ਮੋਗਾ . ਖੂਨਦਾਨ ਕਰਨਾ ਇਕ ਇਨਸਾਨੀ ਫਰਜ਼ ਸਮਝਿਆ ਜਾਂਦਾ ਹੈ। ਇਸ ਸਮਾਜਿਕ ਫਰਜ਼ ਨਿਭਾਉਦਿਆਂ ਨੈਸਲੇ ਕੰਪਨੀ ਵੱਲੋ ਅੱਜ ਆਪਣੀ ਫੈਕਟਰੀ ਵਿੱਚ ਖੂਨਦਾਨ ਕੈਪ ਲਗਾਇਆ ਗਿਆ ਜਿਸ ਦੌਰਾਨ 101 ਕੰਪਨੀ ਦੇ ਕ੍ਰਮਚਾਰੀਆਂ ਨੇ ਖੂਨਦਾਨ ਕੀਤਾ। ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਕੰਪਨੀ ਦੇ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਇਸ ਤਰ੍ਹਾਂ ਦੇ ਉਦਮ ਨਾਲ ਸਮਾਜ ਨੂੰ ਨਵਾਂ ਕੰਮ ਕਰਨ ਲਈ ਪ੍ਰੇਰਨਾ ਮਿਲਦੀ ਹੈ। ਫੈਕਟਰੀ ਮੈਨੇਜਰ ਸਟੇਨਲੇ ਓਮਨ ਨੇ ਦੱਸਿਆ ਕਿ ਨੈਸਲੇ ਵੱਲੋ ਨਾ ਸਿਰਫ ਖਾਣ-ਪੀਣ ਦੀਆਂ ਚੀਜਾਂ ਵੰਡੀਆਂ ਜਾ ਰਹੀਆਂ ਹਨ ਬਲਕਿ ਖੂਨਦਾਨ ਕਰਕੇ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਨੈਸਲੇ ਕੰਪਨੀ ਹਮੇਸ਼ਾ ਹੀ ਇਸ ਪ੍ਰਕਾਰ ਦੇ ਉਦਮ ਲੈਦੀ ਹੋਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮੌਕੇ ਦੌਰਾਨ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਗਿਆ। ਨਾਲ ਹੀ ਫੈਕਟਰੀ ਦੇ ਅੰਦਰ ਆਉਣ ਵਾਲੇ ਹਰ ਇੱਕ ਵਿਅਕਤੀ ਦਾ ਥਰਮਲ ਸਕੈਨਰ ਨਾਲ ਤਾਪਮਾਨ ਚੈਕ ਕੀਤਾ ਜਾਂਦਾ ਹੈ ਤੇ ਸੇਨੇਟਾਈਜਰ ਦੀ ਵਰਤੋ ਕੀਤੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਫੂਡ ਸੇਫਟੀ ਅਫ਼ਸਰ ਡਾ. ਜਤਿੰਦਰ ਸਿੰਘ, ਐਸ.ਐਮ.ਓ. ਮੋਗਾ ਡਾ. ਰਜੇਸ਼ ਅੱਤਰੀ, ਨੈਸਲੇ ਦੇ ਐਚ.ਆਰ. ਮੈਨੇਜਰ ਸ੍ਰੀ ਰਵੀ ਸਿੰਘ, ਕੈਪ ਕੋਆਰਡੀਨੇਟਰ ਸ੍ਰੀ ਸੁਰੇਸ਼ ਮਹਿੰਦੀਰੱਤਾ, ਡਾ. ਬੀ.ਐਸ. ਭੁੱਲਰ, ਸ੍ਰ ਜਸਪਾਲ ਸਿੱਧੂ ਤੇ ਸ੍ਰੀ ਹਰਵਿੰਦਰ ਸਿੰਘ ਵੀ ਮੌਜੂਦ ਸਨ।