ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ, ਲੋਕਾਂ ਦਾ ਸਰਕਾਰ ਖਿਲਾਫ਼ ਖੜ੍ਹੇ ਹੋਣ ਦਾ ਆਇਆ ਸਮਾਂ : ਪ੍ਰਸ਼ਾਤ ਭੂਸ਼ਨ

0
968

ਚੰਡੀਗੜ੍ਹ | ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਉੱਪਰ ਪੂਰੇ ਭਾਰਤ ਦੀਆਂ ਨਜ਼ਰਾਂ ਹਨ। ਪੰਜਾਬ ਇਸ ਵੇਲੇ ਦੇਸ਼ ਅੰਦਰ ਪੂਰਨ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ। ਸੂਬੇ ਦੇ ਲੋਕਾਂ ਅਨਿਆਂ ਖਿਲਾਫ਼ ਲੜਾਈ ’ਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।

ਪੰਜਾਬ ਦੀ ਖੂਬੀ ਹੈ ਕਿ ਇੱਥੋਂ ਦੇ ਲੋਕ ਬਿਨਾਂ ਭੈਅ ਤੋਂ ਜਬਰ-ਜ਼ੁਲਮ ਖਿਲਾਫ਼ ਲੜਨਾ ਜਾਣਦੇ ਹਨ। ਇਹ ਦਾਅਵਾ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੀਤਾ ਹੈ। ਉਹ ਸ਼ਨੀਵਾਰ ਨੂੰ ‘ਜਾਗਦਾ ਪੰਜਾਬ ਮੰਚ’ ਵੱਲੋਂ ‘ਭਾਰਤੀ ਲੋਕਤੰਤਰ ਦਾ ਸੰਕਟ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਪਹੁੰਚੇ ਸੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਦੇਸ਼ ਅੰਦਰ ਪੂਰਨ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੇਲੇ ਪੂਰੇ ਮੁਲਕ ਦੀਆਂ ਨਜ਼ਰਾਂ ਪੰਜਾਬ ’ਤੇ ਟਿਕੀਆਂ ਹੋਈਆਂ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਅਨਿਆਂ ਖਿਲਾਫ਼ ਲੜਾਈ ’ਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਤੋਂ ਬਾਅਦ ਹੁਣ ਪੂਰਨ ਆਜ਼ਾਦੀ ਲਈ ਲਹਿਰ ਉੱਠਣ ਲੱਗੀ ਹੈ। ਲੋਕਾਂ ਦੇ ਮਨਾਂ ਵਿੱਚੋਂ ਡਰ ਨਿਕਲਣ ਲੱਗਿਆ ਹੈ। ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਰਹੱਦੀ ਸੂਬਾ ਪੰਜਾਬ ਇਸ ਜਦੋਜ਼ਹਿਦ ’ਚ ਅਹਿਮ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੈ। ਐਮਰਜੈਂਸੀ ਦੌਰਾਨ ਵੀ ਲੋਕਤੰਤਰ ਨੂੰ ਇੰਨਾ ਖ਼ਤਰਾ ਨਹੀਂ ਸੀ ਜਿੰਨਾ ਹੁਣ ਹੋ ਗਿਆ ਹੈ। ਦੇਸ਼ ਵਿੱਚ ਘੱਟ ਗਿਣਤੀਆਂ, ਦਲਿਤਾਂ, ਸਮਾਜ ਸੇਵੀ ਆਗੂਆਂ, ਆਰਟੀਆਈ ਕਾਰਕੁਨਾਂ ਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਖਿਲਾਫ਼ ਦੇਸ਼ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਜਸੀ ਹਿੱਤਾਂ ਲਈ ਦੇਸ਼ ਵਿੱਚ ਹਿੰਦੂ, ਮੁਸਲਮਾਨਾਂ, ਇਸਾਈਆਂ ਵਿੱਚ ਨਫਰਤ ਫੈਲਾਈ ਜਾ ਰਹੀ ਹੈ, ਸੱਭਿਅਤਾ ਤੇ ਸੱਭਿਆਚਾਰ ਖਤਰੇ ਵਿੱਚ ਹੈ। ਲੋਕਾਂ ਨੂੰ ਡਰਾ ਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਵੇਂ ਕੁਝ ਵੀ ਨਹੀਂ ਹੋ ਰਿਹਾ ਹੈ। ਭੂਸ਼ਣ ਨੇ ਕਿਹਾ ਕਿ ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ ਹੈ। ਹੁਣ ਲੋਕਾਂ ਦਾ ਸਰਕਾਰ ਖਿਲਾਫ਼ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ।