ਸੰਗਰੂਰ . ਲੌਕਡਾਊਨ ਦੇ ਚੱਲਦਿਆਂ ਜਿੱਥੇ ਸ਼ਰਾਬ ਦੇ ਠੇਕੇ ਬੰਦ ਹੋ ਗਏ ਸਨ ਹੁਣ ਕੇਂਦਰ ਸਰਕਾਰ ਨੇ ਮੋਹਾਲੀ ਸਮੇਤ ਪੰਜਾਬ ਦੇ 4 ਜ਼ਿਲ੍ਹੇ ਕੋਰੋਨਾ ਹੌਟਸਪੋਟ ਦੀ ਕੈਟਾਗਿਰੀ ਵਿਚ ਰੱਖੇ ਨੇ, ਕੋਰੋਨਾ ਲੋਕਡਾਊਨ ਦੇ ਚੱਲਦਿਆਂ ਸ਼ਰਾਬ ਦੇ ਠੇਕੇ ਬੰਦ ਹੋਣ ਨਾਲ ਸ਼ਰਾਬ ਪੀਣ ਵਾਲਿਆ ਨੂੰ ਕਾਫੀ ਠੇਸ ਪਹੁੰਚੀ ਸੀ ਪਰ ਹੁਣ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਦਰਅਸਲ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੇ ਰੈਵੇਨਿਊ ‘ਚ 520 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।
ਇਸ ਕਰਕੇ ਸਰਕਾਰ ਕੋਰੋਨਾ ਤੋਂ ਬਚੇ ਖੇਤਰਾਂ ‘ਚ ਠੇਕੇ ਖੋਲ੍ਹਣ ਨੂੰ ਮਨਜ਼ੂਰੀ ਦੇ ਸਕਦੀ ਹੈ। ਕਰੋਨਾ ਵਾਇਰਸ ਕਾਰਨ ਪਏ ਆਰਥਿਕ ਘਾਟੇ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵੀਰਵਾਰ ਕੈਬਨਿਟ ਸਬ ਕਮੇਟੀ ਦੀ ਮੀਟਿੰਗ ‘ਚ ਇਸ ਸਬੰਧੀ ਫੈਸਲਾ ਲਿਆ ਗਿਆ। ਹਾਲਾਂਕਿ, ਇਸ ਨੂੰ ਲਾਗੂ ਕਰਨ ਦਾ ਫੈਸਲਾ 20 ਅਪ੍ਰੈਲ ਤੋਂ ਬਾਅਦ ਕੇਂਦਰ ਦੀ ਕਾਰਗੁਜਾਰੀ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ।
ਐਕਸਾਇਜ਼ ਤੇ ਟੈਕਸੇਸ਼ਨ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਜੇਕਰ ਕੇਂਦਰ ਸਰਕਾਰ ਕਰੋਨਾ ਤੋਂ ਬਚੇ ਇਲਾਕਿਆਂ ‘ਚ ਰਾਹਤ ਦਿੰਦੀ ਹੈ ਤਾਂ ਉਹ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਤਿਆਰ ਹਨ। ਅਧਿਕਾਰੀਆਂ ਮੁਤਾਬਕ ਕੋਵਿਡ-19 ਦੇ ਕਾਰਨ ਲੱਗੇ ਕਰਫਿਊ ਕਾਰਨ ਸੂਬੇ ਦੀ ਵਿੱਤੀ ਹਾਲਤ ਡਾਵਾਂਡੋਲ ਹੈ ਜਿਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਸੂਬੇ ‘ਚ 1500 ਕਰੋੜ ਰੁਪਏ ਦੇ ਖਰਚ ਘਟਾਉਣ ਦੀ ਯੋਜਨਾ ਉਲੀਕੀ ਗਈ ਹੈ।
ਇਸ ਤੋਂ ਇਲਾਵਾ ਜਿੱਥੇ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ ਹੈ ਉੱਥੇ ਸਰਕਾਰੀ ਸੇਵਾਵਾਂ ਮੁੜ ਚਾਲੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਤਾਂ ਜੋ ਸੂਬੇ ਦੀ ਮਾਲੀ ਹਾਲਤ ਨੂੰ ਹੁੰਗਾਰਾ ਮਿਲ ਸਕੇ।