ਫਿਰੋਜ਼ਪੁਰ ‘ਚ ਟਿਫਿਨ ਬੰਬ ਬਰਾਮਦ ਹੋਣ ਦੀ ਪੂਰੀ ਕਹਾਣੀ, ਪੜ੍ਹੋ ਗ੍ਰਿਫਤਾਰ ਹੋਣ ਵਾਲੇ ਤਿੰਨੇ ਆਰੋਪੀ ਹੋਰ ਕਿਹੜੇ ਮਾਮਲਿਆਂ ਨਾਲ ਜੁੜੇ ਤੇ ਕੀ ਹੈ ਪਿਛੋਕੜ

0
8573

ਫਿਰੋਜ਼ਪੁਰ/ਚੰਡੀਗੜ੍ਹ | ਸਰਹੱਦੀ ਸੂਬੇ ਪੰਜਾਬ ‘ਚ ਇਕ ਹੋਰ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਜ਼ਿਲਾ ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਪਿੰਡ ਅਲੀ ਕੇ ਵਿਖੇ ਖੇਤਾਂ ਵਿੱਚ ਲੁਕੋ ਕੇ ਰੱਖਿਆ ਇਕ ਹੋਰ ਟਿਫ਼ਿਨ ਬੰਬ ਬਰਾਮਦ ਕੀਤਾ।

ਇਸ ਸਬੰਧੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਨੇ ਸੋਮਵਾਰ 2 ਵਿਅਕਤੀਆਂ ਨੂੰ ਜਲਾਲਾਬਾਦ ਬੰਬ ਧਮਾਕੇ ਮਾਮਲੇ ਵਿੱਚ ਦੋਸ਼ੀ ਰਣਜੀਤ ਸਿੰਘ ਉਰਫ਼ ਗੋਰਾ ਨੂੰ ਪਨਾਹ ਦੇਣ ਤੇ ਸਹਾਇਤਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਜਲਾਲਾਬਾਦ ਬੰਬ ਧਮਾਕਾ ਕੇਸ ਦੀ ਜਾਂਚ ਐੱਨਆਈਏ ਵੱਲੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਜਸਵੰਤ ਸਿੰਘ ਉਰਫ਼ ਸ਼ਿੰਦਾ ਬਾਬਾ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲਾ ਫਿਰੋਜ਼ਪੁਰ ਤੇ ਬਲਵੰਤ ਸਿੰਘ ਵਾਸੀ ਪਿੰਡ ਵਲੀਪੁਰ ਖੁਰਦ ਲੁਧਿਆਣਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਣਜੀਤ ਸਿੰਘ ਉਰਫ ਗੋਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿੰਡ ਝੁੱਗੇ ਨਿਹੰਗਾਂ ਵਾਲਾ ਦੇ ਬਲਵਿੰਦਰ ਸਿੰਘ ਉਰਫ ਬਿੰਦੂ ਦੀ 15 ਸਤੰਬਰ 2021 ਨੂੰ ਰਾਤ 8 ਵਜੇ ਦੇ ਕਰੀਬ ਜਲਾਲਾਬਾਦ ਸ਼ਹਿਰ ਵਿੱਚ ਇਕ ਮੋਟਰਸਾਈਕਲ ਧਮਾਕੇ ਵਿੱਚ ਮੌਤ ਹੋ ਗਈ ਸੀ। ਉਹ ਅਪਰਾਧਿਕ ਪਿਛੋਕੜ ਨਾਲ ਸਬੰਧਤ ਸੀ।

ਜਲਾਲਾਬਾਦ ਬੰਬ ਧਮਾਕਾ ਮਾਮਲੇ ਵਿੱਚ ਪਹਿਲਾਂ ਹੀ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਕੋਲੋਂ 1 ਟਿਫ਼ਿਨ ਬੰਬ, 2 ਪੈੱਨ ਡਰਾਈਵਜ਼ ਤੇ 1 ਲੱਖ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ 2 ਦੋਸ਼ੀਆਂ ਕੋਲ ਇਕ ਟਿਫ਼ਿਨ ਬੰਬ ਸੀ, ਜੋ ਉਨ੍ਹਾਂ ਨੇ ਖੇਤਾਂ ਵਿੱਚ ਲੁਕੋ ਕੇ ਰੱਖਿਆ ਸੀ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਲੁਧਿਆਣਾ ਤੇ ਸੀਆਈਏ ਜਗਰਾਓਂ ਦੀਆਂ ਟੀਮਾਂ ਵੱਲੋਂ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਵਿਖੇ ਇਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ ਤੇ ਟਿਫਿਨ ਬੰਬ ਬਰਾਮਦ ਕੀਤਾ ਗਿਆ।

ਏਡੀਜੀਪੀ (ਅੰਦਰੂਨੀ ਸੁਰੱਖਿਆ) ਆਰ.ਐੱਨ. ਢੋਕੇ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਤੇ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਆਸ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਅੰਮ੍ਰਿਤਸਰ ਦਿਹਾਤੀ, ਕਪੂਰਥਲਾ, ਫਾਜ਼ਿਲਕਾ ਤੇ ਤਰਨਤਾਰਨ ਤੋਂ ਟਿਫਿਨ ਬੰਬ ਬਰਾਮਦ ਕੀਤੇ ਜਾ ਚੁੱਕੇ ਹਨ।

ਦੱਸਣਯੋਗ ਹੈ ਕਿ 1 ਨਵੰਬਰ 2021 ਨੂੰ ਲੁਧਿਆਣਾ (ਦਿਹਾਤੀ) ਦੇ ਥਾਣਾ ਸਿੱਧਵਾਂ ਬੇਟ ਵਿਖੇ ਆਈਪੀਸੀ ਦੀ ਧਾਰਾ 212 ਅਤੇ 216 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਐਕਟ ਦੀਆਂ ਧਾਰਾਵਾਂ 18 ਤੇ 19 ਤਹਿਤ ਐੱਫਆਈਆਰ ਨੰਬਰ 181 ਦਰਜ ਕੀਤੀ ਗਈ ਸੀ।