ਲੁਧਿਆਣਾ ਦੀ ਰਹਿਣ ਵਾਲੀ ਹੈ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੀ ਗਰਲਫ੍ਰੈਂਡ ਜਤਿੰਦਰ ਕੌਰ, ਪੜ੍ਹੋ ਡਿਟੇਲ

0
1320

ਲੁਧਿਆਣਾ/ਮਾਨਸਾ/ਮੁੰਬਈ | ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਅਤੇ ਫ਼ਰਾਰ ਹੋਏ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਨੂੰ ਭਜਾਉਣ ਵਾਲੀ ਲੜਕੀ ਦਾ ਨਾਂ ਜਤਿੰਦਰ ਕੌਰ ਉਰਫ ਜੋਤੀ ਹੈ, ਜੋ ਲੁਧਿਆਣਾ ਦੀ ਰਹਿਣ ਵਾਲੀ ਹੈ , ਜਿਸ ਨੂੰ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਟੀਮ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਦੀਪਕ ਟੀਨੂੰ ਦੇ ਭੱਜਾਉਣ ਚ ਜਤਿੰਦਰ ਕੌਰ ਨੇ ਅਹਿਮ ਭੂਮੀਕਾ ਨਿਭਾਈ ਹੈ। ਦੀਪਕ ਟੀਨੂੰ ਨੂੰ ਭਜਾਉਣ ਦੀ ਯੋਜਨਾ ਪਹਿਲਾਂ ਹੀ ਗੋਇੰਦਵਾਲ ਜੇਲ ਵਿੱਚ ਬਣਾਈ ਗਈ ਸੀ। ਇਕ ਹਫ਼ਤਾ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਹੋ ਗਿਆ ਸੀ, ਜਿਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ।

ਗੈਂਗਸਟਰ ਦੀਪਕ ਦੀ ਗਰਲਫਰੈਂਡ ਜਤਿੰਦਰ ਤੋਂ ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਏ ਹਨ। ਜਤਿੰਦਰ ਕੌਰ ਨੇ ਦੱਸਿਆ ਕਿ ਦੀਪਕ ਲਗਾਤਾਰ ਫੋਨ ‘ਤੇ ਗੱਲ ਕਰਦਾ ਸੀ, ਦੀਪਕ ਕੋਲ ਗੋਇੰਦਵਾਲ ਜੇਲ੍ਹ ‘ਚ ਉਸ ਦਾ ਮੋਬਾਇਲ ਸੀ ਅਤੇ ਉਥੋਂ ਉਹ ਲਗਾਤਾਰ ਗੱਲ ਕਰਦਾ ਸੀ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕੀਤਾ ਕਿ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਸ ਹਿਰਾਸਤ ’ਚੋਂ ਭਜਾਉਣ ਵਾਲੀ ਉਸ ਦੀ ਪ੍ਰੇਮਿਕਾ ਨੂੰ ਗੁਪਤ ਸੂਚਨਾ ’ਤੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਮਾਲਦੀਵ ਭੱਜਣ ਦੀ ਤਿਆਰੀ ਕਰ ਰਹੀ ਸੀ ਪਰ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਟੀਮ ਨੇ ਮੁੰਬਈ ਏਅਰਪੋਰਟ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਹੁਣ ਦੀਪਕ ਦੀ ਇਕ ਹੋਰ ਸਾਥੀ ਦੀ ਤਲਾਸ਼ ਕਰ ਰਹੀ ਹੈ, ਜਿਸ ਦੀ ਭੂਮਿਕਾ ਵੀ ਕਾਫੀ ਅਹਿਮ ਰਹੀ ਹੈ।