ਇਕ ਦਰਵੇਸ਼ ਨੂੰ ਚੇਤੇ ਕਰਦਿਆਂ

0
4428

-ਤ੍ਰੈਲੋਚਨ ਲੋਚੀ

ਤਾਂ ਹੀ ਤਾਂ ਉਥੇ ਉਯਿਆਰਾ ਰਹਿੰਦਾ ਏ।
ਉਥੇ ਕੋਈ ਸਖ਼ਸ ਪਿਆਰਾ ਰਹਿੰਦੇ ਏ।
ਉਜਲੇ ਬੋਲ ਜੋ ਬੋਲੇ ਲਗਦੈ, ਉਸ ਅੰਦਰ,
ਜਾਂ ਜੁਗਨੂੰ ਜਾਂ ਕੋਈ ਤਾਰਾ ਰਹਿੰਦਾ ਏ।
ਅੱਜ ਸੰਤ ਸਤਨਾਮ ਸਿੰਘ ਹੁਰਾਂ ਨੂੰ ਯਾਦ ਕਰਦਿਆਂ ਮੇਰੇ ਆਪਣੇ ਦੋ ਸ਼ਿਅਰ ਹੀ
ਮੇਰੇ ਜ਼ਿਹਨ ਵਿਚ ਘੁੰਮ ਰਹੇ ਹਨ। ਸੱਚਮੁੱਚ ਉਹ ਬਹੁਤ ਹੀ ਪਿਆਰੇ ਤੇ
ਨਫ਼ੀਸ ਇਨਸਾਨ ਸਨ। ਉਹਨਾਂ ਦੇ ਡੇਰੇ ਜਾਣ ਦਾ ਦੋ ਤਿੰਨ ਬਾਰ ਸਬੱਬ ਬਣਿਆ।
ਇਕ ਵੇਰਾਂ ਕਹਾਣੀਕਾਰ ਦੇਸ ਰਾਜ ਕਾਲੀ ਹੁਰਾਂ ਦਾ ਫ਼ੋਨ ਆਇਆ ਕਿ
ਸੰਤਾਂ ਦੇ ਡੇਰੇ ਕਵੀ ਦਰਬਾਰ ਕਰ ਰਹੇ ਹਾਂ। ਸੰਤ ਜੀ ਤੈਨੂੰ ਯਾਦ ਕਰ ਰਹੇ ਹਨ ਤੇ
ਏਸ ਤਰੀਕ ਜ਼ਰੂਰ ਪਹੁੰਚ ਜਾਣਾ। ਕਵੀਆਂ ਦੀ Îਉਹ ਬਹੁਤ ਹੀ ਸ਼ਾਨਦਾਰ
ਮਹਿਫ਼ਿਲ ਸੀ। ਸੰਤ ਜੀ ਹਰ ਕਵੀ ਦੇ Îਇਕ-ਇਕ ਸ਼ਬਦ ਨੂੰ ਬਹੁਤ ਹੀ ਗਹੁ ਨਾਲ
ਸੁਣ ਰਹੇ ਸਨ। ਅੱਖਾਂ ਬੰਦ ਕਰਕੇ, ਪੂਰੇ ਅੰਤਰ ਧਿਆਨ ਹੋ ਕੇ ਜਿਵੇ ਕੋਈ
ਫ਼ਕੀਰ ਇਬਾਦਤ ਕਰ ਰਿਹਾ ਹੋਵੇ।
ਉਸ ਮਹਿਫ਼ਿਲ ਤੋਂ ਬਾਅਦ ਉਹਨਾਂ ਨੇ ਮੇਰੀ ਗ਼ਜ਼ਲ ਦੇ ਦੋ ਸ਼ਿਅਰਾਂ ਨੂੰ ਬਾਰ-ਬਾਰ 
ਸੁਣਿਆ ਤੇ ਮੈਨੂੰ ਆਪਣੀ ਗਲਵੱਕੜੀ ਵਿਚ ਭਰ ਲਿਆ। ਅੱਜ ਵੀ ਉਹਨਾਂ ਦੀ
ਉਹ ਗਲਵੱਕੜੀ ਦਾ ਨਿੱਘ ਮੈਨੂੰ ਆਪਣੇ ਨਾਲ-ਨਾਲ ਮਹਿਸੂਸ ਹੁੰਦਾ ਹੈ। ਮੈਂ
ਸਮਝਦਾਂ ਕਿ ਉਹਨਾਂ ਦੇ ਡੇਰੇ ਜਾਣਾ ਜਾਂ ਉਹਨਾਂ ਨੂੰ ਮਿਲਣਾ ਕਿਸੇ ਜ਼ਿਆਰਤ ਕਰਨ
ਦੇ ਵਾਂਗ ਸੀ। ਜਦ ਉਹ ਖੁੱਲ ਕੇ ਬੋਲਦੇ ਜਾਂ ਕੋਈ ਮਿੱਠਾ ਸੁਰ ਲਾਉਦ ਤਾਂ
ਇੰਝ ਮਹਿਸੂਸ ਹੁੰਦਾ ਕਿ ਜਿਵੇਂ ਖੰਡ ਮਿਸ਼ਰੀ ਵੀ ਉਹਨਾਂ ਦੇ ਬੋਲਾਂ ਮੂਹਰੇ
ਫਿੱਕੀਆਂ ਹੋ ਗਈਆਂ ਹੋਣ। ਉਹਨਾਂ ਦੇ ਨੂਰਾਨੀ ਚਿਹਰੇ ਨੂੰ ਦੇਖਕੇ
ਇੰਜ ਲੱਗਦਾ ਕਿ ਜਿਵੇ ਉਹਨਾਂ ਦੇ ਹਜ਼ਾਰਾਂ ਚੰਨ ਸਿਤਾਰਿਆਂ ਦਾ ਵਾਸ
ਹੋਵੇ। ਸਿਆਣਿਆਂ ਦਾ ਕਥਨ ਹੈ ਕਿ ਅਸਲ ਵਿਚ ਉਹੀ ਮਨੁੱਖ ਵੱਡਾ ਹੁੰਦੈ
ਜੋ ਆਪਣੇ ਕੋਲ ਬੈਠੇ ਨਿੱਕਿਆਂ ਨੂੰ ਵੀ ਨਿੱਕਾ ਮਹਿਸੂਸ ਨਾ ਹੋਣ ਦੇਵੇ ਤੇ
ਸੰਤ ਜੀ ਇਕ ਅਜਿਹੀ ਸ਼ਖ਼ਸੀਅਤ ਸਨ ਕਿ ਉਹ ਸਭ ਨੂੰ ਇੱਕੋਂ ਜਿੰਨੀ
ਮਹੁੱਬਤ ਵੰਡਦੇ ਸਨ। ਉਹਨਾਂ ਲਈ ਨਾ ਕੋਈ ਨਿੱਕਾ ਸੀ ਤੇ ਨਾ ਕੋਈ
ਵੱਡਾ। ਉਹ ਅਜਿਹੇ ਦਰਵੇਸ਼ ਇਨਸਾਨ ਸਨ ਜੋ ਕਿ ਪਹਿਲੀ ਮਿਲਣੀ ਵਿਚ ਹੀ
ਕਿਸੇ ਨੂੰ ਆਪਣਾ ਬਣਾਉਣਾ ਦੀ ਤਾਕਤ ਰੱਖਦੇ ਸਨ। ਸੱਚੀਉਂ ਅਜਿਹੀਆਂ
ਰੱਬੀ ਰੂਹਾਂ ਧਰਤੀ ‘ਤੇ ਕਦੇ-ਕਦੇ ਹੀ ਪ੍ਰਗਟ ਹੁੰਦੀਆਂ ਨੇ। ਅੱਜ ਦੇ
ਸਮਿਆਂ ਵਿਚ ਜਦੋਂ ਕੁਝ ਲੋਕ ਨਿੱਕੀ ਜਿਹੀ ਪ੍ਰਾਪਤੀ ‘ਤੇ ਹੀ ਹਾਉਮੈਂ
ਦਾ ਟੋਕਰਾ ਸਿਰਾਂ ‘ਤੇ ਚੁੱਕ ਲੈਂਦੇ ਨੇ ਪਰ ਸੰਤਾਂ ਨੂੰ ਮਿਲਕੇ ਇੰਜ ਲੱਗਦਾ
ਸੀ ਜਿਵੇਂ ਤਪਦੇ ਮਾਰੂਥਲ ‘ਚ ਠੰਡੀ ਹਵਾ ਦਾ ਬੁੱਲਾ ਤੁਹਾਡੇ ਅੰਦਰ ਲਹਿ
ਜਾਵੇ। ਉਹ ਸੰਗੀਤ ਦੇ ਧਨੀ ਸਨ, ਸੁਰਾਂ ਤੇ ਸ਼ਬਦਾਂ ਦਾ ਖਜ਼ਾਨਾ ਸੀ ਉਹਨਾਂ ਕੋਲ
ਪਰ ਉਹਨਾਂ ਨੇ ਆਪਣੀ ਕਲਾ ਪ੍ਰਤਿਭਾ ‘ਤੇ ਕਦੇ ਮਾਣ ਨਹੀਂ ਸੀ ਕੀਤਾ। ਉਹ
ਹਮੇਸ਼ਾ ਇਕ ਸਧਾਰਨ ਮਨੁੱਖ ਵਾਂਗ ਵਿਚਰੇ। ਮੈਂ ਸਮਝਦਾਂ ਕਿ ਇਸਦਾ ਮੁੱਖ
ਕਾਰਨ ਇਹ ਸੀ ਕਿ ਉਹ ਆਪਣੀ ਮਿੱਟੀ ਤੇ ਆਪਣੀਆਂ ਜੜ੍ਹਾਂ ਨਾਲ
ਡੂੰਘੇ ਜੁੜੇ ਹੋਏ ਸਨ। ਦੁਨੀਆਂ ਦੇ ਵਿੰਗ ਵਲੇਵਿਆਂ ਤੇ ਛਲ ਕਪਟ ਤੋਂ ਦੂਰ
ਉਸ ਦਰਵੇਸ਼ ਦੀ ਆਪਣੀ ਹੀ ਦੁਨੀਆਂ ਤੇ ਆਪਣਾ ਇਕ ਵੱਖਰਾ ਜਹਾਨ ਸੀ।
ਜਿੱਥੇ ਬਸ ਤੇ ਬਸ ਸੁਰਾਂ ਤੇ ਸ਼ਬਦਾਂ ਦੀ ਇਬਾਦਤ ਹੁੰਦੀ ਸੀ। ਉਹਨਾਂ ਨੂੰ ਮਿਲ ਕੇ

ਇਹ ਮਹਿਸੂਸ ਹੁੰਦਾ ਸੀ ਕਿ ਅੱਜ ਦੇ ਇਸ ਤੇਜ਼ ਤਰਾਰ ਦੌਰ ਵਿਚ ਕੋਈ
ਇਨਸਾਨ ਏਨਾ ਨਿਮਰ ਤੇ ਏਨਾ ਮੁਹੱਬਤੀ ਵੀ ਹੋ ਸਕਦੈ? ਮੇਰੇ ਲਈ ਇਹ
ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਤੇ ਧਰਤੀ ‘ਤੇ ਚਮਤਕਾਰ ਕਦੇ-ਕਦੇ
ਹੀ ਵਾਪਰਦੇ ਨੇ। ਅੱਜ ਸੰਤ ਜੀ ਭਾਵੇਂ ਸਾਡੇ ਵਿਚ ਨਹੀਂ ਪਰ ਉਹ ਆਪਣੀ
ਮੁਹੱਬਤ, ਸੁੱਚੱ ਸ਼ਬਦਾਂ ਤੇ ਮਿੱਠੀਆਂ-ਮਿੱਠੀਆਂ ਸੁਰਾਂ ਨਾਲ ਹਮੇਸ਼ਾ
ਸਾਡੀਆਂ ਸਿਮਰਤੀਆਂ ਵਿਚ ਵਸੇ ਰਹਿਣਗੇ।