ਬੰਦ ਬਠਿੰਡਾ ਥਰਮਲ ਪਲਾਂਟ ਦਾ ਮਨਪ੍ਰੀਤ ਬਾਦਲ ਦੇ ਘਰ ਅੱਗੇ ਵਿਰੋਧ ਕਰਨ ਜਾ ਰਹੇ ‘ਆਪ’ ਆਗੂਆਂ ਨੂੰ ਚੰਡੀਗੜ ਪੁਲਸ ਨੇ ਕਈ ਘੰਟੇ ਥਾਣੇ ‘ਚ ਡੱਕਿਆ

0
630

ਚੰਡੀਗੜ੍ਹ. ਬੰਦ ਪਏ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਭਖਾਉਣ ਦੀ ਥਾਂ ਉਸ ਦੀ ਸੈਂਕੜੇ ਏਕੜ ਜ਼ਮੀਨ ਪੁੱਡਾ ਰਾਹੀਂ ਲੈਂਡ ਮਾਫ਼ੀਆ ਹਵਾਲੇ ਕਰਨ ਦਾ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਸਾਥੀ ਵਿਧਾਇਕਾਂ ਅਤੇ ਪਾਰਟੀ ਲੀਡਰਾਂ ਨਾਲ ਚੰਡੀਗੜ ਪੁਲਸ ਨੇ ਕਈ ਘੰਟੇ ਸੈਕਟਰ 3 ਦੇ ਥਾਣੇ ‘ਚ ਡੱਕੀ ਰੱਖਿਆ। ਉਨਾਂ ਨਾਲ ਬੰਦ ਆਗੂਆਂ ‘ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਜੈ ਿਸ਼ਨ ਸਿੰਘ ਰੋੜੀ, ਸਿਆਸੀ ਰਿਵਿੳੂ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਯੂਥ ਆਗੂ ਸੰਦੀਪ ਸਿੰਗਲਾ ਸ਼ਾਮਲ ਸਨ।

ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਜਿਸ ਬਿਜਲੀ ਅਤੇ ਲੈਂਡ ਮਾਫ਼ੀਏ ਦੀ ਕਮਾਨ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਸੀ ਉਹ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ‘ਚ ਆ ਗਈ ਹੈ।

ਹਰਪਾਲ ਸਿੰਘ ਚੀਮਾ ਅਤੇ ਸਾਥੀ ਵਿਧਾਇਕ ਸੋਮਵਾਰ ਦੁਪਹਿਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਥਰਮਲ ਬਾਰੇ ਚੋਣ ਵਾਅਦਾ ਯਾਦ ਕਰਾਉਣ ਲਈ ਉਸ ਦੀ 2 ਸੈਕਟਰ ਸਥਿਤ ਕੋਠੀ ਮੂਹਰੇ ਜਾ ਰਹੇ ਸਨ, ਪਰੰਤੂ ਪਹਿਲਾਂ ਹੀ ਮੁਸਤੈਦ ਬੈਠੀ ਚੰਡੀਗੜ ਪੁਲਸ ‘ਆਪ’ ਆਗੂਆਂ ਦੀ ਗੱਲ ਸੁਣੇ ਬਗੈਰ ਹੀ ਖਿੱਚ ਕੇ 3 ਸੈਕਟਰ ਲੈ ਗਈ। ‘ਆਪ’ ਆਗੂਆਂ ਨੇ ਚੰਡੀਗੜ ਪੁਲਸ ਦੀ ਬਦਸਲੂਕੀ ਦੀ ਜ਼ੋਰਦਾਰ ਨਿੰਦਾ ਕੀਤਾ। 
    ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ (1969) ਨੂੰ ਸਮਰਪਿਤ ਬਠਿੰਡਾ ਥਰਮਲ ਪਲਾਂਟ ਦੀ ਪਿਛਲੀ ਬਾਦਲ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਬਲੀ ਦੇ ਦਿੱਤੀ। 2017 ਦੀਆਂ ਚੋਣਾਂ ਤੋਂ ਪਹਿਲਾਂ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਦੇ ਕਾਂਗਰਸੀ ਚੋਣ ਵਾਅਦੇ ਦੇ ਹਵਾਲੇ ਨਾਲ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਮੁੜ ਮੁਕਾਉਣ ਦੇ ਦਾਅਵੇ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਅੱਜ ਬਤੌਰ ਵਿੱਤ ਮੰਤਰੀ ਥਰਮਲ ਪਲਾਂਟ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਫ਼ੈਸਲੇ ਲੈ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਠਿੰਡਾ ਦੇ ਲੋਕ ਤੜੀ ਪਾਰ ਕੀਤੇ ਥਰਮਲ ਮੁਲਾਜ਼ਮ ਅਤੇ ਉਹ ਕਿਸਾਨ ਜਿੰਨਾ ਦੀਆਂ ਜ਼ਮੀਨਾਂ ‘ਬਾਬੇ ਨਾਨਕ’ ਦੇ ਨਾਂ ‘ਤੇ ਐਕੁਆਇਰ ਕਰਕੇ ਥਰਮਲ ਪਲਾਂਟ ਸਥਾਪਿਤ ਕੀਤਾ ਗਿਆ ਸੀ, ਮੁਆਫ਼ ਨਹੀਂ ਕਰਨਗੇ।
    ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਸਰਕਾਰ ਨੇ ਜੇਕਰ ਥਰਮਲ ਪਲਾਂਟ ਪੱਕੇ ਤੌਰ ‘ਤੇ ਬੰਦ ਕਰਨ ਵਾਲਾ ਮੰਦਭਾਗਾ ਫ਼ੈਸਲਾ ਲੈ ਹੀ ਲਿਆ ਹੈ ਤਾਂ ਇਹ ਜ਼ਮੀਨਾਂ ਉਨਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਜਿੰਨਾ ਤੋਂ 1969 ‘ਚ ਥਰਮਲ ਪਲਾਂਟ ਲਈ ਲਈਆਂ ਗਈਆਂ ਸਨ। ਸੰਧਵਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅੱਜ ਲੈਂਡ ਮਾਫ਼ੀਆ ਲਈ ਦਲਾਲਾਂ ਵਰਗੀ ਭੂਮਿਕਾ ਨਿਭਾਅ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਆਪਣੇ ਹੱਕ ਲੈਣ ਲਈ ਅੱਗੇ ਆਉਣ, ਆਮ ਆਦਮੀ ਪਾਰਟੀ ਉਨਾਂ ਲਈ ਮੈਦਾਨ ਤੋਂ ਲੈ ਕੇ ਹਰ ਪ੍ਰਕਾਰ ਦੀ ਕਾਨੂੰਨੀ ਅਤੇ ਸਿਆਸੀ ਲੜਾਈ ਲੜੇਗੀ।
    ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਅਤੇ ਸੂਬੇ ਦੇ ਹਿਤਾਂ ਲਈ ਕਿਵੇਂ ਖਿਲਵਾੜ ਹੋਇਆ, ਗੁਰੂ ਨਾਨਕ ਥਰਮਲ ਪਲਾਂਟ ਇਸ ਦੀ ਸਟੀਕ ਮਿਸਾਲ ਹੈ। 
    ਮੀਤ ਹੇਅਰ ਨੇ ਦੱਸਿਆ ਕਿ ਦੱਸਿਆ ਕਿ 2005-2014 ਦਰਮਿਆਨ ਬਠਿੰਡਾ ਥਰਮਲ ਪਲਾਂਟਾਂ ਦੇ ਯੂਨਿਟਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਅਪਗ੍ਰੇਡੇਸ਼ਨ ਲਈ 734 ਕਰੋੜ ਰੁਪਏ ਖ਼ਰਚੇ ਗਏ ਸਨ। ਅਰਬਾਂ ਰੁਪਏ ਖ਼ਰਚ ਕੇ 2014 ‘ਚ ਜੋ ਆਖ਼ਰੀ ਯੂਨਿਟ ਅਪਗ੍ਰੇਡ ਕੀਤਾ ਗਿਆ ਸੀ। ਉਸ ਨੂੰ 100 ਘੰਟੇ ਚੱਲਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ, ਜਦਕਿ ਕੌਮੀ ਬਿਜਲੀ ਅਥਾਰਿਟੀ ਮੁਤਾਬਿਕ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2030-31 ਤੱਕ ਸੀ। ਮੀਤ ਹੇਅਰ ਨੇ ਪੁੱਛਿਆ ਕਿ ਮਿੱਟੀ ‘ਚ ਮਿਲਾਏ 737 ਕਰੋੜ ਰੁਪਏ ਦਾ ਹਿਸਾਬ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੋਵਾਂ ਤੋਂ ਮੰਗਿਆ ਜਾਣਾ ਚਾਹੀਦਾ ਹੈ।
    ਵਿਧਾਇਕ ਜੈ ਿਸ਼ਨ ਸਿੰਘ ਰੋੜੀ ਅਤੇ ਪਾਰਟੀ ਦੀ ਸਿਆਸੀ ਰਿਵਿੳੂ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਸੋਨੇ ਦੇ ਮੁੱਲ ਦੀ ਜ਼ਮੀਨ ਪੁੱਡਾ ਰਾਹੀਂ ਆਪਣੇ ਚਹੇਤਿਆਂ ਨੂੰ ਵੰਡਣ ਵਾਲੀ ਫਾਈਲ ਤਾਂ ਮੰਤਰੀ ਮੰਡਲ ਦੇ ਏਜੰਡੇ ਦਾ ਤੁਰੰਤ ਹਿੱਸਾ ਬਣ ਗਈ ਪਰੰਤੂ 2 ਸਾਲ ਪਹਿਲਾਂ ਬਠਿੰਡਾ ਥਰਮਲ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਇੱਕ 60 ਮੈਗਾਵਾਟ ਦਾ ਯੂਨਿਟ ਪਰਾਲੀ ਨਾਲ ਚਲਾਉਣ ਲਈ ਪਾਸ ਕਰਕੇ ਕੈਬਨਿਟ ਨੂੰ ਭੇਜਿਆ ਮਤਾ ਕੈਪਟਨ ਸਰਕਾਰ ਅੱਜ ਤੱਕ ਦੱਬੀ ਬੈਠੀ ਹੈ। ਜਦਕਿ ਜੇਕਰ ਪਰਾਲੀ ਨਾਲ ਇੱਕ ਯੂਨਿਟ ਚੱਲਦਾ ਤਾਂ ਥਰਮਲ ਕਰਮਚਾਰੀਆਂ, ਕਿਸਾਨਾਂ ਅਤੇ ਵਾਤਾਵਰਨ ਨੂੰ ਸਿੱਧਾ ਲਾਭ ਹੋਣਾ ਸੀ ਅਤੇ ਮਾਲਵਾ ਖੇਤਰ ‘ਚ ਪਰਾਲੀ ਦੀ ਸਮੱਸਿਆ ਵੀ ਹੱਲ ਹੋ ਜਾਂਦੀ। 
    ਇਸ ਮੌਕੇ ਹਰਪਾਲ ਸਿੰਘ ਚੀਮਾ ਅਤੇ ਬਾਕੀ ‘ਆਪ’ ਆਗੂਆਂ ਨੇ ਜਿੱਥੇ ਚੰਡੀਗੜ ਪੁਲਸ ਦੀ ਧੱਕੇਸ਼ਾਹੀ ਪਿੱਛੇ ਕਾਂਗਰਸੀ-ਅਕਾਲੀ ਦਲ ਅਤੇ ਭਾਜਪਾ ਦੀ ਸਿੱਧੀ ਦਖ਼ਲ-ਅੰਦਾਜ਼ੀ ਦੱਸਿਆ । ਉੱਥੇ ਐਲਾਨ ਕੀਤਾ ਕਿ ਉਹ (‘ਆਪ’) ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਹਰ ਤਰਾਂ ਦੀ ਧੱਕੇਸ਼ਾਹੀ ਦਾ ਡਟ ਕੇ ਸਾਹਮਣਾ ਕਰਨਗੇ।