ਅੰਨਦਾਤੇ ਬਾਰੇ ਕਿਉਂ ਨਹੀਂ ਬੋਲਦੀ ਬੀਬੀ ਬਾਦਲ
ਚੰਡੀਗੜ੍ਹ . ਝੋਨੇ ਤੇ ਹੋਰ ਫਸਲਾਂ ਦੇ ਘੱਟ ਮੁੱਲ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਲਾਰਿਆਂ ਵਿਚ ਰੱਖਿਆ ਜਾ ਰਿਹਾ ਹੈ। ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਹਨਾਂ ਲਾਰਿਆਂ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਅੰਨਦਾਤਾ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਫ਼ਸਲਾਂ ਦੀ ਲਾਗਤ ਉੱਪਰ ਕਿਸਾਨਾਂ ਨੂੰ 50 ਪ੍ਰਤੀਸ਼ਤ ਮੁਨਾਫ਼ੇ ਬਾਰੇ ਡਾ. ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਰੱਦੀ ਦੀ ਟੋਕਰੀ ‘ਚ ਸੁੱਟ ਕੇ ਮੋਦੀ ਸਰਕਾਰ ਬੇਸ਼ਰਮੀ ਨਾਲ ਝੂਠ ਬੋਲਣ ਲੱਗੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਨਵੀਆਂ ਕੀਮਤਾਂ ਦਾ ਐਲਾਨ ਕਰਨ ਮੌਕੇ ਇਹ ਦਾਅਵਾ ਕਰਨਾ, ਨਵੀਂ ਐਮ.ਐਸ.ਪੀ ਤੈਅ ਹੋਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਉੱਪਰ 50 ਤੋਂ 83 ਪ੍ਰਤੀਸ਼ਤ ਜ਼ਿਆਦਾ ਕੀਮਤ ਮਿਲੇਗੀ, ਬੜੀ ਢੀਠਤਾ ਨਾਲ ਬੋਲਿਆ ਗਿਆ ਕੋਰਾ ਝੂਠ ਹੈ। ਦੇਸ਼ ਦੇ ਅੰਨਦਾਤਾ ਨਾਲ ਅਜਿਹਾ ‘ਪਾਪ’ ਕਮਾਉਣ ਵਾਲੇ ਨਰਿੰਦਰ ਤੋਮਰ ਨੂੰ ਖੇਤੀਬਾੜੀ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ।
ਉਹਨਾਂ ਨੇ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ” ਇਹ ਦੇਸ਼ ਤੇ ਦੇਸ਼ ਦੇ ਅੰਨਦਾਤਾ ਦੀ ਬਦਕਿਸਮਤੀ ਹੈ ਕਿ ਤੁਹਾਡੇ ਵਰਗੇ ਅਸੰਵੇਦਨਸ਼ੀਲ ਲੀਡਰਾਂ ਹੱਥ ਕਿਰਸਾਨੀ ਦਾ ਭਵਿੱਖ ਤੈਅ ਕਰਨ ਦੀ ਜ਼ਿੰਮੇਵਾਰੀ ਲੱਗ ਗਈ ਹੈ। ਤੁਸੀਂ ਬੇਸ਼ੱਕ ਕਿੰਨੇ ਵੀ ਚੁਸਤ-ਚਲਾਕ ਕਿਉਂ ਨਾ ਹੋਵੋ, ਪ੍ਰੰਤੂ ਇੱਕ ਅਨਪੜ੍ਹ ਕਿਸਾਨ ਤੇ ਖੇਤ ਮਜ਼ਦੂਰ ਵੀ ਆਪਣੀ ਫ਼ਸਲ ‘ਤੇ ਹੋਏ ਕੁੱਲ ਖ਼ਰਚ ਤੇ ਆਮਦਨੀ ਦਾ ਹਿਸਾਬ-ਕਿਤਾਬ ਆਪਣੀਆਂ ਉਗਲਾਂ ‘ਤੇ ਹੀ ਤੁਹਾਡੇ ਪੜ੍ਹੇ ਲਿਖੇ ਗਵਾਰ ਮਾਹਿਰਾਂ ਨਾਲੋਂ ਜ਼ਿਆਦਾ ਤਰਕਸੰਗਤ ਅਤੇ ਵਧੀਆਂ ਕਰ ਲੈਂਦਾ ਹੈ। ਇਸ ਲਈ ਅੰਨਦਾਤਾ ਨੂੰ ਆਪਣੇ ਲੱਛੇਦਾਰ ਅੰਕੜਿਆਂ ਰਾਹੀਂ ਬੇਵਕੂਫ਼ ਬਣਾਉਣ ਦੀ ਨੀਚ ਕੋਸ਼ਿਸ਼ ਨਾ ਕਰੋ।”
ਮਾਨ ਨੇ ਮੋਦੀ ਸਰਕਾਰ ‘ਚ ਭਾਈਵਾਲ ਬਾਦਲ ਪਰਿਵਾਰ ਨੂੰ ਚੁਨੌਤੀ ਦਿੱਤੀ ਕਿ ਉਹ ਕੇਂਦਰ ਵੱਲੋਂ ਝੋਨੇ ਦੇ ਮੁੱਲ ‘ਚ ਕੀਤੇ 53 ਰੁਪਏ ਪ੍ਰਤੀ ਕਵਿੰਟਲ ਦੇ ਐਲਾਨ ਦਾ ਸਵਾਗਤ ਕਰਕੇ ਦਿਖਾਉਣ ਤੇ ਸਾਬਤ ਕਰਨ ਕਿ ਕੀ ਸੱਚਮੁੱਚ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਉੱਪਰ 50 ਤੋਂ 83 ਪ੍ਰਤੀਸ਼ਤ ਜ਼ਿਆਦਾ ਕੀਮਤ ਮਿਲੇਗੀ?