ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਪਿੱਛੋਂ ਮੌਤ ਹੋ ਜਾਣ ‘ਤੇ ਥਾਣਾ ਖੇੜੀ ਗੰਡਿਆ ਪੁਲਿਸ ਨੇ 1 ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕਤਲ ਸਣੇ ਹੋਰਨਾਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।
ਪੁਲਿਸ ਕੋਲ ਸੁਖਦੇਵ ਸਿੰਘ ਵਾਸੀ ਪਿੰਡ ਅਲਾਲਮਾਜਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਪਿੰਡ ਅਲਾਲਮਾਜਰਾ ਦੀ ਪਾਣੀ ਵਾਲੀ ਟੈਂਕੀ ਕੋਲ ਜਾ ਰਿਹਾ ਸੀ ਤਾਂ ਦੇਖਿਆ ਕਿ ਉਸ ਦੇ ਭਤੀਜੇ ਕੁਲਬੀਰ ਸਿੰਘ ਨੂੰ ਸੁਰਿੰਦਰ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਗੁਰਧਿਆਨ ਸਿੰਘ, ਅਮਨਦੀਪ ਸਿੰਘ ਵਾਸੀਆਨ ਪਿੰਡ ਅਲਾਲਮਾਜਰਾ ਬੜੀ ਬੇਰਹਿਮੀ ਨਾਲ ਕੁੱਟ ਰਹੇ ਸਨ। ਉਸ ਦੇ ਢਿੱਡ ‘ਤੇ ਵਾਰ ਕਰ ਰਹੇ ਸਨ ਜਦੋਂ ਉਹ ਕੁਲਬੀਰ ਨੂੰ ਬਚਾਉਣ ਲਈ ਨੇੜੇ ਗਿਆ ਤਾਂ ਸਾਰੇ ਹਮਲਾਵਾਰ ਭੱਜ ਗਏ।
ਇਸ ਦੌਰਾਨ ਉਹ ਕੁਲਬੀਰ ਨੂੰ ਉਸ ਦੇ ਘਰ ਲੈ ਕੇ ਗਿਆ। ਦੂਜੇ ਪਾਸੇ ਜ਼ਿਆਦਾ ਕੁੱਟਮਾਰ ਹੋਣ ਕਰਕੇ ਪੀੜਤ ਕੁਲਬੀਰ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ। ਇਲਾਜ ਲਈ ਨੌਜਵਾਨ ਨੂੰ ਏਪੀ ਜੈਨ ਸਿਵਲ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਵੇਖ ਕੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਜਦੋਂ ਪੀਜੀਆਈ ਚੰਡੀਗੜ੍ਹ ਲੈ ਕੇ ਪੁੱਜੇ ਤਾਂ ਕੁਲਬੀਰ ਦੀ ਮੌਤ ਹੋ ਗਈ, ਜਿਸ ‘ਤੇ ਥਾਣਾ ਖੇੜੀ ਗੰਡਿਆ ਪੁਲਿਸ ਨੇ ਉਕਤ 5 ਜਣਿਆਂ ਸਮੇਤ 8 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।