ਗੁਰਦਾਸਪੁਰ ਦੇ ਲੋਕਾਂ ਲਈ ਖੁਸ਼ਖਬਰੀ : ਹਿਮਾਚਲ ਦੀਆਂ ਪਹਾੜੀਆਂ ਦਾ ਹੁਣ ਮਿਲੇਗਾ ਸ਼ੁੱਧ ਪਾਣੀ

0
1658

ਕਲਾਨੌਰ/ਗੁਰਦਾਸਪੁਰ | 5 ਦਰਿਆਵਾਂ ਦੀ ਧਰਤੀ ਦੇ ਅੰਮ੍ਰਿਤ ਦੇ ਬਰਾਬਰ ਸਮਝੇ ਜਾਣ ਵਾਲੇ ਪਾਣੀ ਵਿਚ ਮਾਲਵੇ ਤੋਂ ਬਾਅਦ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਚ ਆਰਸੈਨਿਕ ਤੇ ਆਇਰਨ ਦੇ ਤੱਤ ਹੋਣ ਕਾਰਨ ਪਾਣੀ ਪੀਣਯੋਗ ਨਹੀਂ ਰਿਹਾ। ਉਥੇ ਮਨੁੱਖੀ ਸਿਹਤ ਲਈ ਘਾਤਕ ਆਰਸੈਨਿਕ ਅਤੇ ਆਇਰਨ ਵਾਲੇ ਪਾਣੀ ਤੋਂ ਮੁਕਤੀ ਦਿਵਾਉਣ ਲਈ ਜਲਦ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਲੋਕ ਹਿਮਾਚਲ ਦੀਆਂ ਪਹਾੜੀਆਂ ਦਾ ਸ਼ੁੱਧ ਕੀਤਾ ਪਾਣੀ ਪੀਣਗੇ, ਜਿਸ ਲਈ ਸਰਹੱਦੀ ਗੁਰਦਾਸਪੁਰ ਵਿਚ ਅਰਬਾਂ ਰੁਪਏ ਦੇ ਪ੍ਰਾਜੈਕਟ ਲਗਾ ਕੇ ਪਿੰਡ ਪੱਧਰ ’ਤੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੂਰੀ ਤਰ੍ਹਾਂ ਕਮਰ ਕੱਸ ਲਈ ਗਈ ਹੈ।

ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਪਿਛਲੇ ਸਮੇਂ ਦੌਰਾਨ ਸੈਨੀਟੇਸ਼ਨ ਵਿਭਾਗ ਵੱਲੋਂ ਵਰਲਡ ਬੈਂਕ ਦੇ ਸਹਿਯੋਗ ਨਾਲ ਪਿੰਡ ਪੱਧਰ ’ਤੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਕਰੋੜਾਂ ਦੀਆਂ ਦੀ ਲਾਗਤ ਨਾਲ ਵਾਟਰ ਸਪਲਾਈ ਦੀਆਂ ਟੈਂਕੀਆਂ ਦਾ ਨਿਰਮਾਣ ਕਰਵਾਇਆ ਗਿਆ ਸੀ। ਜਦਕਿ ਪਿਛਲੇ ਸਮੇਂ ਦੌਰਾਨ ਪਾਣੀ ਦੀ ਸੈਂਪਲਿੰਗ ਦੌਰਾਨ ਵਾਟਰ ਸਪਲਾਈ ਦੀਆਂ ਟੈਂਕੀਆਂ ਦੇ ਪਾਣੀ ਵਿਚ ਆਰਸੈਨਿਕ ਅਤੇ ਆਇਰਨ ਦੇ ਤੱਤ ਪਾਏ ਗਏ ਜੋ ਕੈਂਸਰ ਵਰਗੀ ਬੀਮਾਰੀ ਨੂੰ ਜਨਮ ਦਿੰਦੇ ਹਨ।

ਸੈਨੀਟੇਸ਼ਨ ਵਿਭਾਗ ਵੱਲੋਂ ਸਰਫੇਸ ਵਾਟਰ ਪਲਾਂਟ ਕੁੰਜਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਅਧੀਨ ਆਉਂਦੇ 102 ਅਤੇ ਸਰਫੇਸ ਵਾਟਰ ਪਲਾਂਟ ਪਾਰੋਵਾਲ ਅਧੀਨ ਆਉਂਦੇ ਬਲਾਕ ਬਟਾਲਾ ਫਤਿਹਗੜ੍ਹ ਚੂੜੀਆਂ ਆਦਿ ਨਾਲ ਸਬੰਧਤ 40 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਅੰਡਰਗਰਾਊਂਡ ਪਾਈਪ ਲਾਈਨਾਂ ਪਾਉਣ ਦਾ ਕੰਮ ਤੇਜ਼ੀ ਵਿਚ ਕੀਤਾ ਜਾ ਰਿਹਾ ਹੈ।

ਗੁਰਦਾਸਪੁਰ ਵਿਚ ਲਗਾਏ ਜਾ ਰਹੇ ਸਰਫੇਸ ਵਾਟਰ ਅਤੇ ਆਰਸੈਨਿਕ ਤੇ ਆਇਰਨ ਰੀਮੂਵਰ ਪਲਾਂਟ ਰਾਹੀਂ ਜ਼ਿਲ੍ਹੇ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਨ ਸਬੰਧੀ ਵਾਟਰ ਸੈਨੀਟੇਸ਼ਨ ਵਿਭਾਗ ਦੇ ਐੱਸਈ ਨਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅਪਰਬਾਰੀ ਦੁਆਬ ਨਹਿਰ ’ਤੇ ਪੈਂਦੇ ਪੁਲ ਕੁੰਜਰ ’ਤੇ 84.10 ਕਰੋੜ ਅਤੇ ਪਾਰੋਵਾਲ ਵਿਚ 61.14 ਕਰੋੜ ਸਮੇਤ 145.24 ਕਰੋੜ ਦੀ ਲਾਗਤ ਨਾਲ ਸਰਫੇਸ ਵਾਟਰ ਪ੍ਰਾਜੈਕਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਇਥੋਂ ਤਕ ਕਿ ਕਈ ਪਿੰਡਾਂ ਵਿਚ ਦੂਸ਼ਿਤ ਹੋਏ ਪਾਣੀ ਕਾਰਨ ਕੈਂਸਰ ਪਿੰਡ ਪੱਧਰ ’ਤੇ ਆਪਣੇ ਪੈਰ ਪਸਾਰ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦਾ ਪਾਣੀ ਦੂਸ਼ਿਤ ਹੋਣ ਤੋਂ ਬਾਅਦ ਸਰਕਾਰ ਤੇ ਸੈਨੀਟੇਸ਼ਨ ਵਿਭਾਗ ਪੂਰੀ ਤਰ੍ਹਾਂ ਪੱਬਾਂ ਭਾਰ ਹੋ ਕੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਿਚ ਲੱਗਾ ਹੋਇਆ ਹੈ, ਜਿਸ ਤਹਿਤ ਹਿਮਾਚਲ ਦੀਆਂ ਪਹਾੜੀਆਂ ਤੋਂ ਬਰਫ ਦੇ ਪਿਘਲੇ ਪਾਣੀ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਗੁਜ਼ਰਦੀ ਅਪਰਬਾਰੀ ਦੁਆਬ ਨਹਿਰ ਤੇ ਅਰਬਾਂ ਰੁਪਏ ਦੀ ਲਾਗਤ ਨਾਲ ਪੁਲ ਕੁੰਜਰ ਤੇ ਪਾਰੋਵਾਲ ਵਿਚ ਦੋ ਸਰਫੇਸ ਵਾਟਰ ਪਲਾਂਟ ਤਿਆਰ ਕੀਤੇ ਜਾ ਰਹੇ ਹਨ, ਜਿਸ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ 142 ਪਿੰਡਾਂ ਵਿਚ ਕਮਿਊਨਿਟੀ ਵਾਟਰ ਪਿਊਰੀਫਾਇਰ ਪਲਾਂਟ ਲਗਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਗੁਰਦਾਸਪੁਰ ਵਿਚ 40 ਵਾਟਰ ਸਪਲਾਈ ਦੀਆਂ ਟੈਂਕੀਆਂ ਦਾ ਨਿਰਮਾਣ ਕਰਨ ਦੀ ਤਜਵੀਜ਼ ਹੈ। ਜਿਨ੍ਹਾਂ ਦੀਆਂ ਪਾਈਪ ਲਾਈਨਾਂ ਦਾ ਸਰਫੇਸ ਵਾਟਰ ਪਲਾਂਟ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡਾਂ ਵਿਚ ਆਰਸੈਨਿਕ ਤੇ ਆਇਰਨ ਰੀਮੂਵਰ ਪਲਾਂਟ ਲਗਾਏ ਜਾ ਰਹੇ ਹਨ ਅਤੇ ਇਸ ਪਲਾਂਟ ’ਤੇ 10 ਤੋਂ 12 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਆਰਸੈਨਿਕ ਆਇਰਨ ਰੀਮੂਵਰ ਪਲਾਂਟ ਚਾਲੂ ਕਰ ਦਿੱਤੇ ਗਏ ਹਨ ਅਤੇ ਲਾਭਪਾਤਰੀਆਂ ਨੂੰ ਏਟੀਐੱਮ ਕਾਰਡ ਮੁਹੱਈਆ ਕਰਵਾਏ ਗਏ ਹਨ, ਜਿਸ ਤੋਂ ਉਹ ਰੋਜ਼ਾਨਾ 40 ਲੀਟਰ ਪਾਣੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਦੁਰਵਰਤੋਂ ਨਾ ਕਰਨ।