ਅੰਮ੍ਰਿਤਸਰ : ਜਿਊਲਰੀ ਸ਼ਾਪ ‘ਚੋਂ 1 ਕਰੋੜ ਦੇ ਗਹਿਣੇ ਚੋਰੀ, ਦੁਕਾਨ ਦੀ ਕੰਧ ਤੋੜ ਕੇ ਅੰਦਰ ਵੜੇ ਚੋਰ

0
881

ਅੰਮ੍ਰਿਤਸਰ, 8 ਜਨਵਰੀ | ਅੰਮ੍ਰਿਤਸਰ ਵਿਚ ਦੇਰ ਰਾਤ ਚੋਰਾਂ ਵੱਲੋਂ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਦੁਕਾਨ ਦੀ ਕੰਧ ਨੂੰ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਤੇ ਸੋਨੇ-ਚਾਂਦੀ ਤੇ ਨਕਦੀ ਰੁਪਏ ਲੈ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਖੰਡ ਵਾਲਾ ਵਿਚ ਹੈ। ਚਰਨਜੀਤ ਸਿੰਘ ਜਿਊਲਰਜ਼ ਨਾਂ ਦੀ ਦੁਕਾਨ ਹੈ।

ਉਨ੍ਹਾਂ ਕਿਹਾ ਕਿ 2 ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। ਉਨ੍ਹਾਂ ਦੱਸਿਆ ਕਿ 90 ਲੱਖ ਰੁਪਏ ਦੇ ਕਰੀਬ ਚਾਂਦੀ ਅਤੇ ਸੋਨਾ ਤੇ 8 ਲੱਖ ਕੈਸ਼ ਲੈ ਕੇ ਚੋਰ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਵਿਚ 2 ਵਿਅਕਤੀ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪੁੱਜੇ ਹਨ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਖੰਡ ਵਾਲਾ ਇਲਾਕੇ ਵਿਚ ਚਰਨਜੀਤ ਸਿੰਘ ਜਿਊਲਰਜ਼ ਨਾਂ ਦੀ ਦੁਕਾਨ ਉੱਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨਦਾਰ ਮੁਤਾਬਕ ਕਰੋੜ ਰੁਪਏ ਦੇ ਕਰੀਬ ਚੋਰੀ ਦੱਸੀ ਜਾ ਰਹੀ ਹੈ। ਅਸੀਂ ਜਾਂਚ ਕਰ ਰਹੇ ਹਾਂ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।