ਗੁਰਦਾਸਪੁਰ ‘ਚ ਸ਼ੂਗਰ ਮਿੱਲ ਨੂੰ ਲੱਗੀ ਭਿਆਨਕ ਅੱਗ, ਤੇਜ਼ ਹਨੇਰੀ ਕਾਰਨ ਵਾਪਰਿਆ ਹਾਦਾਸ

0
2776

ਗੁਰਦਾਸਪੁਰ | ਤੇਜ਼ ਹਨੇਰੀ ਕਾਰਨ ਦੇਰ ਰਾਤ ਗੁਰਦਾਸਪੁਰ ਦੇ ਪਿੰਡ ਪਨਿਆਰ ਵਿਚ ਇਕ ਸ਼ੂਗਰ ਮਿੱਲ ਵਿੱਚ ਅੱਗ ਲੱਗ ਗਈ। ਜਿਸ ਕਾਰਨ ਮਿੱਲ ਨੂੰ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ।

ਅੱਗ ਲੱਗਣ ਦਾ ਕਾਰਨ ਤੂਫਾਨ ਦੱਸਿਆ ਜਾ ਰਿਹਾ ਹੈ। ਸ਼ੂਗਰ ਮਿੱਲ ਪਨਿਆਰ ਦੇ ਜੀਐਮ ਸਰਬਜੀਤ ਹੁੰਦਲ ਨੇ ਦੱਸਿਆ ਕਿ ਦੇਰ ਰਾਤ ਤੂਫ਼ਾਨ ਕਾਰਨ ਸ਼ੂਗਰ ਮਿੱਲ ਪਨਿਆਰ ਵਿੱਚ ਅਚਾਨਕ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਕਾਰਨ ਹਫੜਾ-ਦਫੜੀ ਮਚ ਗਈ।

ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਰਹੀ ਕਿ ਅੱਗ ਅੰਦਰ ਨਹੀਂ ਪੁੱਜੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਬਾਹਰ ਪਈ ਲੱਕੜ ਸੜ ਗਈ, ਜਿਸ ਕਾਰਨ ਮਿੱਲ ਦਾ ਕਰੀਬ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੀਨਾਨਗਰ ਦੀ ਪੁਲਸ ਥਾਣਾ ਮੁਖੀ ਹਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚ ਗਈ ਅਤੇ ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀਆਂ 3 ਤੋਂ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ।