਜੋਂ ਸਥਾਪਤ ਕਰਨ ਵਿਚ ਰੁੱਝ ਗਿਆ ਤੇ ਪੈਂਦੀ ਸੱਟੇ ਇਸ ਖ਼ੇਤਰ ਵਿਚ ਬਣੀ ਸਰਵਪ੍ਰਵਾਨਿਤ ਸਰਦਾਰੀ ਨਾਲ ਏਨਾ ਸਰੂਰਿਆ ਗਿਆ ਕਿ ਬਾਕੀ ਦੀਆਂ ਸਾਹਿਤਕ ਵਿਧਾਵਾਂ ਨੂੰ ਓਂ ਹੀ ਟਿੱਚ ਸਮਝਣ ਲੱਗਾ। ਉਹਦਾ ਅਸ਼ਵਮੇਧ ਯੱਗ ਵੱਲ ਅਜੇਤੂ ਘੋੜਾ ਚਹੁ-ਦਿਸ਼ਾਵਾਂ ਵਿਚ ਪੌੜਾਂ ਨਾਲ ਧਰਤੀ ਪੁੱਟਦਾ ਫੂੰਕਾਰੇ ਮਾਰ ਰਿਹਾ ਸੀ। ਹੁਣ ਉਹ ਮਿੰਨ੍ਹਾਂ-ਮੀਸਣਾ ਬਣ ਕੇ ਭੋਲੇ ਭਾਅ ਆਖਦਾ ਹੈ, “ਪੰਜਾਬੀ ਵਿਚ ਖੇਡਾਂ ਖਿਡਾਰੀਆਂ ਬਾਰੇ ਲਿਖਣ ਦਾ ਮੈਦਾਨ ਅਸਲੋਂ ਖਾਲੀ ਪਿਆ ਸੀ। ਮੈਂ ਸੋਚਿਆ, ਮਨਾਂ, ਪੰਜਾਬੀ ਵਿਚ ਕਹਾਣੀਆਂ ਤੇ ਕਵਿਤਾਵਾਂ ਲਿਖਣ ਵਾਲੇ ਤਾਂ ਬੇਅੰਤ ਹਨ। ਇੱਟ ਪੱਟਿਆਂ ਕਹਾਣੀਕਾਰ ਤੇ ਕਵੀ ਨਿਕਲ ਰਹੇ ਹਨ, ਬਲਕਿ ਬੈਠੇ ਈ ਇੱਟਾਂ `ਤੇ ਹਨ। ਮੈਂ ਇਕ ਹੋਰ ਇੱਟ `ਤੇ ਬਹਿ ਜਾਵਾਂਗਾ! ਕਹਾਣੀਆਂ ਲਿਖੀ ਗਿਆ ਤਾਂ ਨਾ ਮੈਂ ਤਿੰਨਾਂ `ਚ ਹੋਵਾਂਗਾ ਤੇ ਨਾ ਤੇਰ੍ਹਾਂ `ਚ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ `ਚ ਮੈਂ ਕਿਸੇ ਨੂੰ ਡਾਹੀ ਨਹੀਂ ਦਿੰਦਾ ਭਾਵੇਂ ਘੋੜੀਆਂ ਮਗਰ ਲਾ ਲੈਣ! ਕਹਾਣੀ ਲਿਖਦਾ ਰਹਿੰਦਾ ਤਾਂ ਪਤਾ ਨਹੀਂ ਕਿੰਨਵਾਂ ਨੰਬਰ ਹੁੰਦਾ?”
ਉਹਦੇ ਇਸ ਕਥਨ ਬਾਰੇ ਮੈਂ ਸਿਰਫ਼ ਏਨੀ ਟਿੱਪਣੀ ਕਰਨੀ ਹੈ ਕਿ ਸਰਵਣ ਸਿੰਘ ਵਰਗੇ ਲੇਖਕ ਕਦੀ ਇੱਟਾਂ `ਤੇ ਨਹੀਂ ਬੈਠਦੇ। ਉਹ ਭਾਵੇਂ ਕੁਝ ਵੀ ਲਿਖਣ ਸਦਾ ਪਾਠਕਾਂ ਦੇ ਦਿਲ ਦੇ ਤਖ਼ਤ `ਤੇ ਬਿਰਾਜਮਾਨ ਹੁੰਦੇ ਹਨ। ਸਰਵਣ ਸਿੰਘ ਨਾਲ ਨਾਲ ਕਹਾਣੀਆਂ ਵੀ ਲਿਖੀ ਜਾਂਦਾ ਤਾਂ ‘ਤੇਰ੍ਹਾਂ’ ਵਿਚ ਤਾਂ ਉਸਦੀ ਗਿਣਤੀ ਕਦੀ ਵੀ ਨਹੀਂ ਸੀ ਹੋਣੀ ਸਗੋਂ ਮੇਰਾ ਤਾਂ ਦਾਅਵਾ ਹੈ ਕਿ ਉੁਹ ‘ਤਿੰਨਾਂ’ ਵਿਚ ਤਾਂ ਹਰ ਹਾਲਤ ਵਿਚ ਹੀ ਹੁੰਦਾ। ਇਹ ਵੀ ਵੱਡੀ ਗੱਲ ਨਹੀਂ ਕਹਾਣੀਕਾਰ ਵੀ ਪਹਿਲੇ ਨੰਬਰ ਦਾ ਹੀ ਬਣ ਜਾਂਦਾ ਤੇ ਹੁਣ ਤੋਂ ਕਈ ਚਿਰ ਪਹਿਲਾਂ ਸਾਹਿਤ ਅਕਾਦਮੀ ਦਾ ਇਨਾਮ ਵੀ ਕੁੱਟ ਚੁੱਕਾ ਹੁੰਦਾ। ਉਹਦੀ ਸਵੈਜੀਵਨੀ ਤੇ ਸਫ਼ਰਨਾਮੇਂ ਵੀ ਪੜ੍ਹ ਕੇ ਵੇਖ ਲਵੋ ਮੇਰੇ ਆਖੇ ਦੀ ਸਦਾਕਤ ਜਾਣ ਜਾਵੋਗੇ। ‘ਅੱਖੀਂ ਵੇਖ ਨਾ ਰੱਜੀਆਂ’ ਸਫ਼ਰਨਾਮੇ ਦਾ ਪੰਜਾਬੀ ਦੇ ਚੁਨਿੰਦਾ ਸਫ਼ਰਨਾਮਿਆਂ ਵਿਚ ਜਿ਼ਕਰ ਕੀਤਾ ਜਾਂਦਾ ਹੈ। ਸਵੈ-ਜੀਵਨੀ ‘ਹਸੰਦਿਆਂ-ਖਿਲੰਦਿਆਂ’ ਦਾ ਸ਼ੁਮਾਰ ਵੀ ਪੰਜਾਬੀ ਦੀਆਂ ਪ੍ਰਮਾਣਿਕ ਤੇ ਯਾਦ-ਯੋਗ ਸਵੈਜੀਵਨੀਆਂ ਵਿਚ ਕੀਤਾ ਜਾਵੇਗਾ।
