ਨਵੀਂ ਦਿੱਲੀ | ਬ੍ਰਿਜਭੂਸ਼ਣ ਖਿਲਾਫ 2 FIR ਦੀਆਂ ਕਾਪੀਆਂ ਸਾਹਮਣੇ ਆਈਆਂ ਹਨ। ਮਹਿਲਾ ਪਹਿਲਵਾਨਾਂ ਨੇ 21 ਅਪ੍ਰੈਲ ਨੂੰ ਬ੍ਰਿਜਭੂਸ਼ਣ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਪੁਲਿਸ ਨੇ 28 ਅਪ੍ਰੈਲ ਨੂੰ ਐਫ.ਆਈ.ਆਰ. ਦਰਜ ਕੀਤੀ ਸੀ। ਬ੍ਰਿਜ ਭੂਸ਼ਣ ਸਿੰਘ ਵਿਰੁੱਧ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਕਨਾਟ ਪਲੇਸ ਥਾਣੇ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਹੁਣ ਦਰਜ ਐਫਆਈਆਰ ਦੀ ਜਾਣਕਾਰੀ ਸਾਹਮਣੇ ਆਈ ਹੈ।
ਦਰਜ ਐਫਆਈਆਰ ਮੁਤਾਬਕ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਦੇ ਘੱਟੋ-ਘੱਟ 10 ਮਾਮਲਿਆਂ ਦੀ ਸ਼ਿਕਾਇਤ ਦਰਜ ਹੈ। ਐਫਆਈਆਰ ਵਿਚ 10 ਅਜਿਹੇ ਮਾਮਲਿਆਂ ਦਾ ਜ਼ਿਕਰ ਹੈ, ਜਿਨ੍ਹਾਂ ਵਿਚ ਛੇੜਛਾੜ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਗਲਤ ਤਰੀਕੇ ਨਾਲ਼ ਛੂਹਣਾ, ਕਿਸੇ ਵੀ ਬਹਾਨੇ ਛਾਤੀ ‘ਤੇ ਹੱਥ ਰੱਖਣਾ ਜਾਂ ਰੱਖਣ ਦੀ ਕੋਸ਼ਿਸ਼ ਕਰਨਾ, ਛਾਤੀ ਤੋਂ ਪਿੱਠ ਤੱਕ ਹੱਥ ਲਿਜਾਣਾ ਅਤੇ ਪਿੱਛਾ ਕਰਨਾ ਸ਼ਾਮਲ ਹੈ।
ਇਹ ਦੋਵੇਂ ਐਫਆਈਆਰ ਆਈਪੀਸੀ ਦੀ ਧਾਰਾ 354 (ਕਿਸੇ ਔਰਤ ਨਾਲ ਉਸ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਜ਼ਬਰਦਸਤੀ), 354-ਏ, 354 ਡੀ ਅਤੇ 34 ਤਹਿਤ ਦਰਜ ਕੀਤੀਆਂ ਗਈਆਂ ਹਨ। ਇਸ ਵਿਚ ਇਕ ਤੋਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੁੰਦੀ ਹੈ। ਪਹਿਲੀ ਐਫਆਈਆਰ ਵਿਚ 6 ਬਾਲਗ ਪਹਿਲਵਾਨਾਂ ਵਿਰੁੱਧ ਦੋਸ਼ ਸ਼ਾਮਲ ਹਨ ਅਤੇ ਡਬਲਯੂਐਫਆਈ ਸਕੱਤਰ ਵਿਨੋਦ ਤੋਮਰ ਦਾ ਨਾਮ ਵੀ ਸ਼ਾਮਲ ਹੈ।
ਦੂਜੀ ਐਫਆਈਆਰ ਨਾਬਾਲਗ ਦੇ ਪਿਤਾ ਦੀ ਸ਼ਿਕਾਇਤ ‘ਤੇ ਆਧਾਰਿਤ ਹੈ ਅਤੇ ਇਸ ਵਿਚ ਪੋਕਸੋ ਐਕਟ ਦੀ ਧਾਰਾ 10 ਵੀ ਸ਼ਾਮਲ ਹੈ, ਜਿਸ ਵਿਚ ਪੰਜ ਤੋਂ ਸੱਤ ਸਾਲ ਦੀ ਸਜ਼ਾ ਹੈ। ਦੱਸੀਆਂ ਗਈਆਂ ਘਟਨਾਵਾਂ ਕਥਿਤ ਤੌਰ ‘ਤੇ 2012 ਤੋਂ 2022 ਤੱਕ ਭਾਰਤ ਅਤੇ ਵਿਦੇਸ਼ਾਂ ਵਿਚ ਵਾਪਰੀਆਂ। ਨਾਬਾਲਗ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਨੇ ਉਸ ਨੂੰ ਕੱਸ ਕੇ ਫੜਿਆ, ਫੋਟੋਆਂ ਖਿਚਵਾਉਣ ਦੇ ਬਹਾਨੇ ਉਸ ਨੂੰ ਆਪਣੇ ਵੱਲ ਖਿੱਚਿਆ, ਉਸ ਦਾ ਮੋਢਾ ਜ਼ਬਰਦਸਤੀ ਦਬਾਇਆ ਅਤੇ ਫਿਰ ਜਾਣ-ਬੁੱਝ ਕੇ ਉਸ ਦੇ ਸਰੀਰ ਨੂੰ ਗਲਤ ਤਰੀਕੇ ਨਾਲ ਛੂਹਿਆ ।