ਹੈਲਥ ਅਫ਼ਸਰ ਤੋਂ ਜਾਣੋ ਰੂਰਲ ਏਰਿਆ ‘ਚ ਕਿਵੇਂ ਤੇ ਕਿਸ ਤਰੀਕੇ ਨਾਲ ਹੁੰਦੀ ਹੈ ਕੋਰੋਨਾ ਟੈਸਟਿੰਗ

0
1409

ਪ੍ਰਿਅੰਕਾ ਜਰਿਆਲ | ਹੁਸ਼ਿਆਰਪੁਰ

ਪੰਜਾਬ ਵਿਚ ਕੋਰੋਨਾ ਦਾ ਵਾਧਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਵਾਇਰਸ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਆਪਣੀ ਅਰਬਨ ਤੇ ਰੂਰਲ ਏਰਿਆ ਵਿਚ ਦੋਹਰੀ ਤਿਆਰੀ ਨਾਲ ਕੰਮ ਕਰ ਰਿਹਾ ਹੈ, ਰੂਰਲ ਏਰਿਆ ਵਿਚ ਕੋਰੋਨਾ ਨੂੰ ਠੱਲ੍ਹ ਪਾਉਣ ਲਈ ਕਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਇਸ ਬਾਰੇ ਦਸੂਹਾ ਤਹਿਸੀਲ ਦੇ ਬਲਾਕ ਮੰਡ ਭੰਡੇਰ ਦੀ ਹੈਲਥ ਅਫਸਰ ਸਿਮਰ ਕੌਰ ਨਾਲ ਖਾਸ ਗੱਲਬਾਤ ਹੋਈ ਹੈ।

ਤਿੰਨ ਸਟੇਜ਼ਾਂ ਦੇ ਮੱਦੇਨਜ਼ਰ ਕੀਤੇ ਜਾਂਦੇ ਟੈਸਟ

ਹੈਲਥ ਅਫਸਰ ਸਿਮਰ ਕੌਰ ਨੇ ਦੱਸਿਆ ਕਿ ਪੇਂਡੂ ਪੱਧਰ ਉੱਤੇ ਕੋਰੋਨਾ ਨੂੰ ਮਾਤ ਦੇਣ ਲਈ ਸਿਹਤ ਵਿਭਾਗ ਵਲੋਂ ਕੋਰੋਨਾ ਟੈਸਟ ਤਿੰਨ ਆਧਾਰ ਉਪਰ ਕੀਤਾ ਜਾਂਦਾ ਹੈ। ਪਹਿਲਾਂ ਜੇਕਰ ਕਿਸੇ ਵਿਅਕਤੀ ਦੇ ਕਰੀਬ ਵਿੱਚ ਕੋਈ ਕੋਰੋਨਾ ਪਾਜ਼ੀਟਿਵ ਆ ਜਾਵੇ। ਦੂਸਰਾ ਜੇਕਰ ਕੋਈ ਵਿਅਕਤੀ ਦੂਰ ਦੁਰਾਡੇ ਦੇ ਸਫ਼ਰ ਤੋਂ ਵਾਪਸ ਆਇਆ ਹੋਵੇ। ਤੀਸਰਾ ‌ਜਿਸ ਵਿੱਚ ਖਾਂਸੀ, ਜ਼ੁਕਾਮ ਤੇ ਸਾਹ ਲੈਣ ਵਿੱਚ ਮੁਸ਼ਕਲ ‌ਆਉਣ ਵਾਲੇ ਲੱਛਣ ਪਾਏ ਜਾਣ। ਟੈਸਟ ਦੀ ਰਿਪੋਰਟ ਦਾ ਮੈਸੇਜ ਬਲਾਕ ਪੱਧਰ‌ ਦੇ ਸਿਹਤ ਅਫ਼ਸਰ ਅਤੇ ਟੈਸਟ ਕਰਵਾਉਣ ਵਾਲੇ ਵਿਅਕਤੀ ਦੇ ਮੋਬਾਈਲ ਫੋਨ ਉੱਤੇ ਹੀ ਦਿੱਤਾ ਜਾਂਦਾ ਹੈ। ਉਹ ਮੈਸੇਜ ਅੱਗੇ ਪਿੰਡ ਦੀ ਆਸ਼ਾ ਵਰਕਰਾਂ ਨੂੰ ਭੇਜ ਦਿੱਤਾ ਜਾਂਦਾ ਹੈ।

ਬਲਾਕ ਨੇ ਇੱਕ ਰਿਸਪਾਂਸ ਟੀਮ ਬਣਾਈ ਹੈ। ਉਹ ਰਿਸਪਾਂਸ ਟੀਮ ਟੈਸਟ ਕਰਵਾਉਣ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆ ਜਾਵੇ ਤਾਂ ਉਸ ਵਿਅਕਤੀ ਨੂੰ ਹਸਪਤਾਲ ਭਰਤੀ ਕਰ ਲਿਆ ਜਾਂਦਾ ਹੈ। ਚੌਵੀ ਘੰਟਿਆਂ ਦੇ ਅੰਦਰ ਉਸ ਵਿਅਕਤੀ ਨਾਲ ਕਰੀਬੀ ਸਬੰਧ ਰੱਖਣ ਵਾਲੇ ਸਾਰੇ ਵਿਅਕਤੀਆਂ ਦੇ ਟੈਸਟ ਕਰਵਾਏ ਜਾਂਦੇ ਹਨ। ਜੇਕਰ ਵਿਅਕਤੀ ਦੇ ਰਿਪੋਰਟ ਨੈਗੇਟਿਵ ਆ ਜਾਵੇ ਫਿਰ ਉਸ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ‌ ਅਤੇ ਆਸ਼ਾ ਵਰਕਰਾਂ ਦੁਆਰਾ ਉਹਨਾਂ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਪੋਸਟਰ ਵੀ ਲਗਾਇਆ ਜਾਂਦਾ ਹੈ।

ਕਿਵੇਂ ਰੱਖਣਾ ਪੈਂਦਾ ਹੈ ਘਰੇਲੂ ਇਕਾਂਤਵਾਸ ‘ਚ ਧਿਆਨ

ਇਕਾਂਤਵਾਸ ਪੂਰਾ ਹੋਣ ਤੋਂ ਬਾਅਦ ਵੀ ਉਹਨਾਂ ਦਾ ਦੁਬਾਰਾ ਟੈਸਟ ਕੀਤਾ ਜਾਂਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਲੋਕੀ ਕਾਫੀ ਜਾਗਰੂਕ ਹਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਵੀ ਕਰ ਰਹੇ ਹਨ। ਸਿਹਤ ਵਿਭਾਗ ਘਰ ਤੋਂ ਘਰ ਟੈਸਟ ਕਰ ਰਿਹਾ ਹੈ। ‌ਉਹਨਾਂ ਨੇ ਲੋਕਾਂ ਨੂੰ ਪੋਸ਼ਟਿਕ ਭੋਜਨ ਖਾਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਵੱਧ ਤੋਂ ਵੱਧ ਪ੍ਰੋਟੀਨ ਅਤੇ ਵਿਟਾਮਿਨ ਸੀ ਭਰਪੂਰ ਆਹਾਰ ਲਿਆ ਜਾਵੇ। ਇਹ ਆਹਾਰ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਬਾਹਰ ਦਾ ਬਣਿਆ ਖਾਣਾ ਨਾ ਹੀ ਖਾਇਆ ਜਾਵੇ। ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਆ ਹੈ ਤਾਂ ਉਹ ਆਪਣੇ ਪਿੰਡ ਦੀ ਆਸ਼ਾ ਵਰਕਰਾਂ ਨਾਲ ਸੰਪਰਕ ਕਰਨ। ਜਿੰਨਾ ਹੋ ਸਕੇ ਜਨਤਕ ਥਾਵਾਂ ਉਪਰ ਘੱਟ ਤੋਂ ਘੱਟ ਜਾਇਆ ਜਾਵੇ।