ਚਾਵਾਂ ਨਾਲ ਕੈਨੇਡਾ ਭੇਜੀ ਧੀ ਬੰਦ ਡੱਬੇ ‘ਚ ਪਰਤੀ ਘਰ, ਧੀ ਦੀ ਲਾਸ਼ ਦੇਖ ਸਦਮੇ ‘ਚ ਪਰਿਵਾਰ

0
541

ਨਾਭਾ, 30 ਸਤੰਬਰ | ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਕਰੀਬ 10 ਦਿਨ ਪਹਿਲਾਂ 23 ਸਾਲਾ ਕਿਸਾਨ ਦੀ ਧੀ ਨਵਦੀਪ ਕੌਰ ਦੀ ਬ੍ਰੇਨ ਹੈਮਰੇਜ ਕਾਰਨ ਮੌਤ ਹੋ ਗਈ ਸੀ। ਹਾਲ ਹੀ ‘ਚ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ‘ਚ ਨਵਦੀਪ ਕੌਰ ਦੀ ਲਾਸ਼ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਨੇ ਨਵਦੀਪ ਕੌਰ ਨੂੰ ਬੜੇ ਚਾਅ ਨਾਲ ਕੈਨੇਡਾ ਭੇਜਿਆ ਸੀ ਤਾਂ ਜੋ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣੇ ਪਰ ਉਸ ਦੀ ਮੌਤ ਨਾਲ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਕਰਜ਼ਾ ਲੈ ਕੇ ਵਿਦੇਸ਼ ਭੇਜ ਦਿੱਤਾ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਸਸਕਾਰ ਮੌਕੇ ਜਿੱਥੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ, ਉੱਥੇ ਹੀ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਬਣ ਗਿਆ।

ਮਾਪਿਆਂ ਨੇ ਆਪਣੀ ਧੀ ਨਵਦੀਪ ਕੌਰ ਨੂੰ ਲਾਲ ਸ਼ਗਨ ਨਾਲ ਵਿਆਹ ਕੇ ਖੁਸ਼ੀ-ਖੁਸ਼ੀ ਘਰੋਂ ਵਿਦਾ ਕਰਨ ਦਾ ਸੁਪਨਾ ਦੇਖਿਆ ਸੀ, ਹੁਣ ਉਨ੍ਹਾਂ ਨੇ ਨਵਦੀਪ ਕੌਰ ਦੀ ਮ੍ਰਿਤਕ ਦੇਹ ‘ਤੇ ਲਾਲ ਸ਼ਗਨ ਦਾ ਲਾਲ ਦੁਪੱਟਾ ਦੇ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਨਵਦੀਪ ਕੌਰ ਦੀ ਕੈਨੇਡਾ ਵਿਚ ਮੌਤ ਹੋ ਜਾਵੇਗੀ। ਨਵਦੀਪ ਕੌਰ ਦੋ ਸਾਲ ਪਹਿਲਾਂ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਗਈ ਸੀ ਪਰ ਬ੍ਰੇਨ ਹੈਮਰੇਜ ਕਾਰਨ ਉਸ ਦੀ ਮੌਤ ਹੋ ਗਈ। ਨਵਦੀਪ ਕੌਰ ਘਰ ਦੀ ਵੱਡੀ ਲੜਕੀ ਸੀ ਅਤੇ ਘਰ ਦੀ ਜ਼ਿੰਮੇਵਾਰੀ ਉਸ ‘ਤੇ ਸੀ ਅਤੇ ਹੁਣ ਸਿਰਫ ਛੋਟੀ ਲੜਕੀ ਹੀ ਬਚੀ ਹੈ।

ਇਸ ਮੌਕੇ ਮ੍ਰਿਤਕ ਨਵਦੀਪ ਕੌਰ ਦੇ ਰਿਸ਼ਤੇਦਾਰਾਂ ਕੁਲਦੀਪ ਸਿੰਘ ਅਤੇ ਜਗਪਾਲ ਸਿੰਘ ਨੇ ਦੱਸਿਆ ਕਿ ਮਿਹਨਤ ਕਰ ਕੇ ਨਵਦੀਪ ਕੌਰ ਨੂੰ ਲੱਖਾਂ ਰੁਪਏ ਖਰਚ ਕੇ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਗਿਆ ਸੀ। ਉਸ ਨੇ ਦੋ ਸਾਲਾਂ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਪਰ ਜਦੋਂ ਕਰਜ਼ਾ ਚੁਕਾਉਣ ਦਾ ਸਮਾਂ ਆਇਆ ਤਾਂ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਤੇ ਕੈਨੇਡਾ ਵਿਚ ਉਸ ਦੀ ਮੌਤ ਹੋ ਗਈ। ਐਨ.ਆਰ.ਆਈ ਦੀ ਮਦਦ ਨਾਲ ਉਸ ਦੀ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਸਿਰ ਲੱਖਾਂ ਰੁਪਏ ਦਾ ਕਰਜ਼ਾ ਹੈ। ਉਹ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਪਰਿਵਾਰ ਸਿਰ ਚੜ੍ਹੇ ਕਰਜ਼ੇ ਦਾ ਬੋਝ ਹਲਕਾ ਕੀਤਾ ਜਾਵੇ।