ਜਾਣੋਂ – ਲੌਕਡਾਊਨ ਦੌਰਾਨ ਭਾਰਤ ਨੂੰ ਕਿਹਨਾਂ ਨੁਕਸਾਨਾਂ ਦਾ ਸਾਹਮਣਾ ਕਰਨ ਪਿਆ, ਲੌਕਡਾਊਨ ਜ਼ਰੂਰੀ ਸੀ ਜਾਂ ਨਹੀਂ?

0
279

ਭਾਰਤ ‘ਚ ਪੰਜਾਂ ਦਿਨਾਂ ਤੋਂ ਰੋਜ਼ਾਨਾ ਲਾਗ ਦੇ 75 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ।

ਨਵੀਂ ਦਿੱਲੀ . ਮੌਜੂਦਾ ਸਮੇਂ ਵਿੱਚ ਕਿਸੇ ਵੀ ਹੋਰ ਦੂਜੇ ਦੇਸ਼ ਵਿੱਚ ਰੋਜ਼ਾਨਾ ਲਾਗ ਦੇ ਇੰਨੇ ਕੇਸ ਸਾਹਮਣੇ ਨਹੀਂ ਆ ਰਹੇ ਹਨ। ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਸੰਖਿਆ ਭਾਰਤ ਵਿੱਚ ਸਭ ਤੋਂ ਵਧੇਰੇ ਹੈ। ਹਾਲਾਂਕਿ ਹੁਣ ਵੀ ਲਾਗ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਵਿੱਚ ਹਨ ਅਤੇ ਦੂਜੇ ਨੰਬਰ ‘ਤੇ ਬ੍ਰਾਜ਼ੀਲ ਹੈ। ਲਾਗ ਦੇ ਕੁੱਲ ਮਾਮਲਿਆਂ ਦੇ ਲਿਹਾਜ਼ ਨਾਲ ਭਾਰਤ ਤੀਜੇ ਨੰਬਰ ‘ਤੇ ਹੈ। ਲੇਕਿਨ ਇੱਕ ਦਿਨ ਵਿੱਚ ਸਭ ਤੋਂ ਵਧੇਰੇ ਮਾਮਲਿਆਂ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਚੁੱਕਿਆ ਹੈ। ਸਿਰਫ਼ ਇਹੀ ਨਹੀਂ ਇੱਕ ਦਿਨ ਵਿੱਚ ਸਭ ਤੋਂ ਵਧੇਰੇ ਲਾਗ ਦੇ ਮਾਮਲੇ ਹੁਣ ਤੱਕ ਕਿਸੇ ਵੀ ਦੇਸ਼ ਵਿੱਚ ਭਾਰਤ ਦੇ ਅੰਕੜੇ ਭਾਰਤ ਦੇ ਬਰਾਬਰ ਨਹੀਂ ਪਹੁੰਚੇ ਹਨ। ਜਿਸ ਗਤੀ ਨਾਲ ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵਧ ਰਹੇ ਹਨ ਉਸ ਨਾਲ ਬਹੁਤ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲਾਗ ਦੇ ਕੁੱਲ ਮਾਮਲਿਆਂ ਵਿੱਚ ਵੀ ਭਾਰਤ ਪਹਿਲੇ ਨੰਬਰ ‘ਤੇ ਪਹੁੰਚ ਜਾਵੇ। ਭਾਰਤ ਵਿੱਚ ਲੌਕਡਾਊਨ ਵਿੱਚ ਛੂਟ ਦੇ ਨਾਲ ਹੀ ਲਾਗ ਦੇ ਮਾਮਲੇ ਵੀ ਲਗਾਤਾਰ ਵਧਣ ਲੱਗੇ ਹਨ। ਪਹਿਲੀ ਜੂਨ ਤੋਂ ਕੇਂਦਰ ਸਰਕਾਰ ਨੇ ਪਹਿਲੀ ਵਾਰ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੂਟ ਦੇਣ ਦੀ ਸ਼ੁਰੂਆਤ ਕੀਤੀ ਜਿਸ ਨੂੰ ਅਨਲੌਕ-1 ਕਿਹਾ ਗਿਆ। ਇਸ ਤੋਂ ਬਾਅਦ ਸੂਬਿਆਂ ਵਿੱਚ ਆਰਥਿਕ ਗਤੀਵਿਧੀਆਂ ਹੌਲੀ-ਹੌਲੀ ਸ਼ੁਰੂ ਹੋਈਆਂ। ਅਨਲੌਕ-1 ਤੋਂ ਹੀ ਲਾਗ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ। ਉਸ ਸਮੇਂ ਵੀ ਸਵਾਲ ਖੜ੍ਹਾ ਹੋਇਆ ਸੀ ਕਿ ਲੌਕਡਾਊਨ ਨਾਲ ਜੋ ਕੁਝ ਹਾਸਲ ਹੋਇਆ ਉਸ ਉੱਪਰ ਲੌਕਡਾਊਨ-1 ਨੇ ਪਾਣੀ ਫੇਰ ਦਿੱਤਾ?

ਜਦੋਂ ਪਹਿਲੀ ਵਾਰ 25 ਮਾਰਚ ਤੋਂ 21 ਦਿਨਾਂ ਦੇ ਲੌਕਡਾਊਨ ਦੀ ਮਿਆਦ ਖ਼ਤਮ ਹੋ ਰਹੀ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਜਾਨ ਅਤੇ ਜਹਾਨ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਚੁਣੌਤੀ ਸੀ। ਉਸੇ ਦੌਰਾਨ ਕੇਂਦਰ ਸਰਕਾਰ ਨੇ ਲੌਕਡਾਊਨ ਦੀ ਮਿਆਦ ਵਧਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਲੌਕਡਾਊਨ 14 ਅਪ੍ਰੈਲ ਤੋਂ ਵਧਾ ਕੇ ਤਿੰਨ ਮਈ ਤੱਕ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਲੌਕਡਾਊਨ ਦੀ ਮਿਆਦ ਵਧਦੀ ਰਹੀ ਅਤੇ ਆਖ਼ਰਕਾਰ ਪਹਿਲੀ ਜੂਨ ਤੋਂ ਲੌਕਡਾਊਨ ਦੀ ਸ਼ੁਰੂਆਤ ਹੋਈ। ਹੁਣ ਅਨਲੌਕਡਾਊਨ ਦੇ ਵੀ ਤਿੰਨ ਪੜਾਅ ਲੰਘ ਚੁੱਕੇ ਹਨ ਅਤੇ ਚੌਥੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸੇ ਦੌਰਾਨ ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੇ ਹਰ ਦਿਨ ਨਵੇਂ ਰਿਕਾਰਡ ਅੰਕੜੇ ਵੀ ਸਾਹਮਣੇ ਆ ਰਹੇ ਹਨ। ਤਾਂ ਕੀ ਇਨ੍ਹਾਂ ਅੰਕੜਿਆਂ ਦਾ ਮਤਲਬ ਇਹ ਕੱਢਿਆ ਜਾਵੇ ਕਿ ਭਾਰਤ ਵਿੱਚ ਲੌਕਡਾਊਨ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਇਆ ਹੈ?

ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੇ ਨਿਰਦੇਸ਼ਕ ਗਿਰਧਰ ਆਰ ਬਾਬੂ ਇਸ ਗੱਲ ਨਾਲ ਸਹਿਮਤੀ ਨਹੀਂ ਰਖਦੇ ਕਿ ਲੌਕਡਾਊਨ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ।

“ਅਜਿਹਾ ਨਹੀਂ ਸੀ ਕਿ ਲੌਕਡਾਊਨ ਦੇ ਕਾਰਨ ਲਾਗ ਦੇ ਮਾਮਲੇ ਪੂਰੀ ਤਰ੍ਹਾਂ ਨਾਲ ਗਾਇਬ ਹੋ ਜਾਣਗੇ। ਜਦੋਂ ਵੈਕਸੀਨ ਨਹੀਂ ਹੈ ਤਾਂ ਲਾਗ ਦੇ ਮਾਮਲੇ ਤਾਂ ਆਉਣਗੇ ਹੀ।” ਡਾਕਟਰ ਗਿਰਧਰ ਮੰਨਦੇ ਹਨ ਕਿ ਲੌਕਡਾਊਨ ਦੀ ਨਾਕਾਮੀ ਸਥਾਨਕ ਪ੍ਰਸ਼ਾਸਨ ਦੇ ਪੱਧਰ ‘ਤੇ ਹੈ। ਜਿਵੇਂ ਕਿ ਮੁੰਬਈ ਅਤੇ ਦਿੱਲੀ ਵਿੱਚ ਲੌਕਡਾਊਨ ਦੇ ਦੌਰਾਨ ਲਾਗ ਦੇ ਮਾਮਲੇ ਸਾਹਮਣੇ ਆਏ।

‘ਸਰਕਾਰ ਪਹਿਲਾਂ ਜਾਨ ਬਚਾਉਣੀ ਚਾਹੁੰਦੀ ਸੀ ਹੁਣ ਆਰਥਿਕਤਾ’

ਲੇਕਿਨ ਜੇਐੱਨਯੂ ਵਿੱਚ ਸੈਂਟਰ ਆਫ਼ ਸੋਸ਼ਲ ਮੈਡੀਸਨ ਐਂਡ ਕਮਿਊਨਿਟੀ ਹੈਲਥ ਦੀ ਚੇਅਰਪਰਸਨ ਡਾ. ਸੰਘਮਿਤਰਾ ਆਚਾਰੀਆ ਲੌਕਡਾਊਨ ਦੇ ਕਾਮਯਾਬ ਹੋਣ ਦੀ ਗੱਲ ਨਾਲ ਸਹਿਮਤੀ ਨਹੀਂ ਰਖਦੇ ਅਤੇ ਲੌਕਡਾਊਨ ਨੂੰ ਪੂਰੀ ਤਰ੍ਹਾਂ ਅਸਫ਼ਲ ਮੰਨਦੇ ਹਨ।

ਉਹ ਕਹਿੰਦੇ ਹਨ, “ਮੇਰੀ ਰਾਇ ਵਿੱਚ ਲੌਕਡਾਊਨ ਨੇ ਕੋਈ ਵੀ ਮੰਤਵ ਪੂਰਾ ਨਹੀਂ ਕੀਤਾ ਹੈ। ਸ਼ੁਰੂ ਵਿੱਚ ਇੰਨੇ ਸਖ਼ਤ ਲੌਕਡਾਊਨ ਦੀ ਲੋੜ ਨਹੀਂ ਸੀ। ਇਸ ਨੂੰ ਹੌਲੀ-ਹੌਲੀ ਕਰਨਾ ਚਾਹੀਦਾ ਸੀ। ਸ਼ੁਰੂ ਦੇ ਦੌਰ ਵਿੱਚ ਸਿਰਫ਼ ਹੌਟਸਪੌਟ ਵਿੱਚ ਉਸ ਪੱਧਰ ਦੀ ਸਖ਼ਤੀ ਕਰਨੀ ਚਾਹੀਦੀ ਸੀ ਨਾ ਕਿ ਪੂਰੇ ਦੇਸ਼ ਵਿੱਚ ਇੱਕੋ ਸਮੇਂ।“ “ਅਜਿਹਾ ਕਦੇ ਵੀ ਕਿਸੇ ਮਹਾਂਮਾਰੀ ਦੇ ਸਮੇਂ ਨਹੀਂ ਦੇਖਿਆ ਗਿਆ। ਹੁਣ ਜਦੋਂ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹੋਣ ਤਾਂ ਅਨਲੌਕ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਦਿਖ ਰਿਹਾ ਹੈ।” “ਪਹਿਲਾਂ ਕਿਹਾ ਗਿਆ ਕਿ ਅਸੀਂ ਲੋਕਾਂ ਦੀ ਜਾਨ ਬਚਾਉਣੀ ਹੈ ਅਤੇ ਹੁਣ ਉਸ ਲੌਕਡਾਊਨ ਨਾਲ ਜੋ ਸਮੱਸਿਆ ਪੈਦਾ ਹੋਈ ਤਾਂ ਉਸ ਤੋਂ ਬਾਅਦ ਕਹਿਣ ਲੱਗੇ ਕਿ ਲੋਕਾਂ ਦੀ ਰੋਜ਼ੀ-ਰੋਟੀ ਦੇ ਬਾਰੇ ਵੀ ਸੋਚਣਾ ਹੈ।”