ਪਟਿਆਲਾ : ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ‘ਚ ਦੇਖ ਪੈਟਰੋਲ ਸੁੱਟ ਦੋਸਤ ਨੂੰ ਲਗਾਈ ਅੱਗ, ਅਕਾਲੀ ਦਲ ਦੇ ਦਫ਼ਤਰ ਨੌਜਵਾਨ ਨੇ ਕੀਤਾ ਵਹਿਸ਼ੀ ਕਾਰਾ

0
1860

ਪਟਿਆਲਾ | ਗੁਰਬਖਸ਼ ਕਾਲੋਨੀ ਸਥਿਤ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਦਫ਼ਤਰ ਵਿੱਚ ਰੈਲੀ ‘ਚ ਸ਼ਾਮਲ ਹੋਣ ਆਏ ਇਕ ਨੌਜਵਾਨ ਨੇ ਆਪਣੇ ਦੋਸਤ ਨੂੰ ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ, ਜਿਸ ਤੋਂ ਭੜਕੇ ਦੋਸਤ ਨੇ ਨੌਜਵਾਨ ‘ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ।

ਘਟਨਾ ਦੌਰਾਨ ਉਸ ਦੇ ਨਾਲ ਸੌਂ ਰਹੇ ਇਕ ਸਾਥੀ ਨੇ ਕੰਬਲ ਪਾ ਕੇ ਅੱਗ ਬੁਝਾਈ ਪਰ ਉਦੋਂ ਤੱਕ ਉਹ ਪੂਰੀ ਤਰ੍ਹਾਂ ਝੁਲਸ ਚੁੱਕਾ ਸੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਯੂਥ ਅਕਾਲੀ ਆਗੂ ਦੀ ਅਗਵਾਈ ‘ਚ ਜ਼ਖਮੀ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਅੱਗ ਨਾਲ ਝੁਲਸੇ ਨੌਜਵਾਨ ਦੀ ਪਛਾਣ ਅਤੁਲ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਯਸ਼ ਵਾਸੀ ਗੋਲ ਚੱਕਰ ਸੰਗਰੂਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਅਤੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਆਰੋਪੀ ਪਹਿਲਾਂ ਤੋਂ ਹੀ ਇਕ ਦੂਜੇ ਨੂੰ ਜਾਣਦੇ ਹਨ, ਜੋ ਬੀਤੇ ਕੱਲ 9 ਦਸੰਬਰ ਨੂੰ ਆਪਣੇ ਦੋਸਤਾਂ ਗੌਰਵ ਰਾਣਾ ਤੇ ਨਿਖਿਲ ਨਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਸਾਬਕਾ ਐੱਮਸੀ ਅਵਤਾਰ ਸਿੰਘ ਦੇ ਦਫ਼ਤਰ ਗੁਰਬਖ਼ਸ਼ ਕਾਲੋਨੀ ਪਟਿਆਲਾ ਗਏ ਸਨ। ਇਸ ਦੌਰਾਨ ਉਹ ਦਫ਼ਤਰ ਦੀ ਪਹਿਲੀ ਮੰਜ਼ਿਲ ‘ਤੇ ਸੁੱਤਾ ਪਿਆ ਸੀ, ਜਦਕਿ ਆਰੋਪੀ ਯਸ਼ ਉਥੋਂ ਚਲਾ ਗਿਆ।

ਅਤੁਲ ਨੇ ਦੱਸਿਆ ਕਿ ਦੇਰ ਰਾਤ ਉਸ ਨੂੰ ਅਚਾਨਕ ਪਿਆਸ ਲੱਗੀ, ਜਿਸ ਕਾਰਨ ਜਦੋਂ ਉਹ ਪਾਣੀ ਪੀਣ ਲਈ ਦਫਤਰ ਦੇ ਗਰਾਊਂਡ ਫਲੋਰ ‘ਤੇ ਗਿਆ ਤਾਂ ਆਰੋਪੀ ਯਸ਼ ਆਪਣੀ ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ‘ਚ ਬੈਠਾ ਸੀ।

ਇਸ ਤੋਂ ਬਾਅਦ ਉਹ ਵਾਪਸ ਉੱਪਰ ਚਲਾ ਗਿਆ, ਯਸ਼ ਵੀ ਉੱਪਰ ਆ ਗਿਆ ਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਥੇ ਮੌਜੂਦ ਗੌਰਵ ਰਾਣਾ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਅਤੁਲ ਫਿਰ ਸੌਂ ਗਿਆ।

ਇਸੇ ਦੌਰਾਨ ਰਾਤ ਕਰੀਬ 3 ਵਜੇ ਆਰੋਪੀ ਯਸ਼ ਤੇਲ ਦੀ ਬੋਤਲ ਲੈ ਕੇ ਦੁਬਾਰਾ ਆਇਆ ਤੇ ਸੁੱਤੇ ਪਏ ਅਤੁਲ ’ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਅਤੁਲ ਅਚਾਨਕ ਘਬਰਾ ਕੇ ਉੱਠਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਗੌਰਵ ਨੇ ਅੱਗ ਬੁਝਾਉਣ ‘ਚ ਮਦਦ ਕੀਤੀ ਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਸ ਸਮੇਂ ਅਤੁਲ ਦਾ ਇਲਾਜ ਚੱਲ ਰਿਹਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