ਐਂਬੂਲੈਂਸ ਨਾ ਮਿਲਣ ‘ਤੇ ਪਤਨੀ ਤੇ 6 ਸਾਲ ਦਾ ਬੱਚਾ ਪਿਤਾ ਨੂੰ ਠੇਲੇ ‘ਤੇ ਲੈ ਗਏ ਹਸਪਤਾਲ

0
443

ਮੱਧ ਪ੍ਰਦੇਸ਼ | ਭੋਪਾਲ ‘ਚ 6 ਸਾਲ ਦਾ ਬੱਚਾ ਆਪਣੇ ਬੀਮਾਰ ਪਿਤਾ ਨੂੰ ਠੇਲੇ ‘ਤੇ ਲੈ ਕੇ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਿਆ। ਮਾਮਲਾ ਸ਼ਨੀਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਕੁਝ ਲੋਕਾਂ ਨੇ ਲੜਕੇ ਨੂੰ ਆਪਣੀ ਮਾਂ ਨਾਲ ਠੇਲੇ ਨੂੰ ਧੱਕਾ ਦਿੰਦੇ ਦੇਖਿਆ ਅਤੇ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਘਟਨਾ ਸਿੰਗਰੌਲੀ ਜ਼ਿਲ੍ਹੇ ਦੇ ਬਲਿਆਰੀ ਕਸਬੇ ਦੀ ਹੈ।

ਸਿੰਗਰੌਲੀ ਦੇ ਵਧੀਕ ਕੁਲੈਕਟਰ ਡੀ.ਪੀ. ਬਰਮਨ ਨੇ ਪ੍ਰੈੱਸ ਨੂੰ ਦੱਸਿਆ, “ਪਤਾ ਲੱਗਾ ਹੈ ਕਿ ਐਂਬੂਲੈਂਸ ਨਾ ਮਿਲਣ ਕਾਰਨ ਪਤਨੀ ਅਤੇ ਮਾਸੂਮ ਪੁੱਤ ਨੂੰ ਠੇਲੇ ‘ਤੇ ਹਸਪਤਾਲ ਲਿਜਾਣਾ ਪਿਆ। ਮੁੱਖ ਮੈਡੀਕਲ ਅਫਸਰ ਅਤੇ ਸਿਵਲ ਸਰਜਨ ਨੂੰ ਐਂਬੂਲੈਂਸਾਂ ਦੀ ਅਣਹੋਂਦ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।

ਪੀੜਤ ਪਰਿਵਾਰ ਕਰੀਬ ਇਕ ਘੰਟੇ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਐਂਬੂਲੈਂਸ ਦੇ ਆਉਣ ‘ਚ ਦੇਰੀ ਹੋਣ ਕਾਰਨ ਬੱਚੇ ਨੂੰ ਆਪਣੇ ਪਿਤਾ ਨੂੰ ਠੇਲੇ ‘ਤੇ ਹਸਪਤਾਲ ਲੈ ਕੇ ਜਾਣਾ ਪਿਆ। ਵਾਇਰਲ ਵੀਡੀਓ ਵਿਚ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਪਹਿਨੇ ਇੱਕ ਲੜਕਾ ਠੇਲੇ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਤਿੰਨ ਕਿਲੋਮੀਟਰ ਤੱਕ ਠੇਲਾ ਚਲਾਇਆ। ਉਸਦੀ ਮਾਂ ਵੀ ਠੇਲੇ ਨੂੰ ਧੱਕਾ ਦੇ ਰਹੀ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਸਿੰਗਰੌਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸ਼ਨੀਵਾਰ ਸ਼ਾਮ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।