ਸੱਪ ਪੌੜੀ’ ਦੀ ਖੇਡ ‘ਚ ਉਲਝੀ ਪੰਜਾਬ ਪੁਲਿਸ

0
12126

ਕਰਨ ਕਰਤਾਰਪੁਰ

ਦੁਚਿੱਤੀ ‘ਚ ਲੋਕ “ਪੁਲਿਸ ਮਦਦਗਾਰ ਜਾਂ ਡਰਾਉਣੀ”?

ਪੰਜਾਬ ਅੰਦਰ ਇੰਨ੍ਹੀ ਦਿਨੀਂ ਪੁਲਿਸ ਦੀ ਸਥਿਤੀ ‘ਸੱਪ ਪੌੜੀ’ ਦੀ ਖੇਡ ਵਰਗੀ ਬਣੀ ਹੋਈ ਹੈ। ਪੁਲਿਸ ਚੰਗੇ ਕੰਮਾਂ ਰਾਹੀਂ ਲੋਕਾਂ ਦੀਆਂ ਨਜ਼ਰਾਂ ‘ਚ ਤਾਂਹ ਉੱਠਦੀ ਹੀ ਹੈ ਕਿ ਆਪਣੀਆਂ ਹੀ ਕਰਤੂਤਾਂ ਕਾਰਨ ‘ਸੱਪ ਪੌੜੀ’ ਦਾ ਸਿਖ਼ਰਲਾ ਡੰਗ ਖਾਕੇ ਮੁੜ ਸਿਫ਼ਰ ‘ਤੇ ਪੁੱਜ ਜਾਂਦੀ ਹੈ। ਕੋਰੋਨਾ ਜੰਗ ਨੇ ਪੁਲਿਸ ਨੂੰ ਆਪਣਾ ਅਕਸ ਸੁਧਾਰਨ ਦਾ ਮੌਕਾ ਦਿੱਤਾ ਤੇ ਇਸ ਮੌਕੇ ‘ਤੇ ਜ਼ਿਆਦਾਤਰ ‘ਸਕ੍ਰਿਪਟਿਡ ਐਕਸ਼ਨਜ਼’ ਰਾਹੀਂ ਪੁਲਿਸ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਕਾਫ਼ੀ ਪਿਆਰ ਖੱਟ ਰਹੀ ਹੈ। ਮਾਨਸਾ ‘ਚ ਜਨਮਦਿਨ ਮੌਕੇ ਇੱਕ ਬੱਚੇ ਨੂੰ ਕੇਕ ਦੇ ਕੇ ਆਉਣ ਤੋਂ ਲੈ ਕੇ ਜ਼ਰੂਰਤਮੰਦਾਂ ਤੱਕ ਰਾਸ਼ਨ ਪਹੁੰਚਾਉਣ ਦੀਆਂ ਤਮਾਮ ਵੀਡੀਓਜ਼ ਵੀ ਲੋਕਾਂ ਨੇ ਵੇਖੀਆਂ ਅਤੇ ਪੁਲਿਸ ਦੇ ਹੀ ਉਸ ਚਿਹਰੇ ਨੂੰ ਵੀ ਵੇਖਿਆ ਜਿਸ ‘ਚ ਰਾਸ਼ਨ ਲਿਜਾ ਰਹੇ ਇਕ ਆਮ ਵਿਅਕਤੀ ਦਾ ਕੁਟਾਪਾ ਚਾੜਿਆ ਜਾ ਰਿਹੈ।

ਹੁਣ ਜਦ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਤੋਂ ਪਹਿਲਾਂ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਪਣੇ 25 ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਅਜਿਹੀਆਂ ਘਟਨਾਵਾਂ ਪੰਜਾਬ ਤੋਂ ਸਾਹਮਣੇ ਆਈਆਂ ਜਿਸਨੇ ਸੰਜੀਦਗੀ ਰੱਖਣ ਵਾਲੇ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਕ ਵਾਇਰਲ ਹੋਈ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਖੰਨਾ ਦੇ ਇਕ ਪੁਲਿਸ ਥਾਣੇ ਅੰਦਰ ਪਿਓ ਤੇ ਪੁੱਤ ਨੂੰ ਇਕ ਦੂਜੇ ਸਾਹਮਣੇ ਨੰਗਾ ਕੀਤਾ ਗਿਆ। ਪਿਓ-ਪੁੱਤ ਨੂੰ ਇਕ ਦੂਜੇ ਦਾ ਨੰਗੇਜ਼ ਵੇਖਣ ਲਈ ਮਜਬੂਰ ਕੀਤਾ ਗਿਆ ਜੋ ਕਿ ਸਮਾਜਿਕ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਦੀ ਬੇਇੱਜ਼ਤੀ ਦਾ ਸਿਖ਼ਰ ਹੈ। ਲੁਧਿਆਣਾ ‘ਚ ਇਕ ਵਿਅਕਤੀ ਵੱਲੋਂ ਪੁਲਿਸ ਦੀ ਕੁੱਟਮਾਰ ਪਿੱਛੋਂ ਇੰਨੀ ਸ਼ਰਮਿੰਦਗੀ ਮਹਿਸੂਸ ਕੀਤੀ ਗਈ ਕਿ ਉਹਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਮ੍ਰਿਤਕ ਦਾ ਪਰਿਵਾਰ ਰੋ-ਰੋ ਕੇ ਦੱਸਦੈ ਕਿ ਦੁੱਧ ਲੈਣ ਗਏ ਨੂੰ ਪੁਲਿਸ ਨੇ ਕਿਸ ਤਰ੍ਹਾਂ ਘਰ ਦੇ ਬਾਹਰ ਤੱਕ ਕੁੱਟਿਆ। ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਪੱਤਰਕਾਰ ਦਵਿੰਦਰਪਾਲ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਅਗਵਾ ਕਰਕੇ ਪਹਿਲਾਂ ਪੁਲਿਸ ਥਾਣੇ ਖੜਿਆ ਤੇ ਉੱਥੇ ਰੱਜ ਕੇ ਜ਼ਲੀਲ ਕੀਤਾ। ਪੱਤਰਕਾਰ ਆਪਣੇ ਗੱਲ ‘ਚ ਅਖਬਾਰ ਦਾ ਪਾਸ ਪਾ ਕੇ ਦਫ਼ਤਰ ਜਾ ਰਿਹਾ ਸੀ। ਅਜਿਹੇ ‘ਚ ਪ੍ਰਧਾਨਮੰਤਰੀ ਮੋਦੀ ਦੇ ਉਸ ਸ਼ੁਕਰਾਨੇ ‘ਤੇ ਵੀ ਸਵਾਲ ਖੜਾ ਹੁੰਦਾ ਹੈ ਜਿਸ ‘ਚ ਉਹ ਪੱਤਰਕਾਰਾਂ ਨੂੰ ਕੋਰੋਨਾ ਜੰਗ ਦਾ ਹੀਰੋ ਵੀ ਦੱਸਦੇ ਹਨ।

