ਚਾਰੇ ਸਰਕਾਰੀ ਮੈਡੀਕਲ ਕਾਲਜ ਸਾਰੇ ਹਸਪਤਾਲਾਂ ‘ਚ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ : ਸਿਹਤ ਮੰਤਰੀ ਜੌੜਾਮਾਜਰਾ

0
827

ਪਟਿਆਲਾ/ਅਮ੍ਰਿਤਸਰ/ਫਰੀਦਕੋਟ/ਚੰਡੀਗੜ੍ਹ | ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੁੱਧਵਾਰ ਨੂੰ ਚਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸਾਰੇ ਹਸਪਤਾਲਾਂ ਵਿੱਚ ਜਰੂਰੀ ਦਵਾਈਆਂ ਦੀ ਉਪਲਬਧਤਾ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਪਟਿਆਲਾ, ਅਮ੍ਰਿਤਸਰ, ਫਰੀਦਕੋਟ ਅਤੇ ਮੋਹਾਲੀ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਦੇ ਵੱਖ-ਵੱਖ ਪ੍ਰੋਜੈਕਟਾਂ, ਵਿਕਾਸ ਕਾਰਜਾਂ ਅਤੇ ਲੰਬਿਤ ਪਈਆਂ ਮੰਗਾਂ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਉਕਤ ਸੰਸਥਾਵਾਂ ਨੂੰ ਸਾਰੇ ਹਸਪਤਾਲਾਂ ਵਿੱਚ ਜਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਤੇਜੀ ਨਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਕੋਵਿਡ ਦੌਰਾਨ ਆਪਣੀ ਜਾਨ ਦਾਅ ’ਤੇ ਲਾ ਕੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਵੱਖ-ਵੱਖ ਕੋਵਿਡ ਯੋਧਿਆਂ ਨੂੰ ਐਡਜਸਟ ਕਰਨ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵੀ ਜਾਇਜ਼ਾ ਲਿਆ।

ਉਨਾਂ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ  ਮਰੀਜ਼ਾਂ ਅਤੇ ਵਿਦਿਆਰਥੀਆਂ ਲਈ ਸੰਸਥਾਵਾਂ ਵਿੱਚ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਇੱਕ ਵਿਸਤ੍ਰਿਤ ਮਾਸਟਰ ਪਲਾਨ ਤਿਆਰ ਕੀਤਾ ਜਾਵੇ। ਉਨਾਂ ਕਿਸੇ ਵੀ ਬਕਾਇਆ ਸੇਵਾ ਨਿਯਮਾਂ ਨੂੰ ਸੋਧਣ ਅਤੇ ਡਰਾਫਟ ਕਰਨ ਲਈ ਸਮਾਂਬੱਧ ਕਾਰਵਾਈ ‘ਤੇ ਜ਼ੋਰ ਦਿੱਤਾ। ਉਨਾਂ ਡਾਇਰੈਕਟੋਰੇਟ ਨੂੰ ਸਿੱਧੇ ਕੋਟੇ ਦੀਆਂ ਵੱਖ-ਵੱਖ ਅਸਾਮੀਆਂ ਲਈ ਸਮੇਂ ਸਿਰ ਇਸ਼ਤਿਹਾਰ ਦੇਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।  

ਕੈਬਨਿਟ ਮੰਤਰੀ ਨੇ ਦੱਸਿਆ ਕਿ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਅਫ਼ਸਰਸ਼ਾਹੀ ਨੂੰ ਠੱਲ ਪਾਉਣ ਲਈ ਸੰਸਥਾਵਾਂ ਦੇ ਮੁਖੀਆਂ ਨਾਲ ਸਕਤੀਆਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਨੇ ਵਿਭਾਗ ਨੂੰ ਮਾਹਰ ਤੇ ਪ੍ਰਤਿਭਾਸ਼ਾਲੀ ਡਾਕਟਰਾਂ ਨੂੰ ਆਕਰਸ਼ਿਤ ਕਰਨ ਲਈ ਸੁਪਰਸਪੈਸਲਿਸਟਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਪ੍ਰਸਤਾਵ ਤਿਆਰ ਕਰਨ ਲਈ ਕਿਹਾ। ਉਨਾਂ ਨੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਰੀਜਾਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਾਉਣ ਲਈ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਮੀਟਿੰਗ ਵਿੱਚ ਅਲਕਨੰਦਾ ਦਿਆਲ, ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਸਿਹਤ ਵਿਭਾਗ ਅਤੇ ਚਾਰੇ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਮੌਜੂਦ ਸਨ।