ਕਪੂਰਥਲਾ : ਪੰਜਾਬ ‘ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਢਪਈ ਦੇ ਵਸਨੀਕ ਪਰਮਵੀਰ ਸਿੰਘ ਦਾ ਅਮਰੀਕਾ ਵਿੱਚ ਇੱਕ ਵਿਅਕਤੀ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਮਵੀਰ ਦੇ ਪਿੰਡ ਅਤੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਬੇਟੇ ਦੀ ਮੌਤ ਕਾਰਨ ਸਦਮੇ ‘ਚ ਮਾਪਿਆਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲਿਆਂਦਾ ਜਾ ਰਿਹਾ ਹੈ।
ਸੀਸੀਟੀਵੀ ਫੁਟੇਜ ਆਈ ਸਾਹਮਣੇ
ਦੂਜੇ ਪਾਸੇ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ ਵਿਅਕਤੀ ਨੇ ਆਪਣਾ ਮੂੰਹ ਢੱਕਿਆ ਹੋਇਆ ਹੈ। ਉਸ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਹੋਵੇ ਪਰ ਉਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਪਰਮਵੀਰ ਨੂੰ ਮਾਰਨ ਲਈ ਸਟੋਰ ਤੱਕ ਪਹੁੰਚ ਗਿਆ ਸੀ। ਮੌਕਾ ਦੇਖ ਕੇ ਉਸ ਨੇ ਪਰਮਵੀਰ ਦੇ ਸਿਰ ‘ਤੇ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸ ਦੇਈਏ ਕਿ ਪਰਮਵੀਰ ਸਿੰਘ ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਡੂਪੋਲੋ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਸਟੋਰ ਕਲਰਕ ਵਜੋਂ ਕੰਮ ਕਰਦਾ ਸੀ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਹਰ ਸਾਲ ਪੰਜਾਬ ਦੇ ਲੱਖਾਂ ਨੌਜਵਾਨ ਆਪਣੀ ਪੜ੍ਹਾਈ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦਾ ਰੁਖ ਕਰਦੇ ਹਨ। ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ ਜਿੰਨੇ ਵੀ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਨ ਉਨ੍ਹਾਂ ਵਿੱਚੋਂ 60 ਫੀਸਦ ਗਿਣਤੀ ਸਿਰਫ਼ ਪੰਜਾਬੀਆਂ ਦੀ ਹੈ।