ਪੁਲਿਸ ਦੇ ਇਸ ਦੂਹਰੇ ਰਵਈਏ ਨੇ ਲੋਕਾਂ ਨੂੰ ਦੁਚਿੱਤੀ ‘ਚ ਪਾਇਆ ਹੋਇਆ ਕਿ ਪੁਲਿਸ ਮਦਦਗਾਰ ਹੈ ਜਾਂ ਡਰਾਉਣੀ? ਕਿਉਂਕਿ ਜਦ ਸੋਸ਼ਲ ਮੀਡੀਆ ਫਰੌਲਦੇ ਹਾਂ ਤਾਂ ਪੁਲਿਸ ਦਾ ਚਿਹਰਾ ਕਾਫ਼ੀ ਚੰਗਾ ਲੱਗ ਰਿਹੈ ਪਰ ਜਦ ਜ਼ਰੂਰਤ ਦਾ ਸਾਮਾਨ ਲੈਣ ਘਰੋਂ ਨਿਕਲਦੇ ਹਾਂ ਤਾਂ ਮਦਦਗਾਰ ਚਿਹਰਾ ਡਰਾਉਣਾ ਰੂਪ ਧਾਰ ਲੈਂਦੈ।

ਪੁਲਿਸ ਦੀਆਂ ਸਿਰਫ਼ ਊਣਤਾਈਆਂ ਧਿਆਨ ਨਹੀਂ ਖਿੱਚਦੀਆਂ ਸਗੋਂ ਪੰਜਾਬ ਪੁਲਿਸ ਦੇ ਕੁੱਝ ਮੁਲਾਜ਼ਮ ਚੰਗੀ ਭੂਮਿਕਾ ਵੀ ਨਿਭਾਅ ਰਹੇ ਹਨ ਤੇ ਕੁਰਬਾਨੀਆਂ ਵੀ ਕਰ ਰਹੇ ਹਨ। ਪਟਿਆਲੇ ‘ਚ ਨਿਹੰਗ-ਪੁਲਿਸ ਟਕਰਾਅ ‘ਚ ਇਕ ਮੁਲਾਜ਼ਮ ਦਾ ਹੱਥ ਵੱਢ ਦਿੱਤਾ ਗਿਆ। ਲੁਧਿਆਣਾ ਦੇ ਏਸੀਪੀ ਦੀ ਕੋਰੋਨਾ ਕਾਰਨ ਜਾਨ ਚਲੇ ਗਈ।

ਲੋਕਾਂ ਦੀ ਸੁਰੱਖਿਆ ਲਈ ਕੰਮ ਕਰਨਾ ਪੁਲਿਸ ਦਾ ਪ੍ਰਮੁੱਖ ਕੰਮ ਹੁੰਦੈ। ਮੌਜੂਦਾ ਸਮੇਂ ਦੀ ਨਾਜ਼ੁਕ ਹਾਲਤ ‘ਚ ਲੋੜ ਹੈ ਕਿ ਤਮਾਮ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਉਸ ਸਹੁੰ ‘ਤੇ ਪਹਿਰਾ ਦੇਣ ਜੋ ਉਨ੍ਹਾਂ ਨੇ ਡਿਊਟੀ ਸੰਭਾਲਣ ਸਮੇਂ ਖਾਦੀ ਸੀ। ਤਾਹੀਂ ‘ਸੱਪ ਸੀੜੀ’ ਦੀ ਖੇਡ ਦੇ ਸਿਖਰਲੇ ਡੰਗ ਤੋਂ ਬੱਚ ਕੇ ਪੰਜਾਬ ਪੁਲਿਸ ਦੇ ਮੁੱਖ ਮਕਸਦ ‘ਸੁਭ ਕਰਮਨ ਤੇ ਕਬਹੂੰ ਨਾ ਟਰੋ’ ਵੱਲ ਵਧੀਆ ਜਾ ਸਕਦੈ।

(ਲੇਖਕ ਨੌਜਵਾਨ ਪੱਤਰਕਾਰ ਹਨ ਤੇ ਅੱਜਕਲ੍ਹ ਟੀਵੀ ਪੰਜਾਬ ਨਾਲ ਜੁੜੇ ਹਨ। ਉਹਨਾਂ ਨਾਲ ਇਸ 97790-12232 ‘ਤੇ ਸੰਪਰਕ ਕੀਤਾ ਜਾ ਸਕਦਾ।)