ਬੂਥਗੜ੍ਹ ਤੋਂ ਆਏ ਪਹਿਲੇ ਮਰੀਜ਼ ਜਤਿੰਦਰ ਕੁਮਾਰ ਨੇ ਕੋਰੋਨਾ ’ਤੇ ਪਾਈ ਫ਼ਤਿਹ

0
2135

ਨਵਾਂਸ਼ਹਿਰ . ਬੀਤੀ 25 ਅਪਰੈਲ ਨੂੰ ਕੋੋਰੋਨਾ ਵਾਇਰਸ ਟੈਸਟ ਦੇ ਪਾਜ਼ਿਟਿਵ ਪਾਏ ਜਾਣ ਬਾਅਦ ਬਲਾਚੌਰ ਦੇ ਬੂਥਗੜ੍ਹ ਤੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਲਿਆਂਦੇ ਗਏ ਮਰੀਜ਼ ਜਤਿੰਦਰ ਕੁਮਾਰ ਨੂੰ ਅੱਜ ਕੋਰੋਨਾ ’ਤੇ ਫ਼ਤਿਹ ਪਾਉਣ ਬਾਅਦ ਘਰ ਭੇਜ ਦਿੱਤਾ ਗਿਆ।
ਜਤਿੰਦਰ ਕੁਮਾਰ ਨੇ ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਸਿਹਤਯਾਬ ਰੱਖਣ ਲਈ ਕੀਤੀ ਗਈ ਤੀਮਾਰਦਾਰੀ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਮੈਡੀਕਲ ਅਫ਼ਸਰ ਡਾ. ਸਤਿੰਦਰਪਾਲ ਸਿੰਘ ਵੱਲੋਂ ਇਸ ਮੌਕੇ ਜਤਿੰਦਰ ਨੂੰ ਘਰ ’ਚ 14 ਦਿਨ ਦੀ ਅਲਹਿਦਗੀ ਰੱਖਣ ਅਤੇ ਆਪਣੇ ਆਪ ਨੂੰ ਪੂਰੀਆਂ ਸਾਵਧਾਨੀਆਂ ’ਚ ਰੱਖਣ ਦੀ ਤਾਕੀਦ ਕੀਤੀ ਗਈ।
ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਅੱਜ ‘ਕੌਮਾਂਤਰੀ ਨਰਸਿਜ਼ ਦਿਵਸ’ ਦੇ ਮੁਬਾਰਕ ਦਿਹਾੜੇ ’ਤੇ ਜਤਿੰਦਰ ਕੁਮਾਰ ਦੇ ਸਿਹਤਯਾਬ ਹੋ ਕੇ ਘਰ ਜਾਣ ਦਾ ਸਿਹਰਾ ਆਈਸੋਲੇਸ਼ਨ ਵਾਰਡ ’ਚ ਸੇਵਾ ਨਿਭਾਅ ਰਹੇ ਨਰਸਿੰਗ ਸਟਾਫ਼ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਜਤਿੰਦਰ ਦੇ ਦੋ ਸਾਥੀ ਤੇ ਉਸ ਦੀ ਮਾਤਾ ਬੂਥਗੜ੍ਹ ਨਾਲ ਸਬੰਧਤ ਕੋਵਿਡ ਮਰੀਜ਼ਾਂ ’ਚੋਂ ਇੱਥੇ ਰਹਿ ਗਏ ਹਨ, ਜਿਨ੍ਹਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ’ਤੇ ਟੈਸਟ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਤਿੰਦਰ ਦੇ ਸਿਹਤਯਾਬ ਹੋਣ ਬਾਅਦ ਆਈਸੋਲੇਸ਼ਨ ਨਵਾਂਸ਼ਹਿਰ ’ਚ 68 ਮਰੀਜ਼ ਰਹਿ ਗਏ ਹਨ ਜਦਕਿ 16 ਮਰੀਜ਼ ਆਈਸੋਲੇਸ਼ਨ ਢਾਹਾਂ ਕਲੇਰਾਂ ’ਚ ਹਨ।
ਡਾ. ਹਰਵਿੰਦਰ ਅਨੁਸਾਰ ਨਵਾਂਸ਼ਹਿਰ ਆਈਸੋਲੇਸ਼ਨ ’ਚ ਮੌਜੂਦ 68 ਮਰੀਜ਼ ਬਿਲਕੁਲ ਠੀਕ ਹਨ ਅਤੇ ਹਾਲੇ ਤੱਕ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ। ਉਨ੍ਹਾਂ ਨੂੰ ਰੋਜ਼ਾਨਾ ਪੌਸ਼ਟਿਕ ਖੁਰਾਕ ਦੇਣ ਤੋਂ ਇਲਾਵਾ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਬਿਮਾਰੀ ’ਤੇ ਹੌਂਸਲੇ ਨਾਲ ਕਾਬੂ ਪਾ ਸਕਣ।
ਇਸ ਮੌਕੇ ਜ਼ਿਲ੍ਹਾ ਹਸਪਤਾਲ ਦਾ ਸਟਾਫ਼ ਵੀ ਮੌਜੂਦ ਸੀ।