ਹਿਮਾਚਲੋਂ ਲਿਆ ਕੇੇ ਪੰਜਾਬ ‘ਚ ਵੇਚਦੇ ਸਨ ਚਰਸ, ਪੁਲਿਸ ਨੇ 4 ਨੌਜਵਾਨ ਕੀਤੇ ਗ੍ਰਿਫਤਾਰ

0
729

ਚੰਡੀਗੜ੍ਹ, 9 ਨਵੰਬਰ| ਚੰਡੀਗੜ੍ਹ ਪੁਲਿਸ ਨੇ ਚਾਰ ਨਸ਼ਾ ਤਸਕਰ ਫੜੇ ਹਨ। ਇਹ ਚਾਰੇ ਤਸਕਰ ਹਿਮਾਚਲ ਤੋਂ ਸਸਤੇ ਭਾਅ ‘ਤੇ ਨਸ਼ੇ ਲਿਆ ਕੇ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਵੇਚਦੇ ਸਨ। ਇਹ ਚਾਰੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਪੁਲਿਸ ਨੇ ਚਾਰਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਗੱਡੀ ਅਤੇ 2 ਕਿਲੋ 104 ਗ੍ਰਾਮ ਹਸ਼ੀਸ਼ ਬਰਾਮਦ ਕੀਤੀ ਹੈ।

ਚੰਡੀਗੜ੍ਹ ਪੁਲਿਸ ਨੇ ਤਿਉਹਾਰਾਂ ਦੇ ਸੀਜ਼ਨ ਕਾਰਨ ਇਨ੍ਹਾਂ ਦਿਨਾਂ ਵਿੱਚ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪੁਲਿਸ ਨਾਕੇ ਲਾਏ ਹੋਏ ਹਨ। ਅੱਜ ਬਾਅਦ ਦੁਪਹਿਰ ਪੁਲਿਸ ਨੇ ਜੀਰੀ ਮੰਡੀ ਨੇੜੇ ਨਾਕਾ ਲਾਇਆ ਹੋਇਆ ਸੀ। ਉਦੋਂ ਹੀ ਦੋਸ਼ੀ ਇਕ ਕਾਰ ਵਿਚ ਆ ਰਹੇ ਸਨ। ਨਾਕਾ ਦੇਖ ਕੇ ਉਹ ਕਾਰ ਮੋੜ ਕੇ ਉਥੋਂ ਭੱਜ ਗਏ। ਪੁਲਿਸ ਨੇ ਜਦੋਂ ਚਾਰਾਂ ਦਾ ਪਿੱਛਾ ਕੀਤਾ ਤਾਂ ਸੈਕਟਰ-7 ਨੇੜੇ ਫੜ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ।

ਪੁਲਿਸ ਨੇ ਜਦੋਂ ਚਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁਝ ਵੀ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਨਸ਼ੇ ਨੂੰ ਛੁਪਾਉਣ ਲਈ ਆਰਮ ਰੈਸਟ ਦੇ ਅੰਦਰ ਜਗ੍ਹਾ ਬਣਾਈ ਗਈ ਸੀ। ਉਨ੍ਹਾਂ ਨੇ ਇਹ ਨਸ਼ੀਲਾ ਪਦਾਰਥ ਉਸੇ ਥਾਂ ਅੰਦਰ ਲੁਕੋ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨੀਸ਼ (22 ਸਾਲ) ਵਾਸੀ ਈਡਬਲਿਊਐਸ ਕਲੋਨੀ ਮਲੋਆ, ਮੋਨੂੰ (19 ਸਾਲ) ਵਾਸੀ EWS ਫਲੈਟ ਮਲੋਆ, ਅੰਕਿਤ (23 ਸਾਲ) ਵਾਸੀ ਸੈਕਟਰ 56 ਚੰਡੀਗੜ੍ਹ ਅਤੇ ਰੋਹਨ (19 ਸਾਲ) ਵਾਸੀ EWS ਕਲੋਨੀ ਮਲੋਆ ਵਜੋਂ ਹੋਈ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਵਿੱਚੋਂ ਦੋ ਮੁਲਜ਼ਮ ਪਹਿਲਾਂ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਦੋਂਕਿ ਦੋ ਮੁਲਜ਼ਮਾਂ ਦਾ ਅਜੇ ਤੱਕ ਅਜਿਹਾ ਕੋਈ ਰਿਕਾਰਡ ਨਹੀਂ ਮਿਲਿਆ ਹੈ।

ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮਨੀਸ਼ ਪਹਿਲਾਂ ਵੀ ਤਿੰਨ ਕੇਸਾਂ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਉਸ ਖ਼ਿਲਾਫ਼ ਸੈਕਟਰ-36 ਵਿੱਚ ਦੰਗਾ ਫੈਲਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਲੋਆ ‘ਤੇ ਉਸ ਦੇ ਖਿਲਾਫ ਨਸ਼ਾ ਤਸਕਰੀ ਅਤੇ ਧੋਖਾਧੜੀ ਦਾ ਮਾਮਲਾ ਵੀ ਦਰਜ ਹੈ। ਦੂਜਾ ਮੁਲਜ਼ਮ ਮੋਨੂੰ ਵੀ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ।