ਪੰਜਾਬ ‘ਚ ਵੀਆਈਪੀਜ਼ ਦੀ ਸੁਰੱਖਿਆ ਕਰਨਗੇ ਨੌਜਵਾਨ ਪੁਲਿਸ ਕਰਮਚਾਰੀ

0
410

ਚੰਡੀਗੜ੍ਹ | ਨਕੋਦਰ ਵਿਚ ਕੱਪੜਾ ਵਪਾਰੀ ਦੀ ਹੱਤਿਆ ਤੇ ਇਸ ਮਾਮਲੇ ਵਿਚ ਜ਼ਖਮੀ ਹੋਏ ਸੁਰੱਖਿਆਕਰਮੀ ਦੀ ਅਗਲੇ ਦਿਨ ਮੌਤ ਹੋ ਜਾਣ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਹੁਣ ਵੀਆਈਪੀ ਸੁਰੱਖਿਆ ਵਿਚ ਲੱਗੇ ਕਰਮਚਾਰੀਆਂ ਨੂੰ ਹਰ 6 ਮਹੀਨੇ ਵਿਚ ਵਿਸ਼ੇਸ਼ ਟਰੇਨਿੰਗ ਦੇਣ ਦੀ ਯੋਜਨਾ ਤਿਆਰ ਕੀਤੀ ਹੈ, ਇਸ ਦੇ ਨਾਲ ਹੀ ਫੈਸਲਾ ਕੀਤਾ ਹੈ ਕਿ ਸੁਰੱਖਿਆ ਦੀ ਜ਼ਿੰਮੇਵਾਰੀ ਨੌਜਵਾਨ ਕਰਮਚਾਰੀਆਂ ਨੂੰ ਹੀ ਦਿੱਤੀ ਜਾਵੇਗੀ।

ਪੁਲਿਸ ਅਧਿਕਾਰੀਆਂ ਅਨੁਸਾਰ ਸੁਰੱਖਿਆ ਦਾ ਜ਼ਿੰਮਾ ਹੁਣ 2010 ਤੋਂ ਬਾਅਦ ਭਰਤੀ ਹੋਏ ਪੁਲਿਸ ਦੇ ਜਵਾਨਾਂ ਨੂੰ ਸੌਂਪਿਆ ਜਾਵੇਗਾ। ਪੰਜਾਬ ਪੁਲਿਸ ਵਿਚ ਹੁਣ ਕਰਮਚਾਰੀਆਂ ਦੀ ਫਿਟਨੈੱਸ ਤੇ ਸਰੀਰਕ ਸਮਰੱਥਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਸੁਰੱਖਿਆ ਵਿਚ ਤਾਇਨਾਤ ਹਰ ਸੁਰੱਖਿਆ ਕਰਮਚਾਰੀ ਨੂੰ ਕਮਾਂਡੋ ਵਰਗੀ ਸਪੈਸ਼ਲ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮੁਸ਼ਕਿਲ ਹਾਲਾਤ ਤੋਂ ਨਜਿੱਠਣ ਲਈ ਤਿਆਰ ਕੀਤਾ ਜਾਵੇਗਾ। ਸੂਬੇ ਵਿਚ ਕੁਝ ਦਿਨ ਪਹਿਲਾਂ ਨਕੋਦਰ ਦੇ ਕੱਪੜਾ ਵਪਾਰੀ ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਦੀ ਹੱਤਿਆ, ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਪੁਲਿਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਆਈਪੀ ਸੁਰੱਖਿਆ ਤੇ ਹਥਿਆਰਾਂ ਦਾ ਰੀਵਿਊ ਵੀ ਹਰ 3 ਮਹੀਨੇ ਵਿਚ ਕੀਤਾ ਜਾਵੇਗਾ। VIP ਸੁਰੱਖਿਆ ਹਾਸਲ ਕਰਨ ਵਾਲੇ ਕਈ ਲੋਕਾਂ ਨੇ ਮੁੱਦਾ ਚੁੱਕਿਆ ਸੀ ਕਿ ਉਨ੍ਹਾਂ ਦੀ ਸੁਰੱਖਿਆ ਲਈ ਜੋ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਉਹ ਉਨ੍ਹਾਂ ਦੀ ਸੁਰੱਖਿਆ ਕਰਨ ਵਿਚ ਸਮਰੱਥ ਨਹੀਂ ਹਨ। ਸਾਰੇ ਜ਼ਿਲਿਆਂ ਵਿਚ ਨੌਜਵਾਨ ਪੁਲਿਸ ਕਰਮਚਾਰੀਆਂ ਦੀ ਨਿਯੁਕਤੀ ਕਰਕੇ ਉਨ੍ਹਾਂ ਦਾ ਫਿਟਨੈਸ ਟੈਸਟ ਲਿਆ ਜਾਵੇਗਾ।