ਸਰਵਣ ਸਿੰਘ ਦੀ ਬਹੁ-ਵਿਧਾਈ ਸਾਹਿਤ ਰਚ ਸਕਣ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਦਿਆਂ ਮੇਰਾ ਧਿਆਨ ਸਹਿਜੇ ਹੀ ਕਿਸੇ ਅਣਜਾਣੇ ਆਲੋਚਕ ਵੱਲ ਚਲਾ ਗਿਆ ਹੈ ਜਿਸ ਨੇ ਕਿਸੇ ਕਾਨਫ਼ਰੰਸ ਵਿਚ ਟਿੱਪਣੀ ਕਰਦਿਆਂ ਹੁਕਮਨਾਮਾ ਸੁਣਾਉਂਦਿਆਂ ਕਿਹਾ ਸੀ ਕਿ ਖੇਡ-ਲੇਖਕ ਸਿਰਫ਼ ਪੱਤਰਕਾਰ ਹੁੰਦੇ ਨੇ, ਸਾਹਿਤਕਾਰ ਨਹੀਂ। ਸਰਵਣ ਸਿੰਘ ਦਰਿਆ-ਦਿਲ ਬੰਦਾ ਹੈ। ਛੇਤੀ ਕੀਤੇ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦਾ। ਨਿੰਮ੍ਹਾਂ ਜਿਹਾ ਤੇ ਮਿੰਨ੍ਹਾਂ ਜਿਹਾ ਹੱਸ ਕੇ ਗੱਲ ਨੂੰ ਬੜੇ ਸਲੀਕੇ ਨਾਲ ਟਾਲ ਦਿੰਦਾ ਹੈ। ਕਹਿਣ ਲੱਗਾ ਕਿ ਜੇ ਤੁਸੀਂ ਸਾਨੂੰ ਸਾਹਿਤਕਾਰ ਨਹੀਂ ਮੰਨਦੇ ਤਾਂ ਨਾ ਸਹੀ; ਅਸੀਂ ‘ਸਿਹਤਕਾਰ’ ਹੀ ਠੀਕ ਹਾਂ। ਕਹਿਣ ਨੂੰ ਉਸ ਨੇ ਕਹਿ ਤਾਂ ਦਿੱਤਾ, ਫੌਰੀ ਤੌਰ `ਤੇ ਗੱਲ ਟਲ਼ ਵੀ ਗਈ ਪਰ ਜਿੰਨੀ ਵਾਰ ਉਸਨੇ ਆਪਣੀਆਂ ਲਿਖਤਾਂ ਤੇ ਗੱਲ-ਬਾਤ ਵਿਚ ਆਲੋਚਕ ਤੇ ਆਪਣੇ ਕਥਨ ਨੂੰ ਦੁਹਰਾਇਆ ਹੈ ਉਸਤੋਂ ਲੱਗਦਾ ਹੈ ਕਿ ਉਸਨੇ ਇਹ ਗੱਲ ਅਜੇ ਤੱਕ ਦਿਲ ਨੂੰ ਲਾਈ ਹੋਈ ਹੈ। ਇਸੇ ਜਿ਼ਦ `ਚੋਂ ਹੀ ਖ਼ਬਰੇ ਉਸਨੇ ‘ਸਿਹਤਕਾਰ’ ਬਣਨ ਦੀ ਠਾਣ ਲਈ ਹੈ।
ਪਿਛਲੇ ਕੁਝ ਸਾਲਾਂ ਤੋਂ ਉਹ ਖੇਡ-ਪੱਤਰਕਾਰੀ ਕਰਨ ਵੱਲ ਕੁਝ ਵਧੇਰੇ ਹੀ ਉਲਾਰ ਹੋ ਗਿਆ ਹੈ। ਉਹਨੂੰ ਦੇਸ-ਵਿਦੇਸ਼ ਤੋਂ ਖੇਡ-ਮੇਲੇ ਵੇਖਣ, ਉਹਨਾਂ ਬਾਰੇ ਕੁਮੈਂਟਰੀ ਕਰਨ ਦੇ ਸੱਦੇ ਆਉਂਦੇ ਰਹਿੰਦੇ ਹਨ। ਦੁਨੀਆਂ ਦੇ ਕਿਸੇ ਤੇ ਕਦੀ ਕਿਸੇ ਸ਼ਹਿਰ ਵਿਚ ਉਹ ਖੇਡ ਮੇਲਿਆਂ ਦੀ ਕੁਮੈਂਟਰੀ ਕਰਨ ਤੁਰਿਆ ਰਹਿੰਦਾ ਹੈ। ਪ੍ਰਬੰਧਕਾਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣਦਾ ਹੈ। ਉਹ ਪੰਜਾਬੀ ਦਾ ਇੱਕੋ ਇੱਕ ਲੇਖਕ ਹੈ ਜਿਸ ਨੇ ਕਲਮ ਦੇ ਸਿਰ `ਤੇ ਹਵਾਈ ਜਹਾਜ਼ਾਂ ਦੇ ਏਨੇ ਜਿ਼ਆਦਾ ਹੂਟੇ ਲਏ ਹਨ, ਸੰਬੰਧ ਬਣਾਏ ਹਨ, ਸੇਵਾ ਕਰਵਾਈ ਹੈ। ਉਹ ਇਹ ਗੱਲ ਆਪ ਵੀ ਬੜੀ ਹੁੱਬ ਕੇ ਦੱਸਦਾ ਹੈ। ਵਾਪਸ ਮੁੜ ਕੇ ਉਹ ਖੇਡ-ਮੇਲਿਆਂ ਨੂੰ ਉਤਸ਼ਾਹਤ ਕਰਨ, ਖਿਡਾਰੀਆਂ ਤੇ ਖੇਡ-ਪ੍ਰਬੰਧਕਾਂ ਨੂੰ ਖ਼ੁਸ਼ ਕਰਨ ਲਈ ਲੇਖ ਲਿਖ ਕੇ ਅਖ਼ਬਾਰਾਂ ਵਿਚ ਛਪਵਾਉਂਦਾ ਹੈ ਤੇ ਕਿਸੇ ਅਗਲੇ ਮੇਲੇ `ਤੇ ਜਾਣ ਲਈ ਸੂਟ-ਕੇਸ ਤਿਆਰ ਕਰਨ ਲੱਗਦਾ ਹੈ। ਦੇਸ਼ ਵਿਦੇਸ਼ ਵਿਚ ਛਪਦੇ ਕਿਸੇ ਨਾ ਕਿਸੇ ਅਖ਼ਬਾਰ ਵਿਚ ਉਹਦੀ ਕੋਈ ਅਜਿਹੀ ਪੱਤਰਕਾਰੀ ਖੇਡ-ਲਿਖਤ ਹਰ ਹਫ਼ਤੇ ਛਪੀ ਵੇਖਣ ਨੂੰ ਮਿਲ ਜਾਂਦੀ ਹੈ। ‘ਵੇਖਣ’ ਨੂੰ ਇਸ ਕਰਕੇ ਆਖ ਰਿਹਾਂ ਕਿਉਂਕਿ ਮੇਲਿਆਂ ਬਾਰੇ ਲਿਖੇ ਉਹਦੇ ਲੇਖਾਂ ਵਿਚੋਂ, ਉਹਦੀ ਲਿਖਤ ਨੂੰ ਮੇਰੇ ਅੰਦਰਲਾ ਉੱਡ ਕੇ ਪੜ੍ਹਨ ਦੀ ਚਾਹਤ ਰੱਖਣ ਵਾਲਾ ਆਸ਼ਕ-ਪਾਠਕ ਕਦੀ ਕਦੀ ਭਾਵੇਂ ਉਹਦਾ ਭਾਸ਼ਾਈ ਕੌਸ਼ਲ ਵੇਖਣ ਲਈ ਇੱਕ ਅੱਧਾ ਪੈਰਾ ਪੜ੍ਹ ਲਵੇ, ਨਹੀਂ ਤਾਂ ਪੜ੍ਹਣ ਤੋਂ ਬਿਨਾਂ ਹੀ ਬਹੁਤੀ ਵਾਰ ਉਹਦੇ ਸਿਰਲੇਖ ਅਤੇ ਸਰਵਣ ਸਿੰਘ ਦੀ ਫੋਟੋ ਵੇਖ ਕੇ ਅਖ਼ਬਾਰ ਦਾ ਸਫ਼ਾ ਉਥੱਲ ਦਿੰਦਾ ਹਾਂ। ਸੋਚਦਾ ਹਾਂ ਹਰੇਕ ਮੇਲੇ ਦੀ ਰੀਪੋਰਟ ਇੱਕੋ ਤਰ੍ਹਾਂ ਦੀ ਹੀ ਹੋਣੀ ਹੈ! ਪ੍ਰਬੰਧਕਾਂ ਤੇ ਖਿਡਾਰੀਆਂ ਦੇ ਨਾਵਾਂ ਦੀ ਸੂਚੀ ਪੜ੍ਹ ਕੇ ਭਲਾ ਮੈਂ ਕੀ ਲੈਣਾ ਹੈ! ਮੈਨੂੰ ਲੱਗਦਾ ਹੈ ਸਰਵਣ ਸਿੰਘ ਦੀ ‘ਸਾਹਿਤਕਾਰੀ’ ਨੂੰ ਸਰਵਣ ਸਿੰਘ ਦੀ ‘ਪੱਤਰਕਾਰੀ’ ਨੇ ਦੱਬ ਲਿਆ ਹੈ।
ਨਿਰਸੰਦੇਹ ਉਹਦੀ ਖੇਡ-ਪੱਤਰਕਾਰੀ ਵੀ ਸਾਹਿਤਕ-ਚਾਸ਼ਨੀ ਵਾਲੀ ਹੁੰਦੀ ਹੈ ਪਰ ਅਸੀਂ ਸਾਹਿਤਕ-ਚਾਸ਼ਨੀ ਵਾਲੀ ਪੱਤਰਕਾਰੀ ਦੀ ਕੀਮਤ ਤੇ ਆਪਣਾ ਸਿਖ਼ਰਲੀ ਸਮਰੱਥਾ ਵਾਲਾ ਪ੍ਰਤਿਭਾਵਾਨ ਸਾਹਿਤਕਾਰ ਸਰਵਣ ਸਿੰਘ ਨਹੀਂ ਗਵਾਉਣਾ ਚਾਹੁੰਦੇ। ਹਵਾਈ ਜਹਾਜ਼ਾਂ ਦੇ ਹੂਟਿਆਂ ਤੇ ਪ੍ਰਾਹੁਣਚਾਰੀ ਮਾਨਣ ਦਾ ਉਸਨੇ ਬਥੇਰਾ ਰੀਕਾਰਡ ਬਣਾ ਲਿਆ ਹੈ। ਇਹ ਰੀਕਾਰਡ ਹੁਣ ਕਿਸੇ ਤੋਂ ਟੁੱਟਣ ਨਹੀਂ ਲੱਗਾ। ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਖੇਡ-ਲੇਖਕ ਹੋਣ ਦੀ ਸਰਦਾਰੀ ਵੀ ਉਹਦੇ ਕੋਲ ਹੀ ਰਹਿਣੀ ਹੈ। ਵੱਡੇ ਭਾਅ ਨੂੰ ਮੇਰੀ ਬੇਨਤੀ ਹੈ ਕਿ ਅੱਵਲ ਤਾਂ ‘ਜਿੰਨੀਂ ਨ੍ਹਾਤੀ ਓਨਾ ਪੁੰਨ’ ਸਮਝ ਕੇ ਇਹਨਾਂ ਮੇਲਿਆਂ ਤੇ ਸੈਰ-ਸਪਾਟਿਆਂ ਨੂੰ ਹੁਣ ਸੰਕੋਚ ਲਵੇ; ਨਹੀਂ ਤਾਂ ਮੇਲੇ ਵੀ ਜੰਮ ਜੰਮ ਵੇਖੀ ਜਾਏ ਪਰ ਸਾਡਾ ‘ਸਰਵਣ ਸਿੰਘ’ ਸਾਨੂੰ ਮੋੜ ਦੇਵੇ ਜਿਸ ਸਰਵਣ ਸਿੰਘ ਨੇ ਲਿਖਣ-ਕਾਲ ਦੇ ਮੁਢਲੇ ਦਿਨਾਂ ਵਿਚ ਹੀ ‘ਮੇਲਾ ਮੁਕਸਰ ਦਾ’, ‘ਮੁੜ੍ਹਕੇ ਦਾ ਮੋਤੀ’, ‘ਧਰਤੀ ਧੱਕ’, ‘ਅਲਸੀ ਦਾ ਫੁੱਲ’, ‘ਅੱਗ ਦੀ ਨਾਲ’ ਤੇ ‘ਕਲਹਿਰੀ ਮੋਰ’ ਵਰਗੀਆਂ ਸ਼ਾਹਕਾਰ ਲਿਖਤਾਂ ਰਾਹੀਂ ‘ਜਮਰੌਦ’ ਦੇ ਕਿਲ੍ਹੇ `ਤੇ ‘ਨਿਸ਼ਾਨ ਸਾਹਿਬ’ ਗੱਡ ਕੇ ਆਪਣੀ ਲਾਸਾਨੀ ਲਿਖਣ-ਪ੍ਰਤਿਭਾ ਦੀ ਧਾਕ ਜਮਾ ਦਿੱਤੀ ਸੀ। ‘ਨਿਧਾਨਾ ਸਾਧ ਨਹੀਂ’, ‘ਨਚਾਰ’, ‘ਬੁੱਢਾ ਤੇ ਬੀਜ’ ਤੇ ‘ਪੰਜ ਰੁਪਿਆਂ ਦਾ ਭਾਰ’ ਵਰਗੀਆਂ ਬਿਹਤਰੀਨ ਯਾਦਗ਼ਾਰੀ ਕਹਾਣੀ ਲਿਖ ਕੇ ਵੱਡੇ-ਵੱਡੇ ਸਾਹਿਤਕਾਰਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ; ‘ਅੱਖੀਂ ਵੇਖ ਨਾ ਰੱਜੀਆਂ’ ਵਰਗਾ ਸਫ਼ਰਨਾਮਾਂ ਲਿਖ ਕੇ ਸਫ਼ਰਨਾਮਾ-ਲੇਖਣ ਵਿਚ ਨਵਾਂ ਇਤਿਹਾਸ ਸਿਰਜਿਆ ਸੀ; ‘ਹਸੰਦਿਆਂ ਖਿਲੰਦਿਆਂ’ ਵਰਗੀ ਸਵੈਜੀਵਨੀ ਲਿਖ ਕੇ ਨਵੀਆਂ ਪੈੜਾਂ ਪਾਈਆਂ ਹਨ। ਉਸੇ ‘ਸਾਹਿਤਕਾਰ’ ਸਰਵਣ ਸਿੰਘ ਨੂੰ ਮੁੜ ਅਜਿਹੀਆਂ ਸਿਖ਼ਰਲੀਆਂ ਸ਼ਾਹਕਾਰ ਰਚਨਾਵਾਂ ਦਾ ਕੱਪੜਾ ਬੁਣਨ ਦੀ ਲੋੜ ਹੈ ਜਿਸ ਨਾਲ ਇਸ ‘ਨਿਸ਼ਾਨ ਸਾਹਿਬ’ ਦਾ ਪੁਰਾਣਾ ਪੈਂਦਾ ਜਾ ਰਿਹਾ ‘ਚੋਲਾ ਸਾਹਿਬ’ ਬਦਲਿਆ ਜਾ ਸਕੇ। ਅਸੀਂ ਇਸ ਝੰਡੇ ਨੂੰ ਪਹਿਲਾਂ ਵਾਂਗ ਹੀ ਸਾਹਿਤਕ ਆਕਾਸ਼ ਵਿਚ ਸਿਰ ਉੱਚਾ ਚੁੱਕ ਕੇ ਫਰਫਰਾਉਂਦਾ ਤੇ ਲਹਿਰਾਉਂਦਾ ਵੇਖਣ ਦੀ ਆਸ ਤੇ ਉਡੀਕ ਵਿਚ ਹਾਂ।
ਪੱਤਰਕਾਰੀ-ਲਿਖਤਾਂ ਦਾ ਬਣਦਾ ਮਹੱਤਵ ਪਛਾਣਦਿਆਂ ਤੇ ਮੰਨਦਿਆਂ ਹੋਇਆਂ ਤੇ ਪੱਤਰਕਾਰੀ ਤੇ ਸਾਹਿਤਕਾਰੀ ਦੇ ਤਵਾਜ਼ਨ ਵਿਚ ਸਾਹਿਤਕਾਰੀ ਦੇ ਪੱਲੜੇ ਵਿਚ ਵਧੇਰੇ ਭਾਰ ਪਾਉਣ ਦੀ ਰਾਇ ਦੇਣ ਤੋਂ ਬਾਅਦ ਆਓ! ਆਪਾਂ ਮੁੜ ਤੋਂ ਸਰਵਣ ਸਿੰਘ ਦੀਆਂ ਸਾਹਿਤਕ-ਮਹੱਤਵ ਵਾਲੀਆਂ ਸ਼ਾਹਕਾਰ ਰਚਨਾਵਾਂ ਦਾ ਧਿਆਨ ਧਰੀਏ। ਜਿਹੜੀਆਂ ਗੱਲਾਂ ਮੈਂ ਸਰਵਣ ਸਿੰਘ ਦੀ ਬਹੁ-ਦਿਸ਼ਾਵੀ ਪ੍ਰਤਿਭਾ ਬਾਰੇ, ਉਹਦੀ ਵਾਰਤਕ ਦੇ ਲਾਸਾਨੀ ਹੁਨਰ ਬਾਰੇ, ਹਰੇਕ ਵਿਧਾ ਵਿਚ ਉਹਦੀ ਕਮਾਲ ਦੀ ਕਲਾਕਾਰੀ ਤੇ ਸਿਰਜਣ-ਸਮਰੱਥਾ ਬਾਰੇ ਕੀਤੀਆਂ ਹਨ, ਜੇ ਤੁਸੀਂ ਉਨ੍ਹਾਂ `ਤੇ ਵਿਸ਼ਵਾਸ ਕਰ ਲਵੋ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਉਕਤ ਆਲੋਚਕ ਦੇ ਕਥਨ ਵਿਚ ਭੋਰਾ ਭਰ ਵੀ ਸੱਚਾਈ ਹੈ! ਕੀ ਸਰਵਣ ਸਿੰਘ ਕੇਵਲ ‘ਸਿਹਤਕਾਰ’ ਹੀ ਹੈ? ਸਰਵਣ ਸਿੰਘ ਵਰਗਾ ‘ਸਾਹਿਤਕਾਰ’ ਬਣਨਾ ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਮੇਰੀਆਂ ਗੱਲਾਂ `ਤੇ ਵਿਸ਼ਵਾਸ ਤੁਹਾਨੂੰ ਇਸ ਕਰਕੇ ਵੀ ਕਰਨਾ ਪੈਣਾ ਹੈ ਕਿ ਕਿਸੇ ਦੀ ਖ਼ੁਸ਼ਾਮਦ ਕਰਨਾ ਮੇਰੇ ਸੁਭਾ ਦਾ ਹਿੱਸਾ ਹੀ ਨਹੀਂ। ਉਂਜ ਵੀ ਨਾ ਮੈਂ ਕਦੀ ਮਾੜੇ ਬੰਦੇ ਬਾਰੇ ਲਿਖਿਆ ਹੈ ਤੇ ਨਾ ਹੀ ਮਾੜੀ ਲਿਖਤ ਬਾਰੇ। ਇਸ ਪੁਸਤਕ ਦਾ ਸੰਪਾਦਨ ਕਰਨ ਦੀ ਜਿ਼ੰਮੇਵਾਰੀ ਵੀ ਮੈਂ ਇਸੇ ਕਰਕੇ ਹੀ ਓਟੀ ਸੀ ਕਿ ਸਰਵਣ ਸਿੰਘ ਬੰਦਾ ਵੀ ਵਧੀਆ ਹੈ ਤੇ ਲੇਖਕ ਵੀ। ਮੈਂ ਉਹਦੀ ਲਿਖਣ-ਕਲਾ ਦਾ ਸ਼ੈਦਾਈ ਹਾਂ। ਮੇਰੇ ਇਹਨਾਂ ਸ਼ਬਦਾਂ ਵਿਚ ਸਰਵਣ ਸਿੰਘ ਦੀ ਰਚਨਾ ਦਾ ਸਿਰ ਚੜ੍ਹਿਆ ਜਾਦੂ ਹੀ ਬੋਲਿਆ ਹੈ।
ਹਾਲ ਦੀ ਘੜੀ ਮੈਂ ਲੇਖਕ ਸਰਵਣ ਸਿੰਘ ਬਾਰੇ ਹੀ ਲਿਖਿਆ ਹੈ, ਸੋਹਣੇ ਸੱਜਣ ਸਰਵਣ ‘ਬੰਦੇ’ ਬਾਰੇ ਕਦੀ ਫੇਰ ਗੱਲਾਂ ਕਰਾਂਗੇ। ਉਂਜ ਬੰਦੇ ਦਾ ਹੋਣਾ, ਜੀਣਾ-ਥੀਣਾ ਉਹਦਾ ਵਿਚਾਰ ਤੇ ਵਿਹਾਰ ਹੀ ਰਚਨਾ ਵਿਚੋਂ ਸਫ਼ੁਟਤ ਹੁੰਦਾ ਹੈ। ਉਹ ਸਿਰੜ੍ਹੀ ਤੇ ਸਿਦਕਵਾਨ ਹੈ। ਸਹਿਜ ਅਤੇ ਸੰਤੁਲਤ ਹੈ। ਰੀਂ ਰੀਂ ਕਰਨ ਵਾਲਾ ਰੋਂਦੂ ਨਹੀਂ; ਹਸੰਦੜਾ-ਖਿਲੰਦੜਾ ਹੈ; ਜਿ਼ੰਦਗੀ ਜਿਊਣ ਅਤੇ ਮਾਨਣ ਦੇ ਚਾਅ ਨਾਲ ਗਲ਼-ਗ਼ਲ਼ ਤੱਕ ਡੁੱਬਾ ਹੋਇਆ ਜਿ਼ੰਦਗੀ ਦਾ ਆਸ਼ਕ ਹੈ। ਸੰਸਾਰ ਦੇ ਸਾਰੇ ਸੁਹੱਪਣ ਨੂੰ ਇਕੋ ਵਾਰ ਗਲਵੱਕੜੀ ਵਿਚ ਲੈ ਲੈਣ ਲਈ ਕਾਹਲਾ। ਇਹ ਸਾਰਾ ਕੁਝ ਉਹਦੀ ਲਿਖਤ ਵਿਚੋਂ ਵੀ ਡੁੱਲ੍ਹ ਡੁੱਲ੍ਹ ਪੈਂਦਾ ਹੈ। ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਦਾ ਨਾਮਕਰਨ ਉਹਦੀ ਜੀਵਨ ਨੂੰ ਰੱਜ ਰੱਜ ਕੇ ਵੇਖਣ ਤੇ ਮਾਨਣ ਦੀ ਚਾਹਤ ਦਾ ਹੀ ਪ੍ਰਗਟਾ ਹੈ। ਸਵੈ-ਜੀਵਨੀ ‘ਹਸੰਦਿਆਂ-ਖਿਲੰਦਿਆਂ’ ਦਾ ਸਿਰਲੇਖ ਜੀਵਨ ਪ੍ਰਤੀ ਉਹਦੇ ਹਾਂ-ਮੁਖ ਰਵੱਈਏ ਦੀ ਸ਼ਾਹਦੀ ਭਰਦਾ ਹੈ। ਉਹਦੀ ਲਿਖਤ ਵਿਚ ਕਿਧਰੇ ਵੀ ਅਣਲੁੜੀਂਦੀ ਉਪਭਾਵਕਤਾ ਦਾ ਲਿਜ਼ਲਿਜ਼ਾ ਪ੍ਰਦਰਸ਼ਨ ਨਹੀਂ ਹੋਇਆ, ਕਿਧਰੇ ਵੀ ਸੰਘਣੀ ਉਦਾਸੀ ਦੇ ਲੰਮੇ ਪ੍ਰਛਾਵੇਂ ਨਹੀਂ ਦਿਸਦੇ। ਨਾ ਉਹ ਜਿ਼ੰਦਗੀ ਵਿਚ ਕਿਸੇ ਨਾਲ ਈਰਖ਼ਾ ਤੇ ਸਾੜਾ ਕਰਦਾ ਹੈ ਨਾ ਹੀ ਉਹਦੀ ਲਿਖਤ ਵਿਚ ਕਿਸੇ ਨਾਲ ਵੈਰ-ਭਾਵ ਦੀ ਹੁਮਕ ਆਉਂਦੀ ਹੈ। ਉਹ ਤਾਂ ਖੂ਼ਬਸੂਰਤ ਤੇ ਖ਼ੁਸ਼ਬੂਦਾਰ ਇਨਸਾਨ ਹੈ। ਇੰਜ ਦੀ ਹੀ ਉਹਦੀ ਲਿਖਤ ਹੈ। ਹਰ ਵੇਲੇ ਮਹਿਕਾਂ ਵੰਡਦੀ, ਉਤਸ਼ਾਹ ਤੇ ਪ੍ਰੇਰਨਾ ਦਿੰਦੀ, ਡਿੱਗਿਆਂ ਹੋਇਆਂ ਨੂੰ ਉਠਣ ਤੇ ਤੁਰਨ ਲਈ ਵੰਗਾਰਦੀ ਤੇ ਸਾਰੀ ਦੁਨੀਆਂ ਨੂੰ ਆਪਣੀ ਹਿੱਕ ਅਤੇ ਮੁਹੱਬਤ ਦੇ ਜ਼ੋਰ `ਤੇ ਫ਼ਤਹਿ ਕਰ ਲੈਣ ਲਈ ਹੌਂਸਲਾ ਦਿੰਦੀ ਹੋਈ।
ਖਿਡਾਰੀਆਂ ਬਾਰੇ ਰੇਖ਼ਾ-ਚਿਤ੍ਰ ਲਿਖਣ ਦੀ ਚਾਹਤ ਅਤੇ ਪ੍ਰੇਰਨਾ, ਉਹਦੇ ਮਨ ਵਿਚ, ਬਲਵੰਤ ਗਾਰਗੀ ਦੇ ਸਾਹਿਤਕਾਰਾਂ ਬਾਰੇ ਲਿਖੇ ਰੇਖ਼ਾ-ਚਿਤ੍ਰਾਂ ਦੀ ਖ਼ਸਤਾ-ਕਰਾਰੀ ਵਾਰਤਕ ਦੇ ਪ੍ਰਭਾਵ-ਅਧੀਨ ਪੈਦਾ ਹੋਈ। ਪਰ ਸਰਵਣ ਸਿੰਘ ‘ਬੰਦੇ’ ਦੇ ਤੌਰ `ਤੇ ਗਾਰਗੀ ਨਾਲੋਂ ਵੱਖਰਾ ਸੀ। ਉਹਨੂੰ ਗਾਰਗੀ ਵਾਂਗ ਲਿਖਤ ਨੂੰ ਕਰਾਰਾ ਕਰਨ ਲਈ ਸੰਬੰਧਤ ਬੰਦੇ ਬਾਰੇ ਝੂਠ ਬੋਲ ਕੇ, ਕੋਲੋਂ ਮਸਾਲਾ ਲਾ ਕੇ, ਵਧਾਈ ਚੜ੍ਹਾਈ ਗੱਲ ਕਰਨ ਦਾ ਲਾਲਚ ਨਹੀਂ ਸੀ। ਉਹ ਸੱਚਾ-ਸੁੱਚਾ ਬੰਦਾ ਹੈ। ਉਹਨੇ ਖਿਡਾਰੀਆਂ ਬਾਰੇ ਲਿਖਦਿਆਂ ਆਪਣੀ ਗੱਲ-ਬਾਤ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਝੂਠ ਨਹੀਂ ਬੋਲਿਆ। ਖਿਡਾਰੀਆਂ ਦੀ ਸ਼ਖ਼ਸੀਅਤ ਉੱਤੇ ਮਸਾਲੇ ਦੇ ਫ਼ਾਲਤੂ ਖਲੇਪੜ ਨਹੀਂ ਚਾੜ੍ਹੇ। ਆਪਣੇ ਆਪ ਨੂੰ ਗਾਰਗੀ ਵਾਂਗ ਹਰੇਕ ਪਾਤਰ ਨਾਲੋਂ ਉੱਚੇ ਥਾਂ ਨਹੀਂ ਰੱਖਿਆ। ਉਹਨਾਂ ਦੀ ਨਿੰਦਿਆ ਨਹੀਂ ਕੀਤੀ। ਕਿਸੇ ਉੱਚੇ ਪਲੈਟਫ਼ਾਰਮ ਤੋਂ ਖਲੋ ਕੇ ਸੰਬੋਧਤ ਹੋਣ ਦੀ ਥਾਂ ਸਰਵਣ ਸਿੰਘ ਖਿਡਾਰੀ ਦੇ ਨਾਲ ਨਾਲ `ਤੇ ਪਿੱਛੇ ਪਿੱਛੇ ਦੌੜਿਆ ਹੈ, ਇੱਕ ਨਿੰਦਕ ਵਾਂਗ ਤਾਂ ਅਸਲੋਂ ਨਹੀਂ ਸਗੋਂ ਇੱਕ ਡੁੱਲ੍ਹੇ ਹੋਏ ਆਸ਼ਕ ਅਤੇ ਪ੍ਰਸੰਸਕ ਵਾਂਗ ਉਸਨੇ ਖਿਡਾਰੀ ਦੇ ਸੋਹਿਲੇ ਗਾਏ ਹਨ, ਉਹਦੀਆਂ ਪ੍ਰਾਪਤੀਆਂ ਦੀ ਵਡਿਆਈ ਕੀਤੀ ਹੈ।
ਸਰਵਣ ਸਿੰਘ ਰੌਸ਼ਨੀ ਦਾ ਆਸ਼ਕ ਹੈ, ਕਾਲਖ਼ ਦਾ ਵਣਜਾਰਾ ਨਹੀਂ। ਉਹ ਕਲਮ ਦੀ ਬੁਰਸ਼-ਛੁਹ ਨਾਲ ਮਨਾਂ ਨੂੰ ਲਬੇੜਨ ਵਾਲਾ ਨਹੀਂ ਸਗੋਂ ਮਨਾਂ ਦੀ ਮੈਲ਼ ਧੋਣ ਵਾਲਾ ਲੇਖਕ ਹੈ। ਪਾਠਕ ਨੂੰ ਚਸਕਾ ਦੇਣ ਲਈ ਉਹ ਗਾਰਗੀ ਵਾਂਗ ਸ਼ਬਦਾਂ ਨੂੰ ਵਾਸ਼ਨਾ ਦੀ ਚਾਸ਼ਨੀ ਵਿਚ ਨਹੀਂ ਲਬੇੜਦਾ; ਸਸਤਾ ਤੇ ਸਤਹੀ ਮਨੋਰੰਜਨ ਕਰਨ ਲਈ ਕਾਮ-ਉਤੇਜਨਾ ਵਾਲੇ ਵਾਕ ਤੇ ਦ੍ਰਿਸ਼ ਨਹੀਂ ਸਿਰਜਦਾ। ਉਹਨੇ ਪਾਠਕਾਂ ਦੀ ਹਿਰਸ ਨੂੰ ਪੱਠੇ ਨਹੀਂ ਪਾਏ। ਗਾਰਗੀ ਵਾਂਗ ਲੁੱਚ-ਬਿਆਨੀ ਕਰਕੇ ਨਾ ਆਪ ਸਵਾਦ ਲਿਆ ਨਾ ਦਿੱਤਾ ਹੈ। ਉਹਨੇ ਗਾਰਗੀ ਦਾ ਇਹ ਸੁਝਾਅ ਹੱਸ ਕੇ ਟਾਲ ਦਿੱਤਾ ਸੀ ਕਿ ‘ਖੇਤਾਂ ਦੀ ਇਕੱਲ ਵਿਚ ਮਿਲੇ ਜਵਾਨ ਮੁੰਡੇ ਕੁੜੀ ਤੋਂ ਤੂੰ ‘ਕੁਝ ਕਰਵਾਇਆ’ ਤਾਂ ਹੈ ਨਹੀਂ’, ਕਹਾਣੀ ਕਿਵੇਂ ਬਣੂੰ?’ ਸਰਵਣ ਸਿੰਘ ਨੇ ਸੋਚ ਲਿਆ ਸੀ, ‘ਮੈਂ ‘ਕੁਝ ਕਰਵਾਉਣ’ ਤੋਂ ਬਿਨਾਂ ਹੀ ਪੜ੍ਹਨ-ਯੋਗ ਵਾਰਤਕ ਲਿਖ ਕੇ ਵਿਖਾਵਾਂਗਾ।’
‘ਬੀਮਾਰ’ ਦ੍ਰਿਸ਼ਟੀ ਦੀ ਥਾਂ ਉਸਨੇ ‘ਸਿਹਤਮੰਦ’ ਨਜ਼ਰ ਨਾਲ ਜੀਵਨ ਨੂੰ ਵੇਖਿਆ ਹੈ। ਉਹਦੀ ਇਸ ਨਜ਼ਰ ਤੇ ਕਲਮ ਦਾ ਕਮਾਲ ਹੀ ਹੈ ਕਿ ਉਸਤੋਂ ਪ੍ਰਭਾਵਤ ਹੋ ਕੇ ਦਰਜਨਾਂ ਨਵੇਂ ਖੇਡ-ਲੇਖਕ ਤੇ ਖੇਡ- ਕੁਮੈਂਟੇਟਰ ਇਸ ਮੈਦਾਨ ਵਿਚ ਕੁੱਦ ਪਏ ਹਨ। ਸਰਵਣ ਸਿੰਘ ਤੇ ਉਸਦੀ ‘ਆਲ-ਔਲਾਦ’ ਇਹ ਹਸੰਦੜੀ-ਖਿਲੰਦੜੀ ਟੋਲੀ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਸਰਵਣ ਸਿੰਘ ਦੀ ਅਗਵਾਈ ਵਿਚ ਖੇੜੇ, ਖੁਸ਼ੀ, ਉਤਸ਼ਾਹ, ਉੱਦਮ ਤੇ ਚੜ੍ਹਦੀ ਕਲਾ ਦੇ ਗੀਤ ਗਾ ਰਹੀ ਹੈ ਜਦ ਕਿ ਬਲਵੰਤ ਗਾਰਗੀ ਦੀ ਸਾਹਿਤਕ ‘ਆਲ-ਔਲਾਦ’ ‘ਦੇਹ-ਵਾਦ’ ਅਤੇ ਮਨੁੱਖੀ ਅੰਦਰਲੇ ਨੂੰ ‘ਫੋਲਣ’ ਦੇ ਨਾਂ `ਤੇ ਕੇਵਲ ਕਾਮ-ਕ੍ਰਿਆਵਾਂ ਦੇ ਪ੍ਰਕਿਰਤਕ ਦ੍ਰਿਸ਼ ਸਿਰਜ ਰਹੀ ਹੈ; ਸੁਨਸਨੀ ਪੈਦਾ ਕਰਨ ਲਈ ਕਾਮ-ਲਿੱਬੜੇ ਵਾਕ, ਵਾਕ-ਅੰਸ਼, ਅਵੈਧ ਲਿੰਗ-ਸੰਬੰਧਾਂ ਤੇ ਲਿੰਗ-ਅੰਗਾਂ ਦਾ ਖੁੱਲ੍ਹਾ ਜਿ਼ਕਰ-ਜ਼ਕਾਰ ਕਰਨ ਨੂੰ ਵੱਡੀ ਸਾਹਿਤਕਾਰੀ ਸਮਝ ਰਹੀ ਹੈ। ਅੰਦਰਲੇ ਕੁਹਜ ਨੂੰ ਫਰੋਲ ਕੇ ‘ਬਾਹਰ ਸੁੱਟਣ’ ਦੀ ਥਾਂ ਪਾਠਕਾਂ ਦੀ ਰੂਹ ਤੇ ਮੂੰਹ-ਮੱਥੇ `ਤੇ ਮਲ਼ ਰਹੀ ਹੈ। ਸਰਵਣ ਸਿੰਘ ‘ਕਾਗ’ ਨਹੀਂ ‘ਹੰਸ’ ਹੈ। ਉਹ ਕੂੜਾ ਤੇ ਗੰਦ ਨਹੀਂ ਫੋਲਦਾ। ਉਹਦੀ ਹੰਸ-ਬੁੱਧ ਮੋਤੀਆਂ ਦੀ ਮੁਤਲਾਸ਼ੀ ਹੈ। ਗਾਰਗੀ ਤੋਂ ਪ੍ਰਭਾਵਤ ਹੋ ਕੇ ਵੀ ਉਹ ਗਾਰਗੀ ਤੋਂ ਕਿਤੇ ਵੱਖਰਾ ਅਤੇ ਵਿੱਥ `ਤੇ ਖਲੋਤਾ ਅਸਮਾਨੀ ਸਿਖ਼ਰਾਂ ਛੁਹ ਰਿਹਾ ਹੈ; ਲਾਹੌਰ ਦੇ ਉੱਚੇ ਬੁਰਜ ਵਾਂਗ; ਜਿਸਦੇ ਹੇਠੋਂ ਸਿਰਜਣਾ ਦੇ ਭਰ-ਵਹਿੰਦੇ ਦਰਿਆ ਵਗਦੇ ਹਨ, ਜਿਨ੍ਹਾਂ ਦਾ ਪਾਣੀ ਰੂਹਾਂ ਨੂੰ ਸਿੰਜਦਾ, ਮਨਾਂ ਦੀਆਂ ਹਰਿਆਵਲਾਂ ਨੂੰ ਹੋਰ ਹਰੀਆਂ ਕਰਦਾ, ਆਸਾਂ-ਉਮੀਦਾਂ ਦੇ ਬੂਟਿਆਂ ਨੂੰ ਨਵੇਂ-ਨਵੇਂ ਫ਼ਲ-ਫੁੱਲ ਲਾਉਂਦਾ, ਜਿ਼ੰਦਗੀ ਦੀ ਫ਼ਸਲ ਨੂੰ ਲਹਿਲਹਾਉਣ ਲਾ ਦਿੰਦਾ ਹੈ।
ਕਿਹਾ ਜਾਂਦਾ ਹੈ ਕਿ ਕਾਮ ਅਤੇ ਕਰੁਣਾ ਦਾ ਬਿਆਨ ਅਤੇ ਵਰਨਣ ਕਿਸੇ ਵੀ ਲਿਖਤ ਨੂੰ ਸਭ ਤੋਂ ਵੱਧ ਪੜ੍ਹਨ-ਯੋਗ ਬਨਾਉਣ ਦੀ ਢੁਕਵੀਂ ਜੁਗਤ ਹੈ। ਪਰ ਇਹ ਸਰਵਣ ਸਿੰਘ ਦੀ ਲਿਖਤ ਦਾ ਕਮਾਲ ਹੀ ਹੈ ਕਿ ਉਹਨੇ ਆਪਣੀ ਰਚਨਾ ਵਿਚ ਇਹਨਾਂ ਸੰਦਾਂ ਦੀ ਵਰਤੋਂ ਤੋਂ ਬਗ਼ੈਰ ਹੀ ਲਟ ਲਟ ਬਲਦੇ ਜਲੌਅ ਵਾਲੀ ਅਜਿਹੀ ਸੋਹਣੀ ਤੇ ਸੁਹੰਢਣੀ ਵਾਰਤਕ ਲਿਖੀ ਹੈ ਕਿ ਪੜ੍ਹਨਯੋਗਤਾ ਦਾ ਇੱਕ ਨਵਾਂ ਤੇ ਨਿਆਰਾ ਮਿਆਰ ਸਥਾਪਤ ਕਰ ਦਿੱਤਾ ਹੈ। ਇਹ ਮਿਆਰ ਹੋਰਨਾਂ ਲੇਖਕਾਂ ਲਈ ਵੀ ਵੰਗਾਰ ਹੈ। ਸਾਡੀ ਤਮੰਨਾਂ ਹੈ ਕਿ ਕੋਈ ਸੂਰਮਾ ਰਚਨਾਕਾਰ ਆਵੇ ਤੇ ਸਰਵਣ ਸਿੰਘ ਦੇ ਮੈਦਾਨ ਵਿਚ ਰੱਖੇ ‘ਪਾਨਾਂ ਦੇ ਬੀੜੇ’ ਨੂੰ ਚੁੱਕਣ ਦਾ ਸਾਹਸ ਕਰੇ!
ਸਰਵਣ ਸਿੰਘ ਬੜਾ ਧੱਕੜ-ਧਾਵੀ ਲਿਖਾਰੀ ਹੈ। ਮੈਂ ਬੜਾ ਜ਼ੋਰ ਲਾਇਆ ਹੈ ਕਿ ਉਸਨੂੰ ਕਿਸੇ ਨਾ ਕਿਸੇ ਪਾਸਿਓਂ ਕਾਬੂ ਕਰਾਂ। ਗੁੱਟ ਫੜਾਂ ਤਾਂ ਤੁਰਤ ਹੁਜਕਾ ਮਾਰ ਕੇ ਛੁਡਾ ਲੈਂਦਾ ਹੈ, ਲੱਤਾਂ ਨੂੰ ਜੱਫਾ ਮਾਰਨ ਪਵਾਂ ਤਾਂ ਹਿਰਨ ਵਾਂਗ ਚੁੰਗੀ ਭਰ ਕੇ ਮੇਰੇ ਉੱਤੋਂ ਦੀ ਛਾਲ ਮਾਰ ਜਾਂਦਾ ਹੈ। ਕੈਂਚੀ ਮਾਰਾਂ ਤਾਂ ਮੈਨੂੰ ਕੁੱਛੜ ਚੁੱਕੀ ਲਕੀਰ ਟੱਪ ਜਾਂਦਾ ਹੈ। ਗੱਲ ਕੀ; ਉਹਦੇ `ਚ ਜਾਨ ਹੀ ਏਨੀ ਹੈ, ਜਿਸਮ ਈ ਏਨਾਂ ਤਿਲਕਵਾ ਹੈ ਕਿ ਜਿਹੜੇ ਵੀ ਅੰਗ ਨੂੰ ਹੱਥ ਪਾਵਾਂ ਉਹ ਬਦੋ-ਬਦੀ ਹੱਥਾਂ `ਚੋਂ ਤਿਲਕ ਕੇ ਨਿਕਲ ਜਾਂਦਾ ਹੈ।
ਫਿਰ ਹਾਰ ਕੇ ਮੈਂ ਸੋਚਿਆ ਕਿ ਉਹ `ਕੱਲ੍ਹੇ ਨਾਲ `ਕੱਲ੍ਹੇ ਦੀ ‘ਕਬੱਡੀ’ ਵਿਚ ਤਾਂ ਮੇਰੇ ਕਾਬੂ ਆ ਨਹੀਂ ਸਕਣਾ ਕਿਉਂ ਨਾ ਉਸਨੂੰ ‘ਸਾਂਝਾ ਜੱਫਾ’ ਲਾਇਆ ਜਾਵੇ। ਇਸ ਮਕਸਦ ਲਈ ਅਸੀਂ ਉਹਦੇ ਸਰਪ੍ਰਸਤਾਂ, ਸਮਕਾਲੀਆਂ, ਸੱਜਣਾਂ-ਸਨੇਹੀਆਂ, ਸੰਬੰਧੀਆਂ, ਸ਼ਾਗਿਰਦਾਂ ਤੇ ਸ਼ਰਧਾਲੂਆਂ ਦੀ ਚਾਲੀ ਬੰਦਿਆਂ ਦੀ ਵੱਡੀ ਟੀਮ ਬਣਾ ਕੇ, `ਕੱਠੇ ਹੋ ਕੇ ਉਸਨੂੰ ਘੇਰਨ ਤੇ ਕਾਬੂ ਕਰਨ ਦਾ ਯਤਨ ਅਗਲੇ ਸਫਿ਼ਆਂ ਵਿਚ ਕੀਤਾ ਹੈ। ਪਰ ਸੱਚੀ ਗੱਲ ਇਹ ਹੈ ਕਿ ਕਾਬੂ ਉਹ ਸਾਡੀ ਇਸ ਵੱਡੀ ਟੀਮ ਤੋਂ ਵੀ ਨਹੀਂ ਆਇਆ। ਬਿਨਾ ਪਿੰਡੇ ਨੂੰ ਮਿੱਟੀ ਲਵਾਇਆਂ ਉਹ ਸਾਥੋਂ ਛੁੱਟ ਕੇ ਹੰਦਿਆਂ ਦੇ ਪਾਰ ਖਲੋਤਾ, ਪਿੱਛੇ ਮੁੜ ਕੇ ਸਾਡੇ ਵੱਲ ਵਿੰਹਦਾ ਖਿੜ ਖਿੜ ਹੱਸੀ ਜਾਂਦਾ ਹੈ ਤੇ ਬਾਂਹ ਉੱਚੀ ਕਰਕੇ ਸਾਨੂੰ ਵੰਗਾਰ ਰਿਹਾ ਹੈ।
ਕੋਈ ਗੱਲ ਨਹੀਂ ਭਾ ਸਰਵਣ ਸਿਹਾਂ! ਸਾਨੂੰ ਤੇਰੇ ਤੋਂ ਹਾਰ ਜਾਣ ਦੀ ਕੋਈ ਨਮੋਸ਼ੀ ਨਹੀਂ। ਇਸ ਹਾਰ ਵਿਚ ਹੀ ਜਿੱਤ ਦਾ ਅਸਲੀ ਸਵਾਦ ਹੈ। ਤੂੰ ਲਿਖਣ ਦੇ ਮੈਦਾਨ ਵਿਚ ਏਦਾਂ ਹੀ ਮੱਲਾਂ ਮਾਰਦਾ ਰਹੁ। ਜਿੱਤਾਂ ਜਿੱਤਦਾ ਰਹੁ! ਸਾਡੀਆਂ ਦੁਆਵਾਂ ਤੇਰੇ ਨਾਲ ਨੇ।
ਅਖ਼ੀਰ ਵਿਚ ਮੈਂ ਉਹਨਾਂ ਸਾਰੇ ਵਿਦਵਾਨ ਲੇਖਕਾਂ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਜਿਨ੍ਹਾਂ ਨੇ ਸਾਡੇ ਸਾਹਵੇਂ ਸਰਵਣ ਸਿੰਘ ਦੀ ਲਿਖਤ ਅਤੇ ਸ਼ਖ਼ਸੀਅਤ ਦੇ ਅਨੇਕਾਂ ਰੰਗ ਰੌਸ਼ਨ ਕੀਤੇ ਹਨ। ਇਸ ਪੁਸਤਕ ਦਾ ਪ੍ਰੇਰਕ ਤੇ ਨਾਇਕ ਹੋਣ ਕਰ ਕੇ ਸਰਵਣ ਸਿੰਘ ਦਾ ਉਹਨਾਂ ਤੋਂ ਵੀ ਵੱਧ ਧੰਨਵਾਦੀ ਹਾਂ; ਇਸ ਕਰਕੇ ਵੀ ਕਿਉਂਕਿ ਮੇਰੇ ਹਿੱਸੇ ਦਾ ਬਹੁਤਾ ਕੰਮ ਵੀ ਉਹਨੂੰ ਹੀ ਕਰਨਾ ਪਿਆ ਹੈ। ਪੁਸਤਕ ਨੂੰ ਛਾਪਣ ਲਈ ਤੁਰਤ ਹੁੰਗਾਰਾ ਭਰਨ ਵਾਲੇ ਸੰਗਮ ਪਬਲੀਕੇਸ਼ਨਜ਼ ਮਾਨਸਾ ਦੇ ਮਾਲਕ ਸ਼੍ਰੀ ਅਸ਼ੋਕ ਹੁਰਾਂ ਦਾ ਧੰਨਵਾਦ ਕਰਨ ਦੀ ਵਾਜਬੀਅਤ ਤਾਂ ਬਣਦੀ ਹੀ ਹੈ।