ਕੈਨੇਡਾ | ਕੈਨੇਡਾ ‘ਚ ਭਾਰਤੀਆਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਕੈਨੇਡਾ ਦੇ ਸਰੀ ‘ਚ 40 ਸਾਲ ਦੀ ਸਿੱਖ ਮਹਿਲਾ ਦੀ ਉਸ ਦੇ ਘਰ ‘ਚ ਵੜ ਕੇ ਚਾਕੂ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਈਅਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ( 7 ਦਸੰਬਰ) ਰਾਤ 9.30 ਵਜੇ ਚਾਕੂ ਨਾਲ ਔਰਤ ‘ਤੇ ਕੀਤੇ ਗਏ ਹਮਲੇ ਦੀ ਸੂਚਨਾ ਮਿਲੀ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਮਹਿਲਾ ਗੰਭੀਰ ਜ਼ਖਮੀ ਹਾਲਤ ‘ਚ ਸੀ, ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਪਹਿਲਾਂ ਇਸ ਮਾਮਲੇ ‘ਚ ਮਹਿਲਾ ਹਰਪ੍ਰੀਤ ਕੌਰ ਦੇ 40 ਸਾਲਾ ਪਤੀ ਨੂੰ ਹੱਤਿਆ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ‘ਚ ਪੁੱਛਗਿਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਕਿਸੇ ਕੋਲ ਹੋਵੇ ਤਾਂ ਪੁਲਿਸ ਨੂੰ ਦਿੱਤੀ ਜਾਵੇ।