ਮਾਂ ਦੀ ਮੁੰਦਰੀ 30 ਰੁਪਏ ‘ਚ ਵੇਚ ਕੇ ਸੰਗੀਤ ਸਿੱਖਣ ਅੰਮ੍ਰਿਤਸਰ ਗਏ ਸਨ ਭਾਈ ਨਿਰਮਲ ਸਿੰਘ ਖ਼ਾਲਸਾ, ਪੜ੍ਹੋ ਸੰਘਰਸ਼ ਦੀ ਪੂਰੀ ਕਹਾਣੀ

0
3291

ਹਰਪ੍ਰੀਤ ਸਿੰਘ ਕਾਹਲੋਂ

ਉਨ੍ਹਾਂ ਵੱਲੋਂ ਅੰਮ੍ਰਿਤ ਵੇਲੇ ਗਾਈ ਜਾਂਦੀ ‘ਆਸਾ ਦੀ ਵਾਰ’ ਦਾ ਸੰਗਤ ਵਿੱਚ ਸੁਹਜ ਆਨੰਦ ਸੀ। ਰਾਗ ਆਸਾ ਦੀਆਂ ਧੁਨਾਂ ਨੂੰ ਉਨ੍ਹਾਂ ਨੇ ਸਹਿਜੇ ਹੀ ਛੂਹਣਾ ਅਤੇ ਸੰਗਤ ਵਿੱਚ ਰੂਹਾਨੀ ਕੀਰਤਨ ਦਾ ਆਨੰਦ ਵੇਖਣ ਵਾਲਾ ਹੁੰਦਾ ਸੀ।
ਉਹਨਾਂ ਵੱਲੋਂ ਗਾਇਆ ਜਾਂਦਾ ‘ਬਬੀਹਾ ਅੰਮ੍ਰਿਤ ਵੇਲੇ ਬੋਲਿਆ’ ਸ਼ਬਦ ਸੁਣਨ ਵਾਲਿਆਂ ਨੇ ਵਾਰ ਵਾਰ ਸੁਣਨਾ। ਗੁਰਮਤਿ ਸੰਗੀਤ ਦੀ ਮਜਲਿਸ ਵਿੱਚ ਉਨ੍ਹਾਂ ਨੇ ਰਵਾਇਤੀ ਗੁਰਮਤਿ ਸੰਗੀਤ ਨੂੰ ਨਵੇਂ ਜ਼ਮਾਨੇ ਦੀ ਸਮਝ ਵਿੱਚ ਨਵੀਂ ਨੁਹਾਰ ਦਿੱਤੀ।

ਜਲੰਧਰ ਤੋਂ ਤੁਰਦੀ ਜ਼ਿੰਦਗੀ

ਭਾਈ ਨਿਰਮਲ ਸਿੰਘ ਖ਼ਾਲਸਾ ਦਾ ਜਨਮ 12 ਅਪਰੈਲ 1952 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਚ ਹੋਇਆ। 1947 ਦੀ ਵੰਡ ਵੇਲੇ ਉਨ੍ਹਾਂ ਦੇ ਪੁਰਖੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਉਂਦੇ ਹਨ। ਭਾਈ ਨਿਰਮਲ ਸਿੰਘ ਖਾਲਸਾ ਦੇ ਪਿਤਾ ਗਿਆਨੀ ਚੰਨਣ ਸਿੰਘ ਦਾ ਵੱਡਾ ਪਰਿਵਾਰ ਸੀ। ਇਸ ਪਰਿਵਾਰ ਚ ਉਨ੍ਹਾਂ ਦੇ ਪਿਤਾ ਦੇ 6 ਭਰਾ ਵੀ ਸਨ। ਉਹਨਾਂ ਨੂੰ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖਾਸ ਦੇ ਨੇੜੇ ਮੰਡ ਖੇਤਰ ਵਿੱਚ ਜ਼ਮੀਨ ਮਿਲੀ ਸੀ।
ਪਰਿਵਾਰ ਵਿੱਚ ਅੱਤ ਦੀ ਗਰੀਬੀ ਹੋਣ ਕਾਰਨ ਉਹ ਸਿਰਫ 5 ਜਮਾਤਾਂ ਹੀ ਪੜ੍ਹ ਸਕੇ। ਭਾਈ ਸਾਹਿਬ ਅਕਸਰ ਹੀ ਵੱਖ ਵੱਖ ਮੁਲਾਕਾਤਾਂ ਵਿੱਚ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਦੇ ਹਨ ਕਿ ਉਸ ਦੌਰ ਚ ਦਾਖਲੇ ਲਈ ਵੀਹ ਰੁਪਏ ਤੱਕ ਵੀ ਜੁਟਾਉਣੇ ਔਖੇ ਸਨ।

ਚਾਚੇ ਦਾ ਰੇਡੀਓ ਅਤੇ ਪਾਕਿਸਤਾਨ ਦਾ ਪੰਜਾਬੀ ਦਰਬਾਰ

1947 ਦੀ ਵੰਡ ਨੇ ਸਾਡੀਆਂ ਥਾਵਾਂ ਤਾਂ ਬਦਲ ਦਿੱਤੀਆਂ ਪਰ ਯਾਦਾਂ ਦੇ ਸਿਰਨਾਵੇਂ ਨਹੀਂ ਬਦਲ ਸਕੀ। ਰਫਿਊਜੀ ਪਰਿਵਾਰਾਂ ਦੀ ਇੱਕ ਤੰਦ ਸਦਾ ਪਿੱਛੇ ਛੁੱਟ ਗਈ ਮਿੱਟੀ,ਭਾਈਚਾਰੇ ਅਤੇ ਲੋਕਧਾਰਾ ਵਿੱਚ ਰਹੀ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਦਾ ਇੱਕ ਚਾਚਾ ਪਿੰਡ ਦਾ ਸਰਪੰਚ ਸੀ। ਉਨ੍ਹਾਂ ਕੋਲ ਇੱਕ ਵੱਡਾ ਰੇਡੀਓ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਸ਼ਾਮ ਦੇ 6-7 ਵਜੇ ਪਾਕਿਸਤਾਨ ਤੋਂ ਆਉਂਦੇ ਪੰਜਾਬੀ ਦਰਬਾਰ ਨੂੰ ਸੁਣਨ ਦਾ ਪੱਕਾ ਨੇਮ ਸੀ। ਪੰਜਾਬੀ ਦਰਬਾਰ ਤੋਂ ਬਾਅਦ ਸ਼ਾਮ-ਏ-ਗ਼ਜ਼ਲ ਨੂੰ ਵੀ ਉਨ੍ਹਾਂ ਬਹੁਤ ਚਾਅ ਦੇ ਨਾਲ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਇਹਨੂੰ ਦੁੱਧ ਚ ਦਹੀਂ ਦੀ ਫੁੱਟੀ ਪੈਣਾ ਕਹਿੰਦੇ ਹੁੰਦੇ ਸਨ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਮੇਹਦੀ ਹਸਨ, ਗੁਲਾਮ ਅਲੀ ਖਾਨ, ਨੂਰ ਜਹਾਂ, ਰੇਸ਼ਮਾ ਨੂੰ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਦੇ ਦੂਜੇ ਉਸਤਾਦ ਪਾਕਿਸਤਾਨ ਦੇ ਗ਼ਜ਼ਲ ਗਵੱਈਏ ਉਸਤਾਦ ਗ਼ੁਲਾਮ ਅਲੀ ਖ਼ਾਨ ਸਨ।

ਭਾਈ ਮਰਦਾਨਾ ਦੇ ਵਾਰਸਾਂ ਦੀ ਗੁੜ੍ਹਤੀ

ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਸਨ ਕਿ ਇਹ ਅਜਬ ਅਹਿਸਾਸ ਸੀ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਗਾਉਂਦੇ ਹੋਏ ਮਰਾਸੀ ਬਹੁਤ ਵਧੀਆ ਲੱਗਣੇ। ਉਨ੍ਹਾਂ ਨੂੰ ਗਾਉਂਦਿਆਂ ਸੁਣਦਿਆਂ ਉਨ੍ਹਾਂ ਦਾ ਵੀ ਗਾਉਣ ਨੂੰ ਦਿਲ ਕਰਨਾ। ਪਾਕਿਸਤਾਨ ਦੇ ਪ੍ਰੋਗਰਾਮ ਪੰਜਾਬੀ ਦਰਬਾਰ ਵਿੱਚ ਉਨ੍ਹਾਂ ਭਾਈ ਮਰਦਾਨੇ ਦੀ ਪੀੜ੍ਹੀ ਚੋਂ ਭਾਈ ਲਾਲ ਜੀ ਅਤੇ ਹੋਰ ਰਾਗੀ ਸਿੰਘਾਂ ਨੂੰ ਸੁਣਨਾ। ਭਾਈ ਸਾਹਿਬ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਸਮੇਂ ਨਹੀਂ ਸੀ ਪਤਾ ਕਿ ਇਹ ਕਿੰਨੇ ਵੱਡੇ ਗਵੱਈਏ ਹਨ ਪਰ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਗਵੱਈਏ ਭਾਈ ਸੰਤਾ ਸਿੰਘ ਭਾਈ ਸਮੁੰਦ ਸਿੰਘ ਹਨ।

ਮਾਂ ਦੀ ਮੁੰਦਰੀ ਅਤੇ ਗੁਰੂ ਘਰ ਦਾ ਸਫਰ

ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਉ ਕੋਲ ਪਹਿਲੀ ਵਾਰ ਇਹ ਜ਼ਾਹਰ ਕੀਤਾ ਕਿ ਉਹ ਸੰਗੀਤ ਸਿੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਪਿਤਾ ਸਾਧਾਰਨ ਕਿਸਾਨੀ ਪਰਿਵਾਰ ਦੇ ਸਨ ਉਨ੍ਹਾਂ ਮੁਤਾਬਕ ਇਹ ਕੰਮ ਖੇਤੀਬਾੜੀ ਕਰਨ ਵਾਲਿਆਂ ਦਾ ਨਹੀਂ ਹੁੰਦਾ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮਾਤਾ ਗੁਰਦੇਵ ਕੌਰ ਆਪਣੇ ਪੁੱਤ ਦੇ ਇਸ ਅਹਿਸਾਸ ਨੂੰ ਸਮਝਦੀ ਸੀ। ਉਨ੍ਹਾਂ ਦੀ ਮਾਤਾ ਨੇ ਕਿਸੇ ਵਿਆਹ ਵਿੱਚ ਮਿਲਣੀ ਵਜੋਂ ਪਈ ਮੁੰਦਰੀ ਆਪਣੇ ਪੁੱਤ ਨੂੰ ਦਿੱਤੀ। ਭਾਈ ਨਿਰਮਲ ਸਿੰਘ ਖ਼ਾਲਸਾ ਆਪਣੀ ਮਾਂ ਦੀ ਮੁੰਦਰੀ 30 ਰੁਪਏ ਵਿੱਚ ਵੇਚ ਕੇ 1 ਰੁਪਏ ਦੀ ਟਿਕਟ ਲੈ ਕੇ ਅੰਮ੍ਰਿਤਸਰ ਪੁੱਜੇ।


ਉਨ੍ਹਾਂ ਮੁਤਾਬਕ ਉਨ੍ਹਾਂ ਦੇ ਚਾਚਾ ਗੁਰਬਚਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਡਰਾਈਵਰ ਸਨ ਅਤੇ ਕੀਰਤਨ ਵੀ ਕਰਦੇ ਸਨ। ਗੁਰਮਤਿ ਸੰਗੀਤ ਸਿੱਖਣ ਵਿੱਚ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵੱਡੀ ਹੱਲਾਸ਼ੇਰੀ ਦਿੱਤੀ।


ਇੱਥੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਉਨ੍ਹਾਂ ਨੇ ਸੰਗੀਤ ਵਿੱਦਿਆ ਸ਼ੁਰੂ ਕੀਤੀ। ਇੱਥੇ ਉਹਨਾਂ ਦੇ ਉਸਤਾਦ ਅਵਤਾਰ ਸਿੰਘ ਨਾਜ਼ ਸਨ। ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਪੁਤਲੀ ਘਰ ਦੇ ਨੇੜੇ 1927 ਵਿੱਚ ਬਣਿਆ ਸੀ। ਭਾਈ ਸ਼ਾਹ ਮੁਤਾਬਕ ਉਨ੍ਹਾਂ ਦੀ ਇਸ ਤਾਲੀਮ ਵਿੱਚ ਸ਼੍ਰੋਮਣੀ ਕਮੇਟੀ ਦੇ ਵਜ਼ੀਫੇ ਦਾ ਵੱਡਾ ਸਹਾਰਾ ਰਿਹਾ। ਇਹ 1974 ਦੇ ਦਿਨਾਂ ਦੀ ਗੱਲ ਹੈ ਜਦੋਂ ਉਨ੍ਹਾਂ ਨੂੰ 70 ਰੁਪਏ ਵਜ਼ੀਫਾ ਮਿਲਦਾ ਸੀ। ਇੰਝ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਨੌਕਰੀ ਗੁਰਮਤਿ ਕਾਲਜ ਰਿਸ਼ੀਕੇਸ਼ ਵਿਖੇ ਕੀਤੀ।

ਉਨ੍ਹਾਂ ਦੀਆਂ ਯਾਦਾਂ ਵਿੱਚ ਰਾਗੀ ਸਿੰਘਾਂ ਦੀ ਮੁਹੱਬਤ ਅਤੇ ਚਿੰਤਾ

ਭਾਈ ਨਿਰਮਲ ਸਿੰਘ ਖ਼ਾਲਸਾ ਵੱਖ ਵੱਖ ਸਟੇਜਾਂ ਤੋਂ ਅਕਸਰ ਹੀ ਗੁਰਮਤਿ ਸੰਗੀਤ ਦੀ ਚੜ੍ਹਦੀ ਕਲਾ ਅਤੇ ਰਾਗੀ ਸਿੰਘਾਂ ਦੇ ਆਰਥਿਕ ਮਾਨਸਿਕ ਹੁਲਾਰੇ ਦੀ ਗੱਲ ਕਹਿੰਦੇ ਆਏ ਹਨ। ਭਾਈ ਨਿਰਮਲ ਸਿੰਘ ਖ਼ਾਲਸਾ ਚ ਮੁਲਾਕਾਤ ਵੇਲੇ ਇਹ ਕਿਹਾ ਸੀ ਕੇ ਰਾਗੀ ਸਿੰਘਾਂ ਨੂੰ ਗੁਰਮਤਿ ਸੰਗੀਤ ਦੀ ਰਾਗਾਤਮਕ ਰਵਾਇਤੀ ਵਿੱਦਿਆ ਬਾਰੇ ਵੱਧ ਤੋਂ ਵੱਧ ਜਾਣੂ ਹੋਣਾ ਚਾਹੀਦਾ ਹੈ। ਗੁਰਮਤਿ ਸੰਗੀਤ ਸਾਡੀ ਮਹਾਨ ਵਿਰਾਸਤ ਹੈ ਅਤੇ ਸੁਰਾਗ ਪਰੰਪਰਾ ਨੂੰ ਜਿਉਂਦੇ ਰੱਖਣ ਦੇ ਲਈ ਸਾਨੂੰ ਹਰ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਇਸ ਹੰਭਲੇ ਲਈ ਸਾਨੂੰ ਆਪਣੇ ਮਹਾਨ ਕੀਰਤਨੀਆਂ ਦੀ ਜ਼ਿੰਦਗੀ ਨੂੰ ਪੜ੍ਹਨਾ ਪਵੇਗਾ ਕਿ ਕਿਹੋ ਜਿਹੇ ਹੁੰਦੇ ਸਨ ਭਾਈ ਮਨਸ਼ਾ ਸਿੰਘ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਦੌਰ ਦੇ ਅੰਦਰ ਜੇ ਭਾਈ ਮਨਸ਼ਾ ਸਿੰਘ ਵਰਗੇ ਕੀਰਤਨੀਏ ਨਹੀਂ ਹਨ ਤਾਂ ਇਸ ਦੌਰ ਅੰਦਰ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਵੀ ਨਹੀਂ ਹਨ ਜੋ ਗੁਰਮਤਿ ਸੰਗੀਤ ਨੂੰ ਹੁੰਗਾਰਾ ਦੇਣ ਦੇ ਲਈ ਰਾਗੀ ਸਿੰਘਾਂ ਦੀ ਮਦਦ ਕਰਨ।

6 ਅਕਤੂਬਰ 1991

ਭਾਈ ਨਿਰਮਲ ਸਿੰਘ ਖ਼ਾਲਸਾ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਸ਼ੁਰੂਆਤ ਕੀਤੀ ਸੀ। ਭਾਈ ਗੁਰਮੇਜ ਸਿੰਘ ਸੂਰਮੇ ਸਿੰਘ (ਦਿਵਿਆਂਗ) ਹਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰੇਲ ਲਿਪੀ ਵਿਚ ਲਿਖਿਆ ਹੈ।

1984 ਦੇ ਸਮਿਆਂ ਵਿੱਚ ਭਾਈ ਨਿਰਮਲ ਸਿੰਘ ਹੁਣ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਕੀਤੀ। ਉਸ ਕਾਲੇ ਦੌਰ ਨੂੰ ਉਨ੍ਹਾਂ ਨੇ ਬਹੁਤ ਨੇੜਿਓਂ ਵੇਖਿਆ। ਸਮਾਂ ਆਪਣੀ ਚਾਲੇ ਤੁਰਦਾ ਗਿਆ ਅਤੇ ਅਖੀਰ 1991 ਅਕਤੂਬਰ ਦੀ 6 ਤਾਰੀਖ਼ ਆਈ। ਇਸ ਤਾਰੀਖ ਨੂੰ ਲੁਧਿਆਣੇ ਵਿਖੇ ਜਵੱਦੀ ਟਕਸਾਲ ਵੱਲੋਂ ਕੀਰਤਨ ਦਰਬਾਰ ਸਜਾਇਆ ਗਿਆ। ਰਵਾਇਤੀ ਰਾਗਾਂ ਤੇ ਅਧਾਰਿਤ ਗੁਰਮਤਿ ਸੰਗੀਤ ਦੇ ਸਰਵਣ ਕੀਤੇ ਇਸ ਕੀਰਤਨ ਨੇ ਉਨ੍ਹਾਂ ਨੂੰ ਚਰਚਿਤ ਕਰ ਦਿੱਤਾ। 8 ਅਕਤੂਬਰ ਦੀਆਂ ਅਖ਼ਬਾਰਾਂ ਅੰਦਰ ਉਨ੍ਹਾਂ ਦੇ ਨਾਮ ਦੀ ਚਰਚਾ ਵਿਸ਼ੇਸ਼ ਸੀ ਜੋ ਭਾਈ ਨਿਰਮਲ ਸਿੰਘ ਮੁਤਾਬਿਕ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਮੋੜ ਸੀ।

ਆਸਾ ਦੀ ਵਾਰ ਅਤੇ ਗੁਰੂ ਘਰ ਦੇ ਕੀਰਤਨੀਏ ਦੀ ਸੋਭਾ

ਭਾਈ ਨਿਰਮਲ ਸਿੰਘ ਖ਼ਾਲਸਾ ਵੱਲੋਂ ਸਰਵਣ ਕੀਤੀ ਹੋਈ ਆਸਾ ਦੀ ਵਾਰ ਗੁਰਮਤਿ ਸੰਗੀਤ ਨੂੰ ਸੁਣਨ ਵਾਲਿਆਂ ਵਿੱਚ ਬਹੁਤ ਚਰਚਿਤ ਰਹੀ ਹੈ। ਭਾਈ ਨਿਰਮਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਜਥੇ ਵੱਲੋਂ ਸਭ ਤੋਂ ਪਹਿਲਾਂ ਆਸਾ ਦੀ ਵਾਰ 1994 ਵਿੱਚ ਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀ ਸੀਰੀਜ਼ ਕੈਸੇਟ ਕੰਪਨੀ ਨੇ ਰਿਕਾਰਡ ਕੀਤਾ। ਆਸਾ ਦੀ ਵਾਰ ਦੀ ਉਨ੍ਹਾਂ ਦੀ ਕੈਸੇਟ ਰਿਕਾਰਡ 90 ਲੱਖ ਵਿਕੀ।

ਸਿੱਖੀ ਦੇ ਮਹਾਨ ਫਲਸਫੇ ਦਾ ਫ਼ਖ਼ਰ

ਭਾਈ ਨਿਰਮਲ ਸਿੰਘ ਖ਼ਾਲਸਾ ਨੇ ਆਪਣੀ ਜ਼ਿੰਦਗੀ ਨੂੰ ਆਮ ਸੱਥਾਂ ਵਿੱਚ ਬਹੁਤ ਖੁੱਲ੍ਹ ਕੇ ਬਿਆਨ ਕੀਤਾ ਹੈ । ਉਨ੍ਹਾਂ ਉਨ੍ਹਾਂ ਮੁਤਾਬਕ ਇਹ ਸਿੱਖੀ ਦਾ ਸੁਹੱਪਣ ਹੈ ਕਿ ਇੱਥੇ ਮੌਕੇ ਕਿਸੇ ਵੀ ਤਰ੍ਹਾਂ ਜਾਤ ਰੰਗ ਨਸਲ ਵੇਖ ਕੇ ਨਹੀਂ ਮਿਲਦੇ। ਉਨ੍ਹਾਂ ਕਿਹਾ ਸੀ :- “ਮੈਂ ਮਜ਼੍ਹਬੀ ਸਿੱਖਾਂ ਦਾ ਪੰਜਵੀਂ ਪਾਸ ਗਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖ਼ਸ਼ ਸਦਕਾ ਮੇਰੀਆਂ ਲਿਖੀਆਂ ਦੋ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਦਾ ਹਿੱਸਾ ਹਨ ਤੇ ਗੁਰੂ ਦੇ ਨਿਮਾਣੇ ਤੇ ਗਰੀਬ ਸਿੱਖ ਤੇ ਵੱਖ ਵੱਖ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀ ਪੀ.ਐੱਚ. ਡੀ. ਕਰ ਚੁੱਕੇ ਹਨ ਜਾਂ ਕਰ ਰਹੇ ਹਨ।”
ਉਹ ਅਕਸਰ ਹੀ ਸੱਥਾਂ ਵਿੱਚ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਇੰਜ ਹੀ ਪ੍ਰੇਰਦੇ ਰਹਿੰਦੇ ਸਨ।

ਆਲੋਚਨਾਵਾਂ ਦੇ ਘੇਰੇ ਵਿੱਚ

ਬੰਦਾ ਤਾਂ ਆਖਰ ਬੰਦਾ ਹੀ ਹੈ। ਫਿਲਮ ਨਾਨਕ ਸ਼ਾਹ ਫਕੀਰ ਦੇ ਵਿੱਚ ਸ਼ਬਦ ਗਾਇਨ ਕਰਕੇ ਉਨ੍ਹਾਂ ਦੀ ਕਈ ਹਲਕਿਆਂ ਵਿੱਚ ਆਲੋਚਨਾ ਹੋਈ ਸੀ। ਸਿੱਖ ਜਗਤ ਵਿੱਚ ਗੁਰੂਆਂ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ ਇਹ ਬਹਿਸ ਲੰਮੇ ਸਮੇਂ ਤੋਂ ਚੱਲਦੀ ਆਈ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਨੇ ਉਸ ਸਮੇਂ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਇਹ ਅਪੀਲ ਕੀਤੀ ਸੀ ਕੇਜੇ ਫਿਲਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੈ ਤਾਂ ਇਹਨੂੰ ਪਰਦਾ ਪੇਸ਼ ਨਹੀਂ ਕਰਨਾ ਚਾਹੀਦਾ।
ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਵੀ ਸਮੇਂ ਸਮੇਂ ਸਿਰ ਸਵਾਲ ਖੜ੍ਹੇ ਕਰਦੇ ਸਨ। ਸਿੱਖ ਜਗਤ ਵਿੱਚ ਕੁਝ ਜਥੇਬੰਦੀਆਂ ਉਨ੍ਹਾਂ ਦੇ ਧੜੇ ਬਦਲਣ ਦਾ ਦੋਸ਼ ਵੀ ਲਾਉਂਦੀਆਂ ਆਈਆਂ ਹਨ। ਉਨ੍ਹਾਂ ਦੀਆਂ ਅਜਿਹੀਆਂ ਟਿੱਪਣੀਆਂ ਅਤੇ ਉਨ੍ਹਾਂ ਦੇ ਅਜਿਹੇ ਨਜ਼ਰੀਏ ਵਾਰ ਵਾਰ ਸਿੱਖ ਜਗਤ ਵਿੱਚ ਆਲੋਚਨਾ ਦੇ ਘੇਰੇ ਵਿੱਚ ਰਹੇ ਹਨ।

ਉਦਾਸੀ ਹੈ ਪਰ ਗੁਰੂ ਸਾਹਿਬ ਦਾ ਹੁਕਮ ਹੈ – ਡਾਕਟਰ ਗੁਰਨਾਮ ਸਿੰਘ

ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਸਾਬਕਾ ਮੁਖੀ ਡਾ ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਰਾਗਾਤਮਕ ਪਰੰਪਰਾ ਦੇ ਸ਼ਬਦ ਗਾਇਨ ਦੀ ਖੂਬ ਵਕਾਲਤ ਵੀ ਕੀਤੀ ਹੈ ਅਤੇ ਇਸ ਖੇਤਰ ਵਿੱਚ ਨਿੱਠ ਕੇ ਕੰਮ ਵੀ ਕੀਤਾ ਹੈ।
ਕਰੋਨਾ ਮਹਾਂਮਾਰੀ ਦੇ ਇਸ ਦੌਰ ਅੰਦਰ ਡਾ ਗੁਰਨਾਮ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਫਸੇ ਹੋਏ ਹਨ। ਫੋਨ ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਇੰਜ ਤੁਰ ਜਾਣ ਨਾਲ ਗੁਰਮਤਿ ਸੰਗੀਤ ਦੀ ਵਿਰਾਸਤ ਨੂੰ ਵੱਡਾ ਘਾਟਾ ਹੋਇਆ ਹੈ ਪਰ ਇਹ ਗੁਰੂ ਸਾਹਿਬ ਦੇ ਹੁਕਮ ਹਨ ਅਤੇ ਸਿੱਖੀ ਜ਼ਿੰਦਗੀ ਗੁਰੂ ਦੇ ਭਾਣੇ ਵਿੱਚ ਹੀ ਤੁਰਦੀ ਹੈ।
ਉਨ੍ਹਾਂ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ 1991 ਵਿੱਚ ਸੰਤ ਬਾਬਾ ਸੁੱਚਾ ਸਿੰਘ ਅਦੁੱਤੀ ਸੰਗੀਤ ਸੰਮੇਲਨ ਵਿੱਚ ਹੋਈ ਸੀ। ਲੁਧਿਆਣਾ ਦੇ ਜਵੱਦੀ ਟਕਸਾਲ ਵਿਖੇ ਇਹ ਮੁਲਾਕਾਤ ਲੰਮੀ ਦੋਸਤੀ ਵਿੱਚ ਬਦਲ ਗਈ।

ਡਾ ਗੁਰਨਾਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨਾਲ ਮਿਲ ਕੇ ਕਈ ਪ੍ਰੋਗਰਾਮ ਉਲੀਕੇ ਸਨ। 2020 ਦੇ ਮਈ ਵਿੱਚ ਸੈਨ ਹੋਜ਼ੇ ਰਾਗ ਦਰਬਾਰ ਹੋਣਾ ਸੀ। ਗੁਰਮਤਿ ਸੰਗੀਤ ਦਾ ਇਹ ਰਾਗ ਦਰਬਾਰ ਹਰਿਵੱਲਭ ਸੰਗੀਤ ਸੰਮੇਲਨ ਦੀ ਤਰਜ਼ ਤੇ ਉਲੀਕਿਆ ਗਿਆ ਸੀ। ਇਸ ਤੋਂ ਬਾਅਦ ਸਤੰਬਰ ਵਿਚ ਨਿਊਜਰਸੀ ਅਤੇ ਅਮਰੀਕਾ ਦੀਆਂ ਹੋਰ ਵੱਖ ਵੱਖ ਥਾਵਾਂ ਤੇ ਗੁਰਮੱਤ ਰਾਗ ਪਰੰਪਰਾ ਵਿੱਚ ਗੁਰਮਤਿ ਸੰਗੀਤ ਦਾ ਗਾਇਨ ਕੀਤਾ ਜਾਣਾ ਸੀ।

ਬੀਤੇ ਦਿਨਾਂ ਵਿੱਚ ਕੈਲੀਫੋਰਨੀਆ ਤੋਂ ਭਾਈ ਸਾਹਿਬ ਲਈ ਇਹ ਮੇਰਾ ਸੁਨੇਹਾ ਸੀ :- “ਭਾਈ ਸਾਹਿਬ ਗੁਰਫਤਹਿ ਜੀ , ਆਪ ਜੀ ਦੀ ਸਿਹਤਯਾਬੀ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ਜੀ। ਤੁਸੀਂ ਬਹਾਦਰ ਸਿਰੜੀ ਅਤੇ ਸਿਦਕੀ ਹੋ ਜਲਦ ਹੀ ਠੀਕ ਹੋ ਜਾਵੇਗੀ। ਰਾਗ ਦਰਬਾਰ ਉਡੀਕ ਰਹੇ ਹਨ। ਗੁਰਮਤਿ ਸੰਗੀਤ ਲਈ ਤੁਸੀਂ ਅਜੇ ਬਹੁਤ ਸੇਵਾਵਾਂ ਕਰਨੀਆਂ ਹਨ। ਜਲਦੀ ਤੰਦਰੁਸਤ ਹੋਵੇ ਜੀ।
ਪਿਆਰ ਤੇ ਸਤਿਕਾਰ ਸਾਹਿਤ – ਡਾ ਗੁਰਨਾਮ ਸਿੰਘ ।”

ਗੁਰਮਤਿ ਗਾਇਨ ਵਿੱਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਕੀਤਾ ਜਾਵੇਗਾ – ਪਿ੍ੰਸੀਪਲ ਸੁਖਵੰਤ ਸਿੰਘ

ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਲ ਤੋਂ 2009 ‘ਚ ਮਿਲਿਆ ‘ਪਦਮ ਸ੍ਰੀ’ ਸਨਮਾਨ ਪਹਿਲੀ ਵਾਰ ਕਿਸੇ ਕੀਰਤਨੀਏ ਨੂੰ ਪ੍ਰਾਪਤ ਹੋਇਆ। ਉਨ੍ਹਾਂ ਨਾਲ ਗੁਜ਼ਰਿਆ ਵਕਤ ਸਦਾ ਯਾਦ ਰਹੇਗਾ। ਪੰਜਾਂ ਤਖਤਾਂ ਤੇ ਸ਼ਬਦ ਕੀਰਤਨ ਦੀ ਹਾਜ਼ਰੀ, ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਦੀ ਹਾਜ਼ਰੀ ਅਤੇ 71 ਵੱਖ ਵੱਖ ਦੇਸ਼ਾਂ ਵਿੱਚ ਉਨ੍ਹਾਂ ਵੱਲੋਂ ਗਾਇਨ ਕੀਤੇ ਗਏ ਗੁਰੂ ਦੇ ਸ਼ਬਦ ਸਾਡੀ ਕੌਮ ਦੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਵਿਦਾਇਗੀ ਤੇ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।”

2 ਅਪਰੈਲ 2020 ਦੀ ਸਵੇਰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਆਖਰੀ ਸਾਹ ਕਰੋਨਾ ਵਰਗੀ ਮਹਾਂਮਾਰੀ ਦੀ ਭੇਟ ਚੜ੍ਹੇ ਹਨ। ਕਰੋਨਾ ਮਹਾਂਮਾਰੀ ਵਿੱਚ ਤੁਰ ਜਾਣ ਵਾਲਿਆਂ ਦੀ ਸੂਚੀ ਵਿੱਚ ਬੇਸ਼ੱਕ ਉਹ ਇੱਕ ਨੰਬਰ ਵਾਂਗੂੰ ਗਿਣੇ ਗਏ ਪਰ ਪੰਜਾਬ ਜੋ ਗੁਰਾਂ ਦੇ ਨਾਮ ਤੇ ਜਿਉਂਦਾ ਅਤੇ ਗਾਉਂਦਾ ਹੈ ਉਸ ਲਈ ਭਾਈ ਨਿਰਮਲ ਸਿੰਘ ਖਾਲਸਾ ਵੱਡਾ ਘਾਟਾ ਹੈ। ਜਿਵੇਂ ਤੁਰ ਜਾਣ ਵਾਲਿਆਂ ਨਾਲ ਤੁਰਿਆ ਨਹੀਂ ਜਾਂਦਾ ਅਤੇ ਜੱਗ ਦੀ ਇਹ ਰੀਤ ਹੈ ਜੰਮਣਾ ਤੇ ਮਰਨਾ।ਇਸ ਸਭ ਦੇ ਵਿਚਕਾਰ ਭਾਈ ਨਿਰਮਲ ਸਿੰਘ ਖਾਲਸਾ ਸਾਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੇ ਰਸਭਿੰਨੇ ਸਰਵਣ ਕੀਤੇ ਕੀਰਤਨ ਦੀ ਆਵਾਜ਼ ਬਾਕੀ ਹੈ ਆਖਰ….

ਲੁਧਿਆਣੇ ਤੋਂ ਪੰਜਾਬੀ ਅਦਬ ਦੇ ਪਿਆਰੇ ਅਦੀਬ ਗੁਰਭਜਨ ਗਿੱਲ ਨੇ ਉਨ੍ਹਾਂ ਨੂੰ ਆਪਣੀ ਰਚਨਾ ਮਾਰਫਤ ਕੁਝ ਇੰਝ ਸ਼ਰਧਾਂਜਲੀ ਦਿੱਤੀ ਹੈ

ਮਹਿਕਵੰਤ, ਸੁਰ ਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ
ਅੰਮ੍ਰਿਤ ਵੇਲੇ ਪਾਟੀ ਚਿੱਠੀ, ਕੌਣ ਬਨੇਰੇ ਆਣ ਧਰ ਗਿਆ
ਸਾਰੀ ਉਮਰ ਬਿਤਾਈ ਜਿਸ ਨੇ, ਗੁਰ ਚਰਨਾਂ ਦੀ ਪ੍ਰੀਤੀ ਅੰਦਰ
ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖਾਲੀ ਧਰਤ ਕਰ ਗਿਆ

(ਲੇਖਕ ਪੱਤਰਕਾਰ ਹਨ। ਫਿਲਮ, ਰੇਡੀਓ ਅਤੇ ਸਾਹਿਤ ਬਾਰੇ ਲਗਾਤਾਰ ਲਿੱਖਦੇ ਰਹਿੰਦੇ ਹਨ। ਅੱਜਕਲ੍ਹ ਜੱਗ-ਬਾਣੀ ਅਦਾਰੇ ਨਾਲ ਜੁੜੇ ਹਨ। ਸੰਪਰਕ : 97798-88335)