ਚੰਡੀਗੜ੍ਹ, 31 ਦਸੰਬਰ| ਪੰਜਾਬ ਵਿਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਠੰਡ ਦੇ ਨਾਲ-ਨਾਲ ਕੋਹਰੇ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੂਬੇ ਦੇ 11 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਤੇ ਠੰਡ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਦੀਆਂ 80 ਥਾਵਾਂ ‘ਤੇ ਜ਼ਿਆਦਾ ਸੰਘਣਾ ਕੋਹਰਾ ਰਹੇਗਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ ਤੇ ਘਰ ਤੋਂ ਬਾਹਰ ਨਿਕਲਦੇ ਹੀ ਚਿਹਰਾ ਢੱਕ ਲਓ ਤੇ ਗੱਡੀ ਦੀ ਫੌਗ ਲਾਈਟ ਦਾ ਇਸਤੇਮਾਲ ਕਰੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਹੋਵੇ।
ਸੂਬਾ ਸਰਕਾਰ ਨੇ ਕੋਹਰੇ ਤੇ ਸਰਦੀ ਕਾਰਨ ਸੁਵਿਧਾ ਕੇਂਦਰਾਂ ਦਾ ਸਮਾਂ ਬਦਲਿਆ ਹੈ। ਸੇਵਾ ਕੇਂਦਰ ਸਵੇਰੇ 9.30 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹਣਗੇ। ਫਿਲਹਾਲ ਇਹ ਬਦਲਾਅ 10 ਜਨਵਰੀ ਤੱਕ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ ਵਿਚ ਸੰਘਣੀ ਧੁੰਦ ਤੇ ਠੰਡ ਪੈਣ ਦੇ ਆਸਾਰ ਹਨ ਜਦੋਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਰਨਾਲਾ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ।
ਸਵੇਰ ਸਮੇਂ ਅੰਮ੍ਰਿਤਸਰ ਤੇ ਬਠਿੰਡਾ ਵਿਚ ਵਿਜ਼ੀਬਿਲਟੀ ਜ਼ੀਰੋ, ਪਟਿਆਲਾ ਵਿਚ ਸਿਰਫ 25 ਮੀਟਰ, ਲੁਧਿਆਣਾ ਤੇ ਆਦਮਪੁਰ ਵਿਚ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ 5 ਜਨਵਰੀ 2024 ਤੱਕ ਮੌਸਮ ਖੁਸ਼ਕ ਬਣਿਆ ਰਹੇਗਾ ਪਰ ਠੰਡ ਦਾ ਪ੍ਰਕੋਪ ਵਧੇਗਾ। ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 8.8, ਲੁਧਿਆਣਾ ‘ਚ 9.2, ਪਟਿਆਲਾ ‘ਚ 8.9, ਪਠਾਨਕੋਟ ‘ਚ 7.9, ਗੁਰਦਾਸਪੁਰ ‘ਚ 7.0 ਤੇ ਮੋਗਾ ‘ਚ 7.6 ਦਰਜ ਕੀਤਾ ਗਿਆ।