ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਿਸ਼ੇਸ਼ : ਜਿਸ ਦੇਸ਼ ਦੀ ਨਾਰੀ ਰੋਂਦੀ ਹੈ…

0
4507

ਕਿਸੇ ਲੇਖਕ ਨੇ ਬਹੁਤ ਸਹੀ ਕਿਹਾ ਹੈ ”ਜਿਸ ਘਰ ਮੇਂ ਨਾਰੀ ਰੋਤੀ ਹੈ, ਉਸ ਘਰ ਕੀ ਕਿਸਮਤ ਸੋਤੀ ਹੈ?” ਜੇਕਰ ਇਕ ਘਰ ‘ਚ ਨਾਰੀ ਦੇ ਰੋਣ ਨਾਲ ਉਸ ਘਰ ਨੂੰ ਬਦਕਿਸਮਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜਿਸ ਮੁਲਕ ਵਿਚ ਅਣਗਿਣਤ ਨਾਰੀਆਂ ਰੋਂਦੀਆਂ ਹੋਣ, ਜ਼ੁਲਮੋ-ਸਿਤਮ ਦਾ ਸ਼ਿਕਾਰ ਬਣ ਰਹੀਆਂ ਹੋਣ ਤਾਂ ਉਸ ਦੇਸ਼ ਦੀ ਹੋਣੀ ਕੀ ਹੋਵੇਗੀ? ਔਰਤਾਂ ਦੀਆਂ ਬਦਦੁਆਵਾਂ ਸਹਿ ਕੇ ਕਿਵੇਂ ਕੋਈ ਦੇਸ਼ ਤਰੱਕੀ ਕਰ ਸਕਦਾ ਹੈ? ਅਜੋਕੇ ਯੁੱਗ ਵਿਚ ਮਹਿਲਾ ਸਸ਼ਕਤੀਕਰਨ ‘ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਹਰ ਮੰਚ ‘ਤੇ ਮਹਿਲਾ ਸਸ਼ਕਤੀਕਰਨ ਦੀ ਗੱਲ ਸਿਰਫ਼ ਔਰਤਾਂ ਦੁਆਰਾ ਹੀ ਨਹੀਂ ਸਗੋਂ ਮਰਦਾਂ, ਵੱਖ-ਵੱਖ ਸੰਗਠਨਾਂ ਤੇ ਸਵੈ-ਸੇਵੀ ਸੰਸਥਾਵਾਂ, ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਹੈ। ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਔਰਤ ਦੇ ਮਾਣ-ਸਨਮਾਨ ਨੂੰ ਵਧਾਉਣ ਅਤੇ ਉਸ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਕੀਤੀ ਜਾਂਦੀ ਹੈ। ਭਾਵੇਂ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ‘ਤੇ ਔਰਤਾਂ ਦੀ ਤਰੱਕੀ ਲਈ ਕਾਫ਼ੀ ਹੀਲੇ-ਵਸੀਲੇ ਕੀਤੇ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਭ ਦੇ ਬਾਵਜੂਦ ਔਰਤਾਂ ‘ਤੇ ਵਧੀਕੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਨੂੰ ਅਨਿਆਂ ਤੋਂ ਬਚਾਉਣ ਲਈ ਕਾਨੂੰਨ ਵੀ ਸੋਧ ਕੇ ਕਾਫ਼ੀ ਸਖ਼ਤ ਬਣਾਏ ਜਾ ਚੁੱਕੇ ਹਨ, ਫਿਰ ਵੀ ਉਨ੍ਹਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਅਜਿਹਾ ਸਮਾਜਿਕ ਗਿਰਾਵਟ ਕਾਰਨ ਵਾਪਰ ਰਿਹਾ ਹੈ। ਕਾਨੂੰਨ ਸਹੀ ਤਰੀਕੇ ਨਾਲ ਲਾਗੂ ਨਾ ਕਰਨ ‘ਤੇ ਵੀ ਦਰਿੰਦਿਆਂ ਦਾ ਹੌਸਲਾ ਵੱਧਦਾ ਹੈ। ਇਸੇ ਕਾਰਨ ਉਹ ਔਰਤਾਂ ‘ਤੇ ਕਹਿਰ ਢਾਹੁੰਦੇ ਰਹਿੰਦੇ ਹਨ।

ਇਕ ਚੰਗੀ ਗੱਲ ਇਹ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਕੁੜੀਆਂ ਤੇ ਔਰਤਾਂ ਪ੍ਰਤੀ ਆਮ ਲੋਕਾਂ ਦੀ ਸੋਚ ਵਿਚ ਹਾਂ-ਪੱਖੀ ਤਬਦੀਲੀ ਆ ਰਹੀ ਹੈ। ਕੁੜੀ ਜੰਮਣ ‘ਤੇ ਮਾਪੇ ਖ਼ੁਸ਼ੀ ਮਨਾਉਂਦੇ ਹਨ। ਹੁਣ ਤਾਂ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ। ਮਾਪੇ ਬੇਟੀ ਤੇ ਬੇਟੇ ਵਿਚ ਕੋਈ ਅੰਤਰ ਨਾ ਰੱਖ ਕੇ ਉਨ੍ਹਾਂ ਦਾ ਇੱਕੋ ਜਿਹਾ ਪਾਲਣ-ਪੋਸ਼ਣ ਕਰਦੇ ਹਨ। ਕੁੜੀਆਂ ਤੇ ਮਹਿਲਾਵਾਂ ਨੂੰ ਪੜ੍ਹਨ, ਨੌਕਰੀ ਕਰਨ, ਸਮਾਜ ਵਿਚ ਖੁੱਲ੍ਹ ਕੇ ਵਿਚਰਨ, ਆਪਣੇ ਵਿਚਾਰ ਸਾਂਝੇ ਕਰਨ ਦਾ ਖੁੱਲ੍ਹਾ ਮੌਕਾ ਮਿਲਣ ਲੱਗਾ ਹੈ। ਦੇਖਿਆ ਜਾਵੇ ਤਾਂ ਔਰਤ ਸ਼ਕਤੀ ਦਾ ਦੂਜਾ ਨਾਂ ਹੈ। ਵੈਦਿਕ ਕਾਲ ਤੋਂ ਹੀ ਔਰਤ ਦਾ ਦਰਜਾ ਬਹੁਤ ਉੱਚਾ ਰਿਹਾ ਹੈ ਪਰ ਮੁਗ਼ਲਾਂ ਦੇ ਸਮੇਂ ਔਰਤ ਦੀ ਕਦਰ ਘੱਟ ਕੇ ਨਿਮਨ ਦਰਜੇ ਦੀ ਰਹਿ ਗਈ ਸੀ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਔਰਤ ਦੇ ਮਾਣ-ਸਨਮਾਨ ਲਈ ਕਹੇ ਸ਼ਬਦਾਂ ਨੇ ਔਰਤਾਂ ਦੀ ਕਦਰ ਸਮਾਜ ਵਿਚ ਵਧਾਉਣੀ ਸ਼ੁਰੂ ਕਰ ਦਿੱਤੀ।

”ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ, ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।”

ਬਹੁਤ ਹੀ ਸੋਹਣੇ ਸ਼ਬਦਾਂ ਵਿਚ ਔਰਤ ਜਾਤ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਇਸਤਰੀ ਮਰ ਜਾਵੇ ਤਾਂ ਮਨੁੱਖ ਹੋਰ ਇਸਤਰੀ ਦੀ ਭਾਲ ਕਰਦਾ ਹੈ ਅਤੇ ਇਸਤਰੀ ਤੋਂ ਹੀ ਉਸ ਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ ਤੋਂ ਰਾਜੇ ਵੀ ਜਨਮ ਲੈਂਦੇ ਹਨ, ਉਸ ਨੂੰ ਬੁਰਾ ਜਾਂ ਨੀਵਾਂ ਕਹਿਣਾ ਠੀਕ ਨਹੀਂ। ਇਸਤਰੀ ਦਾ ਦਰਜਾ ਸਮੁੱਚੇ ਸੰਸਾਰ ਦੇ ਮਨੁੱਖੀ ਜੀਵਨ ‘ਚ ਬਹੁਤ ਉੱਚਾ ਹੈ। ਬੇਸ਼ੱਕ ਔਰਤ ਦਾ ਦਰਜਾ ਉੱਚਾ ਹੋਇਆ ਹੈ ਪਰ ਅਜੇ ਵੀ ਸਮਾਜ ਵਿਚ ਔਰਤਾਂ ਦੀ ਬੇਕਦਰੀ ਦਾ ਰੁਝਾਨ ਜਾਰੀ ਹੈ। ਰਾਹ ਜਾਂਦੀਆਂ ਔਰਤਾਂ ਨਾਲ ਖੋਹਬਾਜ਼ੀ ਜਾਂ ਖਹਿਬਾਜ਼ੀ ਦੀਆਂ ਵਾਰਦਾਤਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਜਬਰ-ਜਨਾਹ ਦੇ ਮਾਮਲੇ ਆਮ ਵਰਤਾਰਾ ਹਨ। ਅਕਸਰ ਜਨਤਕ ਸਥਾਨਾਂ ਅਤੇ ਦਫ਼ਤਰਾਂ ਆਦਿ ਵਿਖੇ ਔਰਤਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ। ਮੰਚ ‘ਤੇ ਖੜ੍ਹੇ ਹੋ ਕੇ ਮਹਿਲਾ ਸਸ਼ਕਤੀਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਕਈ ਮਰਦ ਅੱਜ ਵੀ ਔਰਤ ਦੀ ਬੇਕਦਰੀ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਅੰਬਰ ਵਿਚ ਉਡਾਰੀਆਂ ਮਾਰਨ ਦੀ ਖ਼ਾਹਿਸ਼ ਰੱਖਣ ਵਾਲੀ ਨਾਰੀ ਦੇ ਖੰਭ ਕੁਤਰਨ ਲਈ ਹਰ ਸੰਭਵ ਯਤਨ ਕਰਦੇ ਹਨ। ਇਹ ਗੱਲ ਮੈਂ ਹਵਾ ਵਿਚ ਨਹੀਂ ਕਹਿ ਰਹੀ। ਇਹ ਮੇਰਾ ਤਜਰਬਾ ਹੈ। ਮੈਂ ਲੈਕਚਰਾਰ ਤੋਂ ਲੈ ਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਕਾਰਜਕਾਲ ਦੌਰਾਨ ਕਈ ਵਾਰ ਅਜਿਹੇ ਹਾਲਾਤ ਨਾਲ ਦੋ-ਚਾਰ ਹੋਈ ਹਾਂ ਜਦੋਂ ਕਈ ਉੱਘੀਆਂ ਪੁਰਸ਼ ਸ਼ਖ਼ਸੀਅਤਾਂ ਨੇ ਮੇਰੇ ਹਿੱਤਾਂ ਨੂੰ ਢਾਹ ਲਾਉਣ ਦਾ ਭਰਪੂਰ ਯਤਨ ਕੀਤਾ। ਭਲਾ ਹੋਵੇ ਉਨ੍ਹਾਂ ਨੇਕ ਇਨਸਾਨਾਂ ਦਾ ਜਿਨ੍ਹਾਂ ਦੀ ਬਦੌਲਤ ਉਕਤ ਵਿਅਕਤੀ ਮੇਰੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪਈ। ਅਜਿਹਾ ਵਰਤਾਰਾ ਮੇਰੇ ਨਾਲ ਹੀ ਨਹੀਂ ਸਗੋਂ ਅਣਗਿਣਤ ਹੋਰ ਔਰਤਾਂ ਨਾਲ ਵੀ ਵਾਪਰਦਾ ਹੋਵੇਗਾ। ਇਸ ਲਈ ਨਾਰੀ ਨੂੰ ਆਪਣੀ ਸ਼ਕਤੀ ਨੂੰ ਪਛਾਣਨਾ ਚਾਹੀਦਾ ਹੈ। ਮਹਿਲਾਵਾਂ ਨੂੰ ਚੁੱਪ ਰਹਿ ਕੇ ਘੁਟ-ਘੁਟ ਕੇ ਜ਼ੁਲਮ ਸਹਿਣ ਨਾਲੋਂ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹ ਆਪਣੀਆਂ ਕਮਜ਼ੋਰੀਆਂ ਅਤੇ ਤਾਕਤਾਂ ਨੂੰ ਪਛਾਣਨ। ਕਮਜ਼ੋਰੀਆਂ ਵਿਚ ਸੁਧਾਰ ਕਰ ਕੇ ਆਪਣੀ ਸ਼ਕਤੀ ਦੀ ਸਹੀ ਵਰਤੋਂ ਕਰ ਕੇ ਕੁਝ ਕਰ ਵਿਖਾਉਣ। ਆਓ! ਸਾਰੇ ਰਲ-ਮਿਲ ਕੇ ਇਸ ਦੁਨੀਆ ਨੂੰ ਔਰਤਾਂ ਦੇ ਰਹਿਣ ਲਈ ਸੁਰੱਖਿਅਤ ਸਥਾਨ ਬਣਾਈਏ। ਔਰਤ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਉਹ ਮਮਤਾ ਦੀ ਮੂਰਤ ਹੈ, ਦਰਿਆਦਿਲ ਹੈ ਪਰ ਮਰਦ ਨੇ ਉਸ ਕਦਰ ਨਹੀਂ ਜਾਣੀ। ਹਰ ਔਰਤ ਦੀ ਆਪਣੀ ਇਕ ਵੱਖਰੀ ਦਾਸਤਾਨ ਹੁੰਦੀ ਹੈ। ਉਸ ਦੀ ਦਰਦ ਕਹਾਣੀ ਵੀ ਵੱਖਰੀ ਹੁੰਦੀ ਹੈ। ਇਕ ਔਰਤ ਹੋਣ ਦੇ ਨਾਤੇ ਮੈਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਆਓ! ਇਸ ਗੱਲ ਦਾ ਤਹੱਈਆ ਕਰੀਏ ਕਿ ਅਸੀਂ ਔਰਤ ਦਾ ਸਤਿਕਾਰ ਕਰਾਂਗੇ, ਉਸ ‘ਤੇ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਨਹੀਂ ਕਰਾਂਗੇ ਅਤੇ ਉਸ ਦੇ ਰਾਹ ‘ਚ ਰੋੜੇ ਨਹੀਂ ਅਟਕਾਵਾਂਗੇ।