ਪਠਾਨਕੋਟ : ਨਸ਼ੇ ਖਿਲਾਫ 8ਵੀਂ ਦੀ ਵਿਦਿਆਰਥਣ ਦਾ ਜਜ਼ਬਾ ਦੇਖ SHO ਨੇ ਕੀਤਾ ਸੈਲਿਊਟ, ਇਕ ਦਿਨ ਲਈ ਆਪਣੀ ਕੁਰਸੀ ‘ਤੇ ਬਿਠਾਇਆ

0
1721

ਪਠਾਨਕੋਟ, 6 ਸਤੰਬਰ| ਪੰਜਾਬ ਸਰਕਾਰ ਅਤੇ ਪੁਲਿਸ ਦੋਵੇਂ ਹੀ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਵਾਹ ਲਾ ਰਹੇ ਹਨ। ਅਜਿਹੇ ‘ਚ ਪੁਲਿਸ ਨੂੰ ਸੂਬੇ ਦੀ 8ਵੀਂ ਜਮਾਤ ਦੀ ਵਿਦਿਆਰਥਣ ਦਾ ਜ਼ਬਰਦਸਤ ਸਮਰਥਨ ਮਿਲਿਆ ਹੈ।

ਵਿਦਿਆਰਥਣ ਨੇ ਨਸ਼ਾ ਮੁਕਤ ਮੁਹਿੰਮ ਲਈ ਅਜਿਹਾ ਉਤਸ਼ਾਹ ਦਿਖਾਇਆ ਕਿ ਪੁਲਿਸ ਵਾਲਿਆਂ ਨੇ ਵਿਦਿਆਰਥਣ ਨੂੰ ਸੈਲਿਊਟ ਕੀਤਾ। ਇੰਨਾ ਹੀ ਨਹੀਂ ਪਠਾਨਕੋਟ ਪੁਲਿਸ ਵਿਭਾਗ ਦੇ ਐਸਐਚਓ ਨੇ ਵੀ ਵਿਦਿਆਰਥਣ ਨੂੰ ਆਪਣੀ ਕੁਰਸੀ ‘ਤੇ ਬਿਠਾਇਆ। ਪਠਾਨਕੋਟ ਪੁਲਿਸ ਵਿਭਾਗ ਦੀ ਐਸਐਚਓ ਹਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਇਹ ਲੜਕੀ ਬਹੁਤ ਆਤਮਵਿਸ਼ਵਾਸ ਵਾਲੀ ਹੈ। ਇੱਕ ਪ੍ਰਾਈਵੇਟ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਗੰਧੀ ਦਾ ਨਸ਼ਿਆਂ ਖ਼ਿਲਾਫ਼ ਜੰਗ ਛੇੜਨ ਦਾ ਜਜ਼ਬਾ ਦੇਖਣਯੋਗ ਹੈ। ਐਸ.ਐਚ.ਓ ਸਾਹਿਬਾ ਨੇ ਅੱਗੇ ਦੱਸਿਆ ਕਿ ਬਟਾਲਾ ਦੀ ਰਹਿਣ ਵਾਲੀ ਸੁਗੰਧੀ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ ਅਤੇ ਸੂਬੇ ਵਿੱਚ ਫੈਲੇ ਨਸ਼ੇ ਨੂੰ ਜੜ੍ਹੋਂ ਪੁੱਟਣਾ ਚਾਹੁੰਦੀ ਹੈ।

ਲਿਖਤੀ ਮੁਕਾਬਲੇ ਵਿੱਚ ਵਿਦਿਆਰਥਣ ਨੇ ਦਿਖਾਇਆ ਜਜ਼ਬਾ
ਦਰਅਸਲ ਪਠਾਨਕੋਟ ਪੁਲਿਸ ਵਿਭਾਗ ਵੱਲੋਂ ਨਸ਼ਾ ਮੁਕਤ ਮੁਹਿੰਮ ਤਹਿਤ ਇਲਾਕੇ ਦੇ ਸਾਰੇ ਸਕੂਲਾਂ ਵਿੱਚ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਾਰੇ ਬੱਚਿਆਂ ਨੇ ‘ਨਸ਼ਾ ਮੁਕਤ ਸਮਾਜ’ ਵਿਸ਼ੇ ’ਤੇ ਲੇਖ ਲਿਖਣਾ ਸੀ। ਇਸ ਮੁਕਾਬਲੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਗੰਧੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਮੁਕਾਬਲੇ ਤੋਂ ਬਾਅਦ ਵਿਦਿਆਰਥਣ ਨੂੰ ਉਸਦਾ ਟੀਚਾ ਪੁੱਛਿਆ ਗਿਆ, ਜਿਸ ਦੇ ਜਵਾਬ ਵਿੱਚ ਵਿਦਿਆਰਥਣ ਨੇ ਕਿਹਾ ਕਿ ਉਹ ਵੱਡੀ ਹੋ ਕੇ ਪੁਲਿਸ ਅਫਸਰ ਬਣੇਗੀ ਅਤੇ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰੇਗੀ। ਫਿਰ ਇਹ ਸੁਣ ਕੇ ਐੱਸਐੱਚਓ ਹਰਪ੍ਰੀਤ ਕੌਰ ਨੇ ਵਿਦਿਆਰਥਣ ਨੂੰ ਥਾਣੇ ਬੁਲਾ ਕੇ ਸੈਲਿਊਟ ਕੀਤਾ ਅਤੇ ਉਸ ਨੂੰ ਆਪਣੀ ਕੁਰਸੀ ‘ਤੇ ਵੀ ਬਿਠਾਇਆ।

ਵਿਦਿਆਰਥਣ ਨੂੰ ਇੱਕ ਦਿਨ ਲਈ ਐਸਐਚਓ ਬਣਾਇਆ
ਐੱਸਐੱਚਓ ਹਰਪ੍ਰੀਤ ਕੌਰ ਨੇ ਸਿਰਫ਼ ਨਾਮ ਦੀ ਖ਼ਾਤਰ ਵਿਦਿਆਰਥਣ ਨੂੰ ਆਪਣੀ ਕੁਰਸੀ ’ਤੇ ਨਹੀਂ ਬਿਠਾਇਆ ਸਗੋਂ ਸਾਰੇ ਦਿਨ ਲਈ ਉਸ ਨੂੰ ਐਸਐਚਓ ਬਣਾ ਦਿੱਤਾ। ਐਸਐਚਓ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਵਿਦਿਆਰਥਣ ਪੁਲਿਸ ਅਫਸਰ ਬਣਨਾ ਚਾਹੁੰਦਾ ਸੀ। ਇਸ ਮੌਕੇ ਐਸ.ਐਚ. ਓ. ਨੇ ਕਿਹਾ ਕਿ ਇਸ ਛੋਟੇ ਜਿਹੇ ਕਦਮ ਨਾਲ ਲੜਕੀ ਦਾ ਪੁਲਿਸ ਅਫਸਰ ਬਣਨ ਦਾ ਆਤਮਵਿਸ਼ਵਾਸ ਵਧੇਗਾ। ਸਾਡੇ ਪੁਲਿਸ ਅਫਸਰਾਂ ਨੇ ਵਿਦਿਆਰਥਣ ਨੂੰ ਨਸ਼ਾ ਤਸਕਰਾਂ ਨਾਲ ਨਜਿੱਠਣ ਦੇ ਕਈ ਤਰੀਕੇ ਵੀ ਦੱਸੇ ਹਨ ਅਤੇ ਇਹ ਵੀ ਦੱਸਿਆ ਹੈ ਕਿ ਉਸ ਨੂੰ ਪੁਲਿਸ ਵਿਭਾਗ ਵਿੱਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਵਿਦਿਆਰਥਣ ਦੇ ਇਸ ਜਜ਼ਬੇ ਦੀ ਸ਼ਲਾਘਾ ਕੀਤੀ ਅਤੇ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।