ਰਾਜਸਥਾਨ : ਘੜੇ ‘ਚੋਂ ਪਾਣੀ ਪੀਣ ‘ਤੇ ਮਾਸਟਰ ਨੇ ਕੁੱਟ-ਕੁੱਟ ਮਾਰ ਸੁੱਟਿਆ ਦਲਿਤ ਵਿਦਿਆਰਥੀ, ਇਲਾਕੇ ‘ਚ ਤਣਾਅ ਵਧਿਆ

0
5834

ਰਾਜਸਥਾਨ। ਜਲੌਰ ਜ਼ਿਲੇ ‘ਚ ਅਧਿਆਪਕ ਨੇ ਇੱਕ ਦਲਿਤ ਵਿਦਿਆਰਥੀ ਨੂੰ ਸਿਰਫ ਇਸ ਲਈ ਕੁੱਟ-ਕੁੱਟ ਮਾਰ ਦਿੱਤਾ ਕਿਉਂਕਿ ਉਸ ਨੇ ਸਕੂਲ ਵਿਚ ਰੱਖੇ ਘੜੇ ਵਿੱਚੋਂ ਪਾਣੀ ਪੀਤਾ ਸੀ। ਘਟਨਾ ਜ਼ਿਲ੍ਹੇ ਦੇ ਸੈਲਾ ਥਾਣਾ ਖੇਤਰ ਦੇ ਪਿੰਡ ਸੁਰਾਣਾ ਦੇ ਇੱਕ ਨਿੱਜੀ ਸਕੂਲ ਦੀ ਹੈ, ਜਿੱਥੇ ਅਧਿਆਪਕ ਵੱਲੋਂ ਦਲਿਤ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਕੁੱਟਮਾਰ ਕਾਰਨ ਵਿਦਿਆਰਥੀ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ। ਅਜਿਹੇ ‘ਚ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਪਹਿਲਾਂ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ, ਫਿਰ ਉਸ ਨੂੰ ਅਹਿਮਦਾਬਾਦ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਸੁਰਾਣਾ ਪਿੰਡ ਦੇ ਸਰਸਵਤੀ ਵਿਦਿਆ ਮੰਦਰ ਵਿੱਚ ਤੀਜੀ ਕਲਾਸ ਦੇ ਵਿਦਿਆਰਥੀ ਇੰਦਰ ਕੁਮਾਰ ਵਜੋਂ ਹੋਈ ਹੈ। ਇਸ ਪੂਰੇ ਮਾਮਲੇ ‘ਚ ਮ੍ਰਿਤਕ ਵਿਦਿਆਰਥੀ ਦੇ ਚਾਚਾ ਕਿਸ਼ੋਰ ਕੁਮਾਰ ਨੇ ਥਾਣਾ ਸਿਆਲਾ ‘ਚ ਸਕੂਲ ਦੇ ਸੰਚਾਲਕ ਛੈਲ ਸਿੰਘ ਖਿਲਾਫ ਕੁੱਟਮਾਰ ਕਰਨ, ਜਾਤੀਸੂਚਕ ਸ਼ਬਦ ਵਰਤਣ, ਜ਼ਲੀਲ ਕਰਨ ਅਤੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰਵਾਇਆ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ 20 ਜੁਲਾਈ ਨੂੰ ਇੰਦਰ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ ਸੀ, ਜਿੱਥੇ ਉਸ ਨੇ ਪਿਆਸ ਲੱਗਣ ‘ਤੇ ਸਕੂਲ ‘ਚ ਰੱਖੇ ਪਾਣੀ ਦੇ ਘੜੇ ‘ਚੋਂ ਪਾਣੀ ਪੀਤਾ। ਪਰ ਉਹ ਘੜਾ ਅਧਿਆਪਕ ਛੈਲ ਸਿੰਘ ਲਈ ਵੱਖਰਾ ਰੱਖਿਆ ਗਿਆ ਸੀ। ਇਸ ਸਬੰਧੀ ਸੂਚਨਾ ਮਿਲਣ ‘ਤੇ ਅਧਿਆਪਕ ਨੇ ਬੱਚੇ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਜ਼ਲੀਲ ਕੀਤਾ ਅਤੇ ਬੱਚੇ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਸੱਜੇ ਕੰਨ ਅਤੇ ਅੱਖ ‘ਚ ਅੰਦਰੂਨੀ ਸੱਟਾਂ ਲੱਗੀਆਂ। ਵਿਦਿਆਰਥੀ ਨੇ ਘਟਨਾ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਦਾ ਲਗਾਤਾਰ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਸੀ ਪਰ 13 ਅਗਸਤ ਨੂੰ ਇਲਾਜ ਦੌਰਾਨ ਇੰਦਰ ਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ‘ਚ ਐੱਸਸੀ-ਐੱਸਟੀ ਐਕਟ ਸਮੇਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪ੍ਰਾਈਵੇਟ ਸਕੂਲ ਦੇ ਸੰਚਾਲਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਇੱਥੇ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਵਧ ਗਿਆ ਹੈ, ਜਿਸ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਵਿੱਚ ਇੰਟਰਨੈੱਟ ਸੇਵਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ।

ਇਸ ਮਾਮਲੇ ਦੀ ਜਾਂਚ ਲਈ ਮੁੱਖ ਬਲਾਕ ਸਿੱਖਿਆ ਅਫ਼ਸਰ ਵੱਲੋਂ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਵੱਲੋਂ ਜਾਰੀ ਨੋਟਿਸ ‘ਚ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਪੰਚਾਇਤ ਐਲੀਮੈਂਟਰੀ ਸਿੱਖਿਆ ਅਧਿਕਾਰੀ ਅਸ਼ੋਕ ਕੁਮਾਰ ਦਵੇ ਅਤੇ ਪ੍ਰਤਾਪ ਰਾਮ ਨੂੰ ਸੌਂਪੀ ਗਈ ਹੈ। ਸਿੱਖਿਆ ਵਿਭਾਗ ਤੋਂ ਤੱਥਾਂ ਦੀ ਰਿਪੋਰਟ ਵੀ ਮੰਗੀ ਗਈ ਹੈ।