ਚੰਡੀਗੜ੍ਹ, 7 ਜਨਵਰੀ। ਮੌਸਮ ਵਿਭਾਗ ਨੇ ਉੱਤਰ-ਪੱਛਮੀ, ਮੱਧ ਅਤੇ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਗੜੇਮਾਰੀ ਅਤੇ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦੇ ਅਨੁਸਾਰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਆਦਿ ਰਾਜਾਂ ਵਿਚ ਅਗਲੇ 2 ਤੋਂ 3 ਦਿਨਾਂ ਤੱਕ ਠੰਢੇ ਦਿਨ ਤੋਂ ਲੈ ਕੇ ਗੰਭੀਰ ਠੰਡੇ ਦਿਨ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੀ ਇਨ੍ਹਾਂ ਰਾਜਾਂ ਵਿੱਚ ਹੌਲੀ-ਹੌਲੀ ਰਾਹਤ ਮਿਲਣ ਦੀ ਉਮੀਦ ਹੈ। ਇਸ ਕਾਰਨ ਇਨ੍ਹਾਂ ਰਾਜਾਂ ਵਿੱਚ 8-9 ਜਨਵਰੀ ਤੱਕ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਇਨ੍ਹਾਂ ਸੂਬਿਆਂ ਵਿਚ 11 ਜਨਵਰੀ ਤੋਂ ਬਾਅਦ ਰਾਹਤ ਮਿਲਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਠੰਢ ਦਿਨ ਤੋਂ ‘ਗੰਭੀਰ’ ਠੰਡੇ ਦਿਨ ਦੇ ਹਾਲਾਤ ਬਣੇ ਰਹਿਣਗੇ।
ਇਸ ਤੋਂ ਬਾਅਦ ਇਹ ਸਥਿਤੀਆਂ ਕਾਫੀ ਘੱਟ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ IMD ਦਾ ਅਨੁਮਾਨ ਹੈ ਕਿ ਅਗਲੇ ਦੋ ਦਿਨਾਂ ਤੱਕ ਉੱਤਰ-ਪੱਛਮੀ ਭਾਰਤ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ ਤੇ ਬਾਰਸ਼ ਵੀ ਹੋਵੇਗੀ।
ਜਦੋਂ ਕਿ ਪੱਛਮੀ ਗੜਬੜੀ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਰਾਜਾਂ ਨੂੰ ਪ੍ਰਭਾਵਿਤ ਕਰੇਗੀ। ਇਸ ਕਾਰਨ 8 ਤੋਂ 10 ਜਨਵਰੀ ਤੱਕ ਗਰਜ ਅਤੇ ਗੜੇਮਾਰੀ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਈਐਮਡੀ ਅਨੁਸਾਰ ਪੰਜਾਬ, ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਚ ਹੱਡ ਚੀਰਵੀਂ ਠੰਢ ਪੈਣ ਕਰ ਕੇ ਜਨਜੀਵਨ ’ਤੇ ਕਾਫੀ ਅਸਰ ਪੈ ਰਿਹਾ ਹੈ। ਠੰਢ ਕਰ ਕੇ ਸੂਬੇ ਦੇ ਬਾਜ਼ਾਰ ਖਾਲੀ ਪਏ ਹਨ। ਸੂਬਾ ਸਰਕਾਰ ਨੇ ਠੰਢ ਵਧਣ ਕਰ ਕੇ ਲੰਘੇ ਦਿਨ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਸਨ।