–ਕਰਨਲ ਕੁਲਦੀਪ ਦੁਸਾਂਝ
ਇਹ ਸਚਾਈ ਮੰਨ ਲਈ ਗਈ ਹੈ ਕਿ ਰਚਨਾਤਮਿਕਤਾ ਹਰ ਇਨਸਾਨ ਦੀ ਮੁੱਢਲੀ ਜ਼ਰੂਰਤ ਹੈ। ਹਰ ਕੋਈ ਕਿਸ ਹੱਦ ਤਕ ਰਚਨਾਤਮਿਕ ਹੁੰਦਾ ਹੈ। ਬੱਸ ਲੋੜ ਹੈ ਤਾਂ ਉਸ ਯੋਗਤਾ ਨੂੰ ਤਲਾਸ਼ਣ ਦੀ। ਕੋਰੋਨਾ ਵਰਗੇ ਦਿਨਾਂ ਵਿਚ ਇਸਨੂੰ ਅਪਣਾਇਆ ਜਾ ਸਕਦਾ ਹੈ। ਰਚਨਾਤਮਿਕਤਾ ਦਿਲ-ਦਿਮਾਗ-ਹੱਥਾਂ ਦਾ ਸੁਮੇਲ ਹੈ । ਇਸ ਕਿਰਿਆ ਨੂੰ ਹੌਬੀ ਵੀ ਆਖਿਆ ਜਾਂਦਾ ਹੈ। ਇਹ ਘਰ ਅੰਦਰ ਤੇ ਦੂਜੀ ਬਾਹਰ ਵਿੱਚ ਵੰਡੀ ਜਾਂਦੀ ਹੈ। ਇਥੇ ਘਰ ਅੰਦਰ ਰਹਿ ਕੇ ਕਰਨ ਵਾਲੀਆਂ ਗਤੀਵਿਧੀਆਂ ਦੀ ਗਲ ਕਰਦੇ ਹਾਂ।
ਲਿਖਣਾ
ਲਿਖਣਾ ਉਪਰ ਲਿਖੀਆਂ ਤਿੰਨੋਂ ਗਲਾਂ ਦਾ ਵਧੀਆ ਗਠ-ਜੋੜ ਹੈ। ਇਹ ਧਾਰਨਾ ਗਲਤ ਹੈ ਕਿ ਮੈਂ ਤਾਂ ਕਦੇ ਕੁੱਝ ਲਿਖਿਆ ਹੀ ਨਹੀਂ। ਬਸ ਅੱਜ ਤੋਂ ਹੀ ਕਾਗਜ਼ ਪੈਨਸਿਲ ਪਕੜੋ ਤੇ ਸ਼ੁਰੂ ਹੋ ਜਾਉ, ਇਸ ਦੇ ਹੌਲੀ-ਹੌਲੀ ਨਤੀਜੇ ਦੇਖੋ। ਲਿਖਣਾ ਜਿਆਦਾ ਪੜ੍ਹੇ-ਲਿਖਿਆਂ ਦੀ ਮਲਕੀਅਤ ਨਹੀਂ। ਕਿਸੇ ਘਟਨਾ ਬਾਰੇ ਜਾਂ ਰੋਜ਼ਾਨਾ ਡਾਇਰੀ ਲਿਖਣ ਤੋਂ ਸ਼ੁਰੂ ਕਰ ਸਕਦੇ ਹਾਂ । ਜੇ ਲਿਖਣਾ ਸੌਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਹ ਗਤੀਵਿਧੀ ਉਮਰ ਭਰ ਦਾ ਸਾਥ ਹੈ । ਖੁਸ਼ਵੰਤ ਸਿੰਘ ਵਰਗੇ ਲੇਖਕ ਅਖੀਰ ਤੱਕ ਰਚਨਾਤਮਿਕ ਰਹੇ । ਦੋਸਤੋ ਲਿਖਣਾ ਇਕ ਅਲੱਗ ਖੁਸ਼ੀ ਦਾ ਸੋਮਾ ਹੈ ।
ਗੀਤ-ਸੰਗੀਤ
ਗੀਤ-ਸੰਗੀਤ ਸੁਣਨਾ ਤਾਂ ਆਨੰਦਮਈ ਹੈ, ਪਰ ਸਿੱਖਣਾ ਹੋਰ ਵੀ ਵਧੀਆ ਹੈ। ਇਸ ਵਿੱਚ ਵੀ ਦਿਲ-ਦਿਮਾਗ-ਹੱਥਾਂ ਦਾ ਸੁਮੇਲ ਹੈ । ਹਰਮੋਨੀਅਮ, ਗੀਟਾਰ, ਵਾਇਲਨ, ਤਬਲਾ , ਕੈਸੀਓ ਵਗੈਰਾ ਕੋਈ ਵੀ ਸਾਜ ਸਿੱਖਿਆ ਜਾ ਸਕਦਾ ਹੈ। ਇਹ ਹੌਬੀ ਵੀ ਉਮਰ ਭਰ ਦਾ ਸਾਥ ਹੈ। ਇਥੇ ਅਸੀਂ ਡਰਾਇੰਗ, ਪੇਂਟਿੰਗ, ਸ਼ਿਲਪਕਾਰੀ, ਕਾਰਪੈਂਟਰੀ, ਡਾਂਸ ਆਦਿ ਵੀ ਸ਼ਾਮਲ ਕਰ ਸਕਦੇ ਹਾਂ। ਸਿੱਖਣ ਲਈ ਬਾਬਾ ਗੂਗਲ ਤੇ ਭੈਣ ਯੂ-ਟਿਊਬ ਹਾਜ਼ਰ ਹਨ। ਇਹੋ ਜਿਹੀਆਂ ਸਰਗਰਮੀਆਂ ਬੱਚਿਆਂ ਲਈ ਬਹੁਤ ਲਾਭਕਾਰੀ ਹਨ।
ਸੈਰ ਤੇ ਯੋਗ
ਘਰ ‘ਚ ਸੈਰ ਕਰਦਿਆਂ ਅਸੀਂ ਸੀੜੀਆਂ ਦਾ ਚੜ੍ਹਨਾ-ਉਤਰਨਾ ਵੀ ਕਰ ਸਕਦੇ ਹਾਂ । ਸੁਭਾ-ਸਵੇਰੇ ਯੋਗ, ਕਪਾਲ ਪਾਤੀ ਤੇ ਲੋਮ-ਵਿਲੋਮ ਵਧੀਆ ਕਿਰਿਆਵਾਂ ਹਨ। ਰੱਸੀ ਟੱਪਣਾ ਵੀ ਲਾਭਦਾਇਕ ਹੈ। ਸਵੇਰ ਸਾਰ ਪੰਛੀ ਵੀ ਆਪਣਾ ਗੀਤ ਛੇੜਦੇ ਹਨ। ਕਦੇ ਕਦਾਈਂ ਆਸਮਾਨੀ ਉੱਡਦੇ ਚਿੱਟੇ ਕਬੂਤਰ ਵੀ ਦੇਖਣੇ ਚਾਹੀਦੇ ਹਨ।
ਟੁੱਟਭੱਜ ਨੂੰ ਬਣਤਰ ਦਿਉ
ਖਾਣਾ ਬਨਾਉਣ ਤੇ ਯੂ-ਟਿਊਬ ਤੋਂ ਖਾਣਾ ਬਣਾਉਣ ਦੀ ਨਵੀਂ ਵਿਧੀ ਵੀ ਸਿਖੀ ਜਾ ਸਕਦੀ ਹੈ। ਇਸ ਨਾਲ ਘਰਵਾਲੀ ਵੀ ਖੁਸ਼ ਹੁੰਦੀ ਹੈ। ਇੰਝ ਹੀ ਕਿਚਨ ਗਾਰਡਨ, ਵਾੜ-ਲਾਨ ਕੱਟਣਾ, ਫੁੱਲ ਉਗਾਉਣੇ,ਪਾਣੀ ਦੇਣਾ ਵੀ ਵਕਤ ਗੁਜ਼ਾਰਨ ਦੇ ਵਧੀਆ ਤਰੀਕੇ ਹਨ।
ਦਿਮਾਗੀ ਕਸਰਤ ਲਈ , ਸਡੂਕੂ, ਚੈਸ, ਟੁੱਟੀਆਂ ਚੀਜ਼ਾਂ ਦਾ ਇਸਤੇਮਾਲ, ਬੱਚਿਆਂ ਨੂੰ ਪੜ੍ਹਾਉਣ ਆਦਿ ਲਾਭਦਾਇਕ ਹਨ। ਇਸ ਨਾਲ ਡੀਮੈਸ਼ੀਆ ਤੋ ਬਚਾ ਹੋ ਸਕਦਾ ਹੈ। ਅੱਜਕਲ, ਮਜ਼ਾਕ ਵਜੋਂ, ਸੋਸ਼ਲ ਮੀਡੀਆ ਤੇ ਪਤੀ ਘਰ ਦੇ ਕੰਮ ਕਰਦੇ ਦੇਖਦੇ ਹਾਂ। ਦੋਸਤੋ ਇਹ ਸਿੱਧ ਹੋ ਚੁੱਕਾ ਹੈ ਕਿ ਘਰ ਦੀ ਸਫਾਈ, ਪੋਚਾ ਮਾਰਨਾਂ, ਘਰ-ਕਾਰ ਦੇ ਸ਼ੀਸ਼ੇ ਸਾਫ ਕਰਨਾ ਆਦਿ ਕੋਲੈਸਟਰੋਲ ਨੂੰ ਘਟ ਕਰਦੇ ਹਨ। ਇਸ ਕਰਕੇ ਪਤੀਆਂ ਨੂੰ ਇਨ੍ਹਾਂ ਕੰਮਾਂ ਤੋਂ ਗੁਰੇਜ਼ ਕਰਨ ਦੀ ਲੋੜ ਨਹੀਂ ਲਗਦੀ। ਪਤਨੀ ਦੀ ਸਹਾਇਤਾ ਤੇ ਤੁਹਾਡੀ ਵਰਜਿਸ਼ ਦੋਨੋਂ ਹੋ ਜਾਂਦੇ ਹਨ।
ਮੋਹ ਭਰਿਆ ਸੁਨੇਹਾ
ਆਉ ਇਸ ਔਖੇ ਵਕਤ ਦਾ ਉਪਯੋਗ ਕਰੀਏ ਤੇ ਕੁੱਝ ਨਵਾਂ ਸਿੱਖੀਏ। ਉਪਰੋਕਤ ਹੌਬੀਜ ਤੋਂ ਇਲਾਵਾ, ਕਿਤਾਬਾਂ-ਅਖਬਾਰਾਂ ਪੜ੍ਹਨਾ, ਟੀ ਵੀ ਦੇਖਣਾ, ਭਗਤੀ ਤੇ ਪੂਜਾ ਪਾਠ ਕਰਨਾ ਵੀ ਸ਼ਾਮਿਲ ਹਨ। ਆਉ ਇਨ੍ਹਾਂ ਦਿਨਾਂ ‘ਚ ਖੁਸ਼ ਰਹੀਏ ਤੇ ਖੁਸ਼ੀ ਵੰਡੀਏ।
ਜੇਕਰ ਤੁਸੀਂ ਵੀ ਆਪਣੀ ਡਾਇਰੀ ਲਿਖਦੇ ਹੋ ਤਾਂ ਸਾਡੀ ਈਮੇਲ editor@punjabibulletin.in ‘ਤੇ ਭੇਜ ਸਕਦੇ ਹੋ।












































