ਪੰਜਾਬ ਦੀ ਹਵਾਂ ਦਿੱਲੀ ਨਾਲੋਂ ਸਾਫ਼, ਫਿਰ ਪੰਜਾਬ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਦੋਸ਼ੀ ਕਿਉਂ ਬਣਾਇਆ ਜਾ ਰਿਹਾ ?

0
1300

ਚੰਡੀਗੜ੍ਹ | ਫਸਲਾਂ ਦੀ ਵਾਢੀ ਦੌਰਾਨ ਹਰ ਸੀਜ਼ਨ ‘ਚ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋਣ ਦਾ ਰੋਣਾ ਰੋਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੱਜਦਾ ਹੈ। ਇਸ ਲਈ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਪੰਜਾਬ ਦਾ ਏਕਿਊਆਰ ਹਰਿਆਣਾ-ਦਿੱਲੀ ਤੋਂ ਬਹੁਤ ਬਿਹਤਰ ਹੈ। ਭਾਵ ਪੰਜਾਬ ਦੀ ਆਬੋ-ਹਵਾ ਦਿੱਲੀ ਨਾਲੋਂ ਵਧੀਆ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਵਧ ਜਾਂਦਾ ਹੈ। ਸਿਰਫ ਦਿੱਲੀ ਦੇ ਸਟੇਸ਼ਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਅਕਤੂਬਰ ਮਹੀਨੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਤੇ ਹਰਿਆਣਾ ਵਿੱਚ ਔਸਤਨ AQI 26-26% ਤੇ 32-34% ਸੀ ਜੋ ਪੰਜਾਬ ਨਾਲੋਂ ਜ਼ਿਆਦਾ ਸੀ।

ਪੰਜਾਬ ਵਿੱਚ ਏਕਿਊਆਈ ਅਕਤੂਬਰ (2018-2020) ਵਿੱਚ 116 ਤੋਂ 153 ਰਿਹਾ। ਉਧਰ, ਦਿੱਲੀ (2019-2020) ਤੇ ਫਰੀਦਾਬਾਦ (2020) ਦੇ ਨੇੜੇ ਹਰਿਆਣਾ ਦੇ ਸਥਾਨਾਂ ਵਿੱਚ ਔਸਤਨ ਏਕਿਊਆਈ 203 ਤੋਂ 245 ਤੱਕ ਰਿਹਾ। ਇਸ ਸਮੇਂ ਦੌਰਾਨ ਦਿੱਲੀ ਦੀ ਏਕਿਊਆਈ 234 ਤੋਂ 269 ਤੱਕ ਰਿਹਾ।

ਪੰਜਾਬ ਦੇ ਸ਼ਹਿਰਾਂ ਦੇ ਏਕਿਊਆਈ ਵਿੱਚ 76 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਦਕਿ ਹਰਿਆਣਾ ਦੇ ਸਹਿਰਾਂ ਤੇ ਦਿੱਲੀ ਸਟੇਸ਼ਨਾਂ ਦੇ ਏਕਿਊਆਈ ਵਿੱਚ ਕ੍ਰਮਵਾਰ 107 ਪ੍ਰਤੀਸ਼ਤ ਤੇ 134 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੌਰਾਨ ਹਰਿਆਣਾ ਦਾ ਔਸਤਨ ਏਕਿਊਆਈ 80-90 ਪ੍ਰਤੀਸ਼ਤ ਰਿਹਾ, ਜੋ ਪੰਜਾਬ ਨਾਲੋਂ ਜ਼ਿਆਦਾ ਹੈ, ਜਦੋਂਕਿ ਦਿੱਲੀ ਦਾ ਔਸਤਨ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 100 ਪ੍ਰਤੀਸ਼ਤ ਤੋਂ ਵੱਧ ਰਿਹਾ।

ਹੁਣ ਸਵਾਲ ਉੱਠਦਾ ਹੈ ਕਿ ਜੇਕਰ ਪੰਜਾਬ ਦੀ ਆਬੋ-ਹਵਾ ਦਿੱਲੀ ਤੇ ਹਰਿਆਣਾ ਨਾਲੋਂ ਬਿਹਤਰ ਹੈ ਤਾਂ ਫਿਰ ਇੱਥੇ ਸਾੜੀ ਜਾਂਦੀ ਪਰਾਲੀ ਨਾਲ ਦੂਜੇ ਸੂਬਿਆਂ ਵਿੱਚ ਪ੍ਰਦੂਸ਼ਣ ਕਿਵੇਂ ਫੈਲਦਾ ਹੈ। ਇਸ ਨਾਲ ਇਹ ਵੀ ਸਵਾਲ ਉੱਠਦਾ ਹੈ ਕਿ ਗੁਆਂਢੀ ਸੂਬੇ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਪੰਜਾਬ ਦੇ ਪਾਲੇ ਵਿੱਚ ਗੇਂਦ ਰੇੜ੍ਹ ਰਹੇ ਹਨ।