ਘਰ ’ਚ ਅੱਗ ਲੱਗਣ ਨਾਲ ਜਿਊਂਦਾ ਸੜਿਆ ਸਾਬਕਾ ਫੌਜੀ, ਕੁਝ ਸਮਾਂ ਪਹਿਲਾਂ ਹੋਇਆ ਸੀ ਸੇਵਾ-ਮੁਕਤ

0
705

ਤਰਨਤਾਰਨ/ਝਬਾਲ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਸਬਾ ਸਰਾਏ ਅਮਾਨਤ ਖਾਂ ਵਿਚ ਸੇਵਾ ਮੁਕਤ ਫੌਜੀ ਦੀ ਅੱਗ ਨਾਲ ਸੜ ਕੇ ਮੌਤ ਹੋ ਗਈ ਜਦੋਂਕਿ ਇਸ ਮਾਮਲੇ ਵਿਚ ਖੁਦ ਜਾਨ ਦੇਣ ਦਾ ਸ਼ੱਕ ਵੀ ਪ੍ਰਗਟਾਇਆ ਗਿਆ ਹੈ।

ਇਸ ਸਬੰਧੀ ਮ੍ਰਿਤਕ ਦੇ ਭਰਾ ਹਰਭਜਨ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਦੀ ਪਤਨੀ ਪੇਕੇ ਗਈ ਹੋਈ ਸੀ ਤੇ ਵੀਰਵਾਰ ਦੀ ਰਾਤ ਨੂੰ ਉਹ ਉਨ੍ਹਾਂ ਘਰੋਂ ਰੋਟੀ ਖਾ ਕੇ ਵੱਖਰੇ ਘਰ ਸੌਣ ਲਈ ਚਲਾ ਗਿਆ। ਰਾਤ ਨੂੰ ਦਿਲਬਾਗ ਸਿੰਘ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਹਨ। ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਦਿਲਬਾਗ ਸਿੰਘ ਸੁੱਤਾ ਸੀ, ਉਸੇ ਘਰ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਇਕੱਠੇ ਹੋ ਕੇ ਅੱਗ ਬੁਝਾਈ ਪਰ ਉਦੋਂ ਤਕ ਉਨ੍ਹਾਂ ਦਾ ਭਰਾ ਬੁਰੀ ਤਰ੍ਹਾਂ ਸੜ੍ਹ ਚੁੱਕਾ ਸੀ।

ਇਸ ਮੌਕੇ ਮ੍ਰਿਤਕ ਦਿਲਬਾਗ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਝ ਮਹੀਨੇ ਪਹਿਲਾਂ ਫੌਜ ਵਿਚੋਂ ਸੇਵਾ ਮੁਕਤ ਹੋਇਆ ਸੀ ਪਰ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੇ ਸਨ। ਉਹ ਖ਼ੁਦ ਕੁਝ ਸਮਾਂ ਪਹਿਲਾਂ ਅਪਣੇ ਪੇਕੇ ਪਿੰਡ ਭਿੰਡੀ ਔਲਖ ਅੰਮ੍ਰਿਤਸਰ ਵਿਖੇ 10 ਸਾਲ ਦੇ ਬੇਟੇ ਹਰਨੂਰ ਸਿੰਘ ਨਾਲ ਗਈ ਸੀ। ਰਾਤ ਘਰੋਂ ਫੋਨ ਆਇਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਮੌਕੇ ’ਤੇ ਪੁੱਜੀ ਸਥਾਨਕ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।