ਵਿਆਹੁਤਾ ਵੱਲੋਂ ਪ੍ਰੇਮ ਸੰਬੰਧਾਂ ‘ਚ ਅੜਿੱਕਾ ਬਣੇ ਪਤੀ ਦਾ ਕਤਲ, ਪੜ੍ਹੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

0
885

ਬਠਿੰਡਾ | ਇਕ ਵਿਆਹੁਤਾ ਔਰਤ ਵੱਲੋਂ ਨਾਜਾਇਜ਼ ਸੰਬੰਧਾਂ ‘ਚ ਅੜਿੱਕਾ ਬਣੇ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਿੱਕਰ ਸਿੰਘ ਵਾਸੀ ਪਿੰਡ ਮਹਿਣਾ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਵਾਸੀ ਆਬਾਦ ਸਥਾਨਕ ਬੀੜ ਰੋਡ ਵਜੋਂ ਹੋਈ ਹੈ।

ਮ੍ਰਿਤਕ ਸਥਾਨਕ ਅਦਾਲਤ ‘ਚ ਪਿਆਦੇ ਦੇ ਤੌਰ ’ਤੇ ਕੰਮ ਕਰਦਾ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ, ਕਥਿਤ ਪ੍ਰੇਮੀ ਤੇ ਸਾਲੇ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਕੈਨਾਲ ਕਾਲੋਨੀ ਪੁਲਿਸ ਕੋਲ ਦਰਜ ਕਰਵਾਏ ਬਿਆਨ ‘ਚ ਮ੍ਰਿਤਕ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਬਿੱਕਰ ਸਿੰਘ ਦਾ ਵਿਆਹ 15 ਸਾਲ ਪਹਿਲਾਂ ਸੋਨੀਆ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਸੋਨੀਆ ਦੇ ਜਗਸੀਰ ਸਿੰਘ ਵਾਸੀ ਪਿੰਡ ਗੁਰੂਸਰ ਸੈਣੇਵਾਲਾ ਨਾਲ ਸੰਬੰਧ ਬਣ ਗਏ, ਜਿਸ ਕਾਰਨ ਦੋਵਾਂ ਪਤੀ-ਪਤਨੀ ਵਿੱਚ ਝਗੜਾ ਰਹਿੰਦਾ ਸੀ।

ਬਿੱਕਰ ਸਿੰਘ ਆਪਣਾ ਪਿੰਡ ਛੱਡ ਕੇ ਬਠਿੰਡਾ ਦੇ ਬੀੜ ਰੋਡ ’ਤੇ ਰਹਿਣ ਲੱਗ ਪਿਆ ਤੇ ਉਸ ਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੋਨੀਆ ‘ਤੇ ਕੋਈ ਅਸਰ ਨਾ ਹੋਇਆ। ਉਹ ਆਪਣੇ ਪ੍ਰੇਮੀ ਨਾਲ ਮਿਲ ਕੇ ਬਿੱਕਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਸੀ।

ਮ੍ਰਿਤਕ ਦੇ ਮਾਮੇ ਦੇ ਲੜਕੇ ਜਸਬੀਰ ਸਿੰਘ ਵਾਸੀ ਪਿੰਡ ਸਰਦਾਰਗੜ੍ਹ ਨੇ ਦੱਸਿਆ ਕਿ ਬੀਤੇ ਐਤਵਾਰ ਬਿੱਕਰ ਸਿੰਘ ਦੇ ਸਾਲੇ ਸੰਨੀ ਨੇ ਫੋਨ ਕਰਕੇ ਦੱਸਿਆ ਸੀ ਕਿ ਬਿੱਕਰ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ।

ਜਸਬੀਰ ਨੇ ਦੱਸਿਆ ਕਿ ਉਸ ਦਾ ਇਹ ਕਹਿਣਾ ਕਿ ਬਿੱਕਰ ਦਾ ਮੋਟਰਸਾਈਕਲ ਤਾਂ ਪਹਿਲਾਂ ਹੀ ਟੁੱਟ ਗਿਆ ਸੀ, ਜਿਸ ਕਾਰਨ ਉਹ ਮੋਟਰਸਾਈਕਲ ਨਹੀਂ ਵਰਤਦਾ ਸੀ ਤਾਂ ਅੱਗੋਂ ਸੰਨੀ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਬਿੱਕਰ ਦੀ ਪਤਨੀ ਸੋਨੀਆ ਨੇ ਆਪਣੇ ਸਹੁਰੇ ਨੂੰ ਫੋਨ ਕਰਕੇ ਕਿਹਾ ਕਿ ਬਿੱਕਰ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਦਾ ਕਤਲ ਸੋਨੀਆ ਨੇ ਆਪਣੇ ਕਥਿਤ ਪ੍ਰੇਮੀ ਜਗਸੀਰ ਸਿੰਘ ਤੇ ਭਰਾ ਸੰਨੀ ਨਾਲ ਮਿਲ ਕੇ ਕੀਤਾ ਹੈ ਕਿਉਂਕਿ ਬਿੱਕਰ ਸਿੰਘ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਆਰੋਪੀ ਮੌਕੇ ਤੋਂ ਭੱਜ ਗਏ ਸਨ।

ਥਾਣਾ ਕੈਨਾਲ ਕਾਲੋਨੀ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਆਰੋਪੀਆਂ ਸੋਨੀਆ, ਦੋਸ਼ੀ ਜਗਸੀਰ ਸਿੰਘ ਤੇ ਸੰਨੀ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।