ਰੇਲਾਂ ਦੇ ਬੰਦ ਹੋਣ ਨਾਲ ਹੁਣ ਮਹਿੰਗਾ ਹੋਇਆ ਪਿਆਜ਼ ਤੇ ਹੋਰ ਸਾਮਾਨ, ਸਰਕਾਰ ਟੱਸ ਤੋਂ ਮੱਸ ਨਾ ਹੋਈ

0
3133

ਚੰਡੀਗੜ੍ਹ . ਕਿਸਾਨਾਂ ਦੁਆਰਾ ਖੇਤੀਬਾੜੀ ਆਰਡੀਨੈਂਸ ਕਾਨੂੰਨਾਂ ਦਾ ਵਿਰੋਧ ਜਾਰੀ ਹੈ। ਰੇਲ ਰੋਕੋ ਅੰਦੋਲਨ ਕਾਰਨ ਸਾਰੀਆਂ ਰੇਲਾਂ ਦੀ ਆਵਜਾਈ ਠੱਪ ਹੈ।

ਖੇਤੀ ਕਾਨੂੰਨਾਂ ਖਿਲਾਫ ਪਟੜੀਆਂ ‘ਤੇ ਬੈਠੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਦੂਜੇ ਪਾਸੇ ਸਰਕਾਰ ਵੀ ਟੱਸ ਤੋਂ ਮੱਸ ਹੁੰਦੀ ਨਜ਼ਰ ਨਹੀਂ ਆ ਰਹੀ। ਕਿਸਾਨਾਂ ਵੱਲੋਂ ਜਾਰੀ ਰੇਲ ਰੋਕੋ ਅੰਦੇਲਨ ਕਰਕੇ ਫਿਰੋਜ਼ਪੁਰ ਡਵੀਜ਼ਨ ਤੋਂ ਚੱਲਣ ਵਾਲੀਆਂ 325 ਰੇਲ ਗੱਡੀਆਂ ਤੇ 650 ਮਾਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਮਾਲ ਗੱਡੀਆਂ ਰੱਦ ਹੋਣ ਕਾਰਨ ਪਿਆਜ਼, ਸੀਮੈਂਟ, ਯੂਰੀਆ, ਬਾਰਦਾਨਾ, ਪੈਟਰੋਲ ਤੇ ਡੀਜ਼ਲ ਜੋ ਬਾਹਰਲੇ ਸੂਬਿਆਂ ਤੋਂ ਆਉਂਦੇ ਸੀ, ਉਹ ਹੁਣ ਆਉਣਾ ਬੰਦ ਹੋ ਗਿਆ ਹੈ। ਸਟਾਕ ‘ਚ15 ਦਿਨ ਬਾਕੀ ਸਾਮਾਨ ਰਹਿਣ ਕਾਰਨ ਸੀਮੈਂਟ ਤੇ ਬਾਰਦਾਨੇ ਸਮੇਤ ਕੁਝ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚੋਂ ਅਨਾਜ, ਚਾਵਲ ਤੇ ਆਲੂ ਦੀ ਸਪਲਾਈ ਵੀ ਬਾਹਰ ਨਹੀਂ ਜਾ ਰਹੀ।

ਹਾਸਲ ਜਾਣਕਾਰੀ ਮੁਤਾਬਕ ਰੇਲਵੇ ਨੇ ਸਤੰਬਰ ਦੇ23 ਦਿਨਾਂ ਵਿੱਚ 1.76 ਮਿਲੀਅਨ ਟਨ ਭਾੜਾ ਲੋਡ ਕਰਕੇ 327 ਕਰੋੜ ਰੁਪਏ ਦੀ ਕਮਾਈ ਕੀਤੀ ਪਰ ਰੇਲ ਤੇ ਮਾਲ ਟ੍ਰੇਨਾਂ 24 ਸਤੰਬਰ ਤੋਂ ਬੰਦ ਹਨ। ਸਪੈਸ਼ਲ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਰੇਲਵੇ ਨੂੰ ਯਾਤਰੀਆਂ ਦੇ 14 ਦਿਨਾਂ ਦੇ ਰਿਫੰਡ 55 ਲੱਖ ਰੁਪਏ ਦੇਣੇ ਪਏ। ਦੱਸ ਦੇਈਏ ਕਿ ਰੇਲਵੇ ਨੇ ਵੱਖ-ਵੱਖ ਸੂਬਿਆਂ ਲਈ ਭਾੜੇ ਦੀਆਂ ਦਰਾਂ ਤੈਅ ਕੀਤੀਆਂ ਹਨ। ਜੰਮੂ-ਕਸ਼ਮੀਰ ਲਈ 10 ਤੋਂ 20 ਤੇ ਯੂਪੀ-ਬਿਹਾਰ ਲਈ 30 ਤੋਂ 40 ਲੱਖ ਰੁਪਏ।

ਉਧਰ ਦੂਜੇ ਪਾਸੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਦੀਆਂ 30 ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਨੂੰ 15 ਅਕਤੂਬਰ ਤੱਕ ਵਧਾ ਦਿੱਤਾ। ਕਿਸਾਨ 24 ਸਤੰਬਰ ਤੋਂ ਹੜਤਾਲ ‘ਤੇ ਹਨ। ਅਜਿਹੀ ਸਥਿਤੀ ਵਿੱਚ ਜਨਤਾ ਪ੍ਰਭਾਵਿਤ ਹੋਣ ਲੱਗੀ ਹੈ। ਇਸ ਵੇਲੇ ਪੰਜਾਬ ਵਿੱਚ ਕਰਤਾਰਪੁਰ, ਬਿਆਸ, ਭਗਤਵਾਲਾ, ਕਪੂਰਥਲਾ, ਸੁਲਤਾਨਪੁਰ, ਮੱਖੂ, ਨਕੋਦਰ, ਸ਼ਾਹਕੋਟ, ਮਲਸੀਆਂ, ਮੋਗਾ, ਫਗਵਾੜਾ, ਨਵਾਂ ਸ਼ਹਿਰ ਤੇ ਟਾਂਡਾ ਲੋਡਿੰਗ ਪੁਆਇੰਟ ਬੰਦ ਪਏ ਹਨ।

ਪਿਆਜ਼, ਸੀਮੈਂਟ, ਯੂਰੀਆ, ਬਰਦਾਨਾ ਦੂਜੇ ਸੂਬਿਆਂ ਤੋਂ ਆਉਂਦਾ ਹੈ। ਮਾਲ ਗੱਡੀਆਂ ਨਾ ਚਲਣ ਕਾਰਨ ਇਸ ਸਮੇਂ ਕੁਝ ਵੀ ਨਹੀਂ ਆ ਰਿਹਾ। ਸੀਮੈਂਟ ਦੀ ਦਰ ਵਿੱਚ ਹਰ ਹਫ਼ਤੇ 10 ਰੁਪਏ ਦਾ ਵਾਧਾ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ 15 ਰੁਪਏ ਦਾ ਵਾਧਾ ਹੋ ਸਕਦਾ ਹੈ। ਪਿਆਜ਼ ਦੇ ਰੇਟ ਵੀ ਦੁੱਗਣੇ ਹੋ ਗਏ ਹਨ। ਉਧਰ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਬਾਰਦਾਨੇ ਨੂੰ 15 ਰੁਪਏ ਵਿੱਚ ਖਰੀਦਿਆ ਸੀ ਤੇ ਹੁਣ 25 ਰੁਪਏ ਦੇਣੇ ਪੈਣਗੇ।

ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦਾ 15 ਦਿਨਾਂ ਦਾ ਸਟਾਕ ਰਹਿ ਗਿਆ ਹੈ। ਜੇ ਪ੍ਰਦਰਸ਼ਨ ਬੰਦ ਨਾ ਹੋਇਆ ਤਾਂ ਪੈਟਰੋਲ, ਡੀਜ਼ਲ ਨਾ ਆਉਣ ਨਾਲ ਸੰਕਟ ਪੈਦਾ ਹੋ ਸਕਦਾ ਹੈ। ਰੇਲਵੇ ਰਾਹੀਂ ਜ਼ਿਆਦਾਤਰ ਪੈਟਰੋਲ ਤੇ ਡੀਜ਼ਲ ਸਾਂਬਾ ਤੋਂ ਕਸ਼ਮੀਰ ਤੱਕ ਸਪਲਾਈ ਕੀਤਾ ਜਾਂਦਾ ਹੈ ਪਰ 14 ਦਿਨ ਤੋਂ ਕੋਈ ਰੈਕ ਨਹੀਂ ਆਇਆ। ਇਸ ਵੇਲੇ ਤੇਲ ਕੰਪਨੀਆਂ ਕੋਲ ਸਟਾਕ ਹੈ ਪਰ ਹਾਲਾਤ ਆਮ ਨਹੀਂ ਹੋਏ ਤਾਂ ਆਉਣ ਵਾਲੇ ਦਿਨਾਂ ਵਿਚ ਜੰਮੂ-ਕਸ਼ਮੀਰ ‘ਚ ਤੇਲ ਦੀ ਕਮੀ ਆ ਸਕਦੀ ਹੈ